ਜ਼ਿਲ੍ਹਾ ਸਿੱਖਿਆ ਅਫ਼ਸਰ ਸਵੇਰੇ 8 ਵਜੇ ਸਕੂਲਾਂ ਵਿੱਚ ਜਾ ਕੇ ਆਪਣੀ ਲੋਕੇਸ਼ਨ  ਸਾਂਝੀ ਕਰਨਗੇ 

Punjab REGIONAL
By Admin

ਐੱਸ.ਏ.ਐੱਸ ਨਗਰ 20 ਅਗਸਤ(      ) ਸਿੱਖਿਆ ਵਿਭਾਗ ਪੰਜਾਬ ਵੱਲੋਂ ਮੁੱਖ ਦਫ਼ਤਰ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ,ਉਪ-ਜ਼ਿਲ੍ਹਾ ਸਿੱਖਿਆ ਅਫ਼ਸਰਾਂ ਅਤੇ ਜ਼ਿਲ੍ਹਾ ਸਿੱਖਿਆ ਸੁਧਾਰ ਟੀਮਾਂ ਨਾਲ਼ ਵੀਡੀਓ ਕਾਨਫਰੰਸਿੰਗ ਰਾਹੀਂ  ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸਿੱਖਿਆ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।

ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੀਟਿੰਗ ਵਿੱਚ ਸਿੱਖਿਆ ਸਕੱਤਰ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਕਿਹਾ ਕਿ ਉਹ ਸਵੇਰੇ 8 ਵਜੇ ਸਕੂਲਾਂ ਵਿੱਚ ਜਾ ਕੇ ਦੇਖ-ਰੇਖ ਕਰਦਿਆਂ ਆਪਣੀ ਲੋਕੇਸ਼ਨ ਵਿਭਾਗ ਦੇ ‘ਡੀ.ਪੀ.ਆਈ ਅਫ਼ਸਰ ਗਰੁੱਪ’ ਵਿੱਚ ਜ਼ਰੂਰ ਸਾਂਝੀ ਕਰਨ। ਉਹਨਾਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਕਿਹਾ ਕਿ ਉਹ ਆਪਣੇ ਦਫ਼ਤਰ ਵਿੱਚ ਕਿਸੇ ਇੱਕ ਕਮਰੇ/ਹਾਲ ਦੀ ਚੌਣ ਕਰਨ ਤਾਂ ਕਿ ਇਸ ਨੂੰ ਵੀਡਿਓ ਕਾਨਫਰੰਸਿਗ ਲਈ ਤਿਆਰ ਕੀਤਾ ਜਾ ਸਕੇ। ਇਸ ਮੌਕੇ ਉਹਨਾਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਪੈਡਿੰਗ ਏ.ਸੀ.ਪੀ ਕੇਸਾਂ, ਤਰਸ ਅਧਾਰਤ ਕੇਸਾਂ ਅਤੇ ਸੇਵਾ ਵਿੱਚ ਵਾਧੇ ਸੰਬੰਧੀ ਕੇਸਾਂ ਦਾ ਜ਼ਲਦ ਨਿਪਟਾਰਾ ਕਰਨ ਲਈ ਕਿਹਾ। ਉਹਨਾ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਤਰਸ ਅਧਾਰਤ ਕੇਸਾਂ ਵਿੱਚ ਮ੍ਰਿਤਕ ਕਰਮਚਾਰੀਆਂ ਦੇ ਆਸ਼ਰਿਤਾਂ ਤੱਕ ਖੁਦ ਪਹੁੰਚ ਕਰਕੇ ਕੇਸਾਂ ਨੂੰ ਜ਼ਲਦੀ ਨਿਪਟਾਉਣ। ਉਹਨਾਂ ਵਿਭਾਗ ਵੱਲੋਂ ਭੇਜੇ ਜਾ ਰਹੇ ਪੰਜਾਬੀ ਅਤੇ ਅੰਗਰੇਜ਼ੀ ਸ਼ਬਦਾਂ ਬਾਰੇ ਸਾਰਿਆਂ ਨੂੰ ਵਿਸ਼ੇਸ਼ ਧਿਆਨ ਦੇਣ ਬਾਰੇ ਵੀ ਪ੍ਰੇਰਿਤ ਕੀਤਾ।

ਇਸ ਮੌਕੇ ਸੰਬੋਧਨ ਕਰਦਿਆਂ ਇੰਦਰਜੀਤ ਸਿੰਘ ਡਾਇਰੈਕਟਰ ਐੱਸ.ਸੀ.ਈ.ਆਰ.ਟੀ. ਨੇ ਕਿਹਾ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਾਰੇ ਅਧਿਕਾਰੀ ਤੇ ਅਧਿਆਪਕ ਆਪਣਾ ਸੌ ਫੀਸ਼ਦੀ  ਯੋਗਦਾਨ ਪਾਉਣ ਤਾਂ ਕਿ ਉਹਨਾਂ ਦਾ ਆਉਣ ਵਾਲ਼ਾ ਭਵਿੱਖ ਰੌਸ਼ਨ ਹੋ ਸਕੇ।

ਇਸ ਮੌਕੇ ਸੰਬੋਧਨ ਕਰਦਿਆਂ ਡਾ.ਜਰਨੈਲ ਸਿੰਘ ਕਾਲੇਕੇ ਸਹਾਇਕ ਡਾਇਰੈਕਟਰ ਟ੍ਰੇਨਿੰਗਾਂ ਨੇ ਕਿਹਾ ਕਿ ਵਿਭਾਗ ਵੱਲੋਂ ਸਾਰੇ ਸਕੂਲ ਮੁਖੀਆਂ ਦੀ ਦੋ ਜਾਂ ਤਿੰਨ ਦਿਨ ਦੀ ਟ੍ਰੇਨਿੰਗ ਕਰਵਾਈ ਜਾਵੇਗੀ। ਉਹਨਾਂ ਦੱਸਿਆ ਕਿ ਛੇਵੀਂ ਕਲਾਸ ਤੋਂ ਦਸਵੀਂ ਕਲਾਸ ਤੱਕ ਦੀਆਂ ਅੰਗਰੇਜ਼ੀ ਦੀਆਂ ਕਿਤਾਬਾਂ ਦੇ ਪਾਠਾਂ ਦਾ ਪੰਜਾਬੀ ਵਿੱਚ ਅਨੁਵਾਦ ਕਰਨ ਲਈ ਸਾਰੇ ਡੀ.ਐੱਮ ਅੰਗਰੇਜ਼ੀ ਦੀ ਡਿਊਟੀ ਲਗਾਈ ਜਾਵੇਗੀ ਤਾਂ ਕਿ ਵਿਦਿਆਰਥੀਆਂ ਨੂੰ ਹਰ ਅਧਿਆਇ ਦੀ  ਚੰਗੀ ਤਰ੍ਹਾਂ ਸਮਝ ਪੈ ਸਕੇ।

ਇਸ ਮੌਕੇ ਸੁਰੇਖਾ ਠਾਕੁਰ ਏ.ਐਸ.ਪੀ.ਡੀ, ਬਿੰਦੂ ਗੁਲਾਟੀ ਸਹਾਇਕ ਡਾਇਰੈਕਟਰ ਐਸ.ਸੀ.ਈ.ਆਰ.ਟੀ, ਅਤੇ ਵਿਭਾਗ ਦੇ ਹੋਰ ਅਧਿਕਾਰੀ ਹਾਜ਼ਰ ਸਨ।

Leave a Reply