ਮਾਮਲਾ – ਸਿੱਖਿਆ ਮੰਤਰੀ ਦੀ ਭੱਦੀ ਸ਼ਬਦਾਵਲੀ ਦਾ /ਜਥੇਬੰਦੀਆਂ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ/ਮੀਟਿੰਗ ਉਪਰੰਤ ਫੂਕਿਆ ਮੰਤਰੀ ਦਾ ਪੁਤਲਾ/ਮੰਗਾਂ ਦਾ ਹੱਲ ਨਾ ਹੋਣ ‘ਤੇ ਵਾਰ ਵਾਰ ਘੇਰਾਂਗੇ ਸਿੱਖਿਆ ਮੰਤਰੀ ਨੂੰ- ਸਮਾਓਂ/ਦੀਪਕ

Punjab
By Admin

 

ਸੰਗਰੂਰ : ਪਿਛਲੇ ਤਿੰਨ ਮਹੀਨਿਆਂ ਤੋਂ ਰੁਜ਼ਗਾਰ ਲਈ ਸੰਘਰਸ਼ ਕਰ ਰਹੇ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਲਈ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਵੱਲੋਂ ਭੱਦੀ-ਸ਼ਬਦਾਵਲੀ ਵਰਤਣ ਦਾ ਪੰਜਾਬ ਭਰ ਦੀਆਂ ਕਿਸਾਨ, ਮਜ਼ਦੂਰ, ਨੌਜਵਾਨ, ਵਿਦਿਆਰਥੀ ਅਤੇ ਮੁਲਾਜ਼ਮ ਜਥੇਬੰਦੀਆਂ ਨੇ ਸਖ਼ਤ ਨੋਟਿਸ ਲਿਆ ਹੈ। ਸਿਟੀ ਪਾਰਕ, ਸੰਗਰੂਰ ਵਿਖੇ ਹੰਗਾਮੀ ਮੀਟਿੰਗ ਕਰਦਿਆਂ ਜਥੇਬੰਦੀਆਂ ਨੇ ਸਿੱਖਿਆ ਮੰਤਰੀ ਨੂੰ “ਗ਼ਾਲ਼-ਮੰਤਰੀ” ਐਲਾਨਿਆ, ਵੱਖ-ਵੱਖ ਆਗੂਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਇਸ ਕਾਰਜਕਾਲ ਦੌਰਾਨ ਤਿੰਨ ਸਾਲਾਂ ‘ਚ ਤਿੰਨ ਸਿੱਖਿਆ ਮੰਤਰੀ ਬਦਲੇ ਹਨ, ਤੀਜੇ ਸਿੱਖਿਆ ਮੰਤਰੀ ਵੀ ਸਿੱਖਿਆ ਮਸਲਿਆਂ ਨੂੰ ਹੱਲ ਕਰਨ ‘ਚ ਨਾਕਾਮਯਾਬ ਰਹੇ ਹਨ, ਜਿਸ ਕਰਕੇ ਹੁਣ ਉਹ ਹੰਕਾਰ-ਭਰੀ ਭੱਦੀ ਸ਼ਬਦਾਵਲੀ ‘ਤੇ ਉਤਰ ਆਏ ਹਨ। ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਨਿੱਕਾ ਸਿੰਘ ਸਮਾਓਂ, ਈਟੀਟੀ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਪ੍ਰਧਾਨ ਦੀਪਕ ਕੰਬੋਜ਼ ਨੇ ਕਿਹਾ ਕਿ ਮੰਤਰੀ ਦੀ ਸ਼ਬਦਾਵਲੀ ਪੰਜਾਬ ਦੀ ਸੰਘਰਸਸ਼ੀਲ ਨੌਜਵਾਨੀ ਲਈ ਵੰਗਾਰ ਹੈ, ਪੰਜਾਬ ਦੇ ਨੌਜਵਾਨ ਇਸਨੂੰ ਬਰਦਾਸ਼ਤ ਨਹੀਂ ਕਰਨਗੇ, ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਪੰਜਾਬ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਣਗੇ। ਮੀਟਿੰਗ ਦੌਰਾਨ ਫੈਸਲੇ ਕਰਦਿਆਂ 15 ਦਸੰਬਰ ਨੂੰ ਮੁੜ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦਾ ਫੈਸਲਾ ਲਿਆ ਗਿਆ, ਇਸਦੇ ਨਾਲ ਹੀ ਆਗੂਆਂ ਨੇ ਐਲਾਨ ਕੀਤਾ ਕਿ ਪਹਿਲਾਂ ਵਾਂਗ ਮੰਤਰੀ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਪੰਜਾਬ ਦੇ ਹੋਰਨਾਂ ਇਲਾਕਿਆਂ ‘ਚ ਜਾਣ ‘ਤੇ ਵੀ ਘਿਰਾਓ-ਪ੍ਰੋਗਰਾਮ ਜਾਰੀ ਰਹਿਣਗੇ। ਮੀਟਿੰਗ ਉਪਰੰਤ ਆਗੂਆਂ ਨੇ ਸਿੱਖਿਆ ਮੰਤਰੀ ਦਾ ਪੁਤਲਾ ਫੂਕਦਿਆਂ ਰੋਸ-ਜ਼ਾਹਰ ਕੀਤਾ। ਜਥੇਬੰਦੀਆਂ ਦੇ ਆਗੂਆਂ ਨੇ ਫਰੀਦਕੋਟ ਵਿਖੇ ਜਿਣਸੀ-ਸ਼ੋਸ਼ਣ ਪੀੜਤ ਡਾਕਟਰ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਕਰ ਰਹੇ ਲੋਕਾਂ ‘ਤੇ ਪਾਣੀ ਦੀਆਂ ਬੁਛਾੜਾਂ ਮਾਰਨ ਅਤੇ ਲਾਠੀਚਾਰਜ ਕਰਨ ਦੀ ਨਿਖੇਧੀ ਕੀਤੀ। ਇਸ ਦੌਰਾਨ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਆਗੂ ਕੁਲਦੀਪ ਸਿੰਘ, ਦਾਤਾ ਨਮੋਲ, ਮੇਘਰਾਜ, ਜਮਹੂਰੀ ਅਧਿਕਾਰ ਸਭਾ ਦੇ ਮਨਧੀਰ ਸਿੰਘ, ਵਿਸ਼ਵ ਕਾਂਤ, ਨੌਜਵਾਨ ਭਾਰਤ ਸਭਾ ਦੇ ਰੁਪਿੰਦਰ ਚੌਂਦਾ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਫਕੀਰ ਸਿੰਘ ਟਿੱਬਾ, ਭਾਰਤੀ ਕਿਸਾਨ ਯੂਨੀਅਨ-ਉਗਰਾਹਾਂ ਦੇ ਗੁਰਦੀਪ ਸਿੰਘ, ਅਧਿਆਪਕ ਸੰਘਰਸ਼ ਕਮੇਟੀ ਦੇ ਦੇਵੀ ਦਿਆਲ, ਤਰਕਸ਼ੀਲ ਆਗੂ ਪਰਮਵੇਦ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਧਰਮਪਾਲ ਸਿੰਘ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਬੱਗਾ ਸਿੰਘ, 6060 ਅਧਿਆਪਕ ਯੂਨੀਅਨ ਦੇ ਰਘਵੀਰ ਭਵਾਨੀਗੜ੍ਹ, ਪੰਜਾਬ ਸਟੂਡੈਂਟਸ ਯੂਨੀਅਨ ਦੇ ਸੁਖਦੀਪ ਹਥਨ, ਪੰਜਾਬ ਸਟੂਡੈਂਟਸ ਯੂਨੀਅਨ-ਲਲਕਾਰ ਦੇ ਜਸਵਿੰਦਰ, ਪੰਜਾਬ ਸਟੂਡੈਂਟਸ ਯੂਨੀਅਨ-ਰੰਧਾਵਾ ਦੇ ਹੁਸ਼ਿਆਰ ਸਿੰਘ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਰਜਿੰਦਰ ਸਿੰਘ, ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਰਸ਼ਪਿੰਦਰ ਜਿੰਮੀ, ਨੌਜਵਾਨ ਭਾਰਤ ਸਭਾ-ਪੰਜਾਬ ਦੇ ਪਰਗਟ ਕਾਲਾਝਾੜ, ਆਇਸਾ ਦੇ ਗੁਰਵਿੰਦਰ ਨੰਦਗੜ੍ਹ,

ਬੇਰੁਜ਼ਗਾਰ ਅਧਿਆਪਕ ਆਗੂ ਸੰਦੀਪ ਸਾਮਾ, ਦੀਪ ਬਨਾਰਸੀ, ਪਰਮਿੰਦਰ ਬਦੇਸ਼ਾ, ਅਜੀਤਪਾਲ ਸਿੰਘ ਨੇ ਪੰਜਾਬ ਸਰਕਾਰ ਦੀਆਂ ਜ਼ਬਰ ਦੀਆਂ ਚਾਲਾਂ ਨੂੰ ਲੋਕ ਘੋਲਾਂ ਰਾਹੀਂ ਠੱਲਣ ਦਾ ਸੱਦਾ ਦਿੱਤਾ।

Leave a Reply