ਸਿੱਖਿਆ ਵਿਭਾਗ ਨੇ ਸਟੇਟ ਰਿਸੋਰਸ ਪਰਸਨਜ਼ ਦੇ ਸਮੂਹ ਨੂੰ ਦਿੱਤੀ ਸਿਖਲਾਈ 

Punjab REGIONAL
By Admin

ਐੱਸ. ਏ. ਐੱਸ. ਨਗਰ 18ਜੁਲਾਈ(       )ਰਾਜ ਵਿੱਦਿਅਕ ਖ਼ੋਜ ਅਤੇ ਸਿਖਲਾਈ ਸੰਸਥਾ, ਪੰਜਾਬ ਵੱਲੋਂ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਪ੍ਰੋਜੈਕਟ ਅਧੀਨ ਗਿਆਰਵੀਂ ਅਤੇ ਬਾਰ੍ਹਵੀਂ ਜਮਾਤਾਂ ਦੇ ਹਿਊਮੈਨਟੀਜ਼ ਵਿਸ਼ੇ ਦੇ ਸਟੇਟ ਰਿਸੋਰਸ ਪਰਸਨਜ਼ ਦੀ ਮੁੱਖ ਦਫ਼ਤਰ ਦੇ ਕਾਨਫਰੰਸ ਹਾਲ ਵਿੱਚ  ਇੱਕ ਰੋਜ਼ਾ ਸਟੇਟ ਪੱਧਰੀ ਸਿਖਲਾਈ ਦਾ ਆਯੋਜਨ ਕੀਤਾ ਗਿਆ। ਇਸ ਸਿਖਲਾਈ ਵਰਕਸ਼ਾਪ ਵਿੱਚ ਅਰਥ ਸ਼ਾਸਤਰ, ਰਾਜਨੀਤੀ ਸ਼ਾਸਤਰ, ਇਤਿਹਾਸ ਅਤੇ ਭੂਗੋਲ ਵਿਸ਼ੇ ਦੇ 50 ਸਟੇਟ ਰਿਸੋਰਸ ਪਰਸਨਜ਼ ਨੇ ਭਾਗ ਲਿਆ।

ਸਿੱਖਿਆ ਵਿਭਾਗ ਦੇ ਬੁਲਾਰੇ ਨੇ  ਦੱਸਿਆ ਕਿ ਸਿਖਲਾਈ ਵਰਕਸ਼ਾਪ ਦਾ ਉਦੇਸ਼ ਇਹਨਾਂ ਵਿਸ਼ਿਆ ਦੀ ਸਿੱਖਣ-ਸਿਖਾਉਣ ਪ੍ਰਕ੍ਰਿਆ ਨੂੰ ਕਿਰਿਆਵਾਂ ਅਧਾਰਿਤ ਬਣਾਉਣਾ ਹੈ। ਇਸ ਸਿਖਲਾਈ ਵਰਕਸ਼ਾਪ ਵਿੱਚ ਇਹਨਾਂ ਵਿਸ਼ਿਆਂ ਦੇ ਸਿੱਖਣ ਨੂੰ ਰੋਚਕ ਤੇ ਪ੍ਰਭਾਵਸ਼ਾਲੀ ਬਣਾਉਣ ਲਈ ਇਹਨਾਂ ਵਿਸ਼ਿਆਂ ਦੇ ਮਡਿਊਲ ਤੇ ਪਾਵਰ ਪੁਆਇੰਟ ਪੇਸ਼ਕਾਰੀ ਲਈ ਤਿਆਰ ਕੀਤੇ ਗਏ। ਇਹ ਸਟੇਟ ਰਿਸੋਰਸ ਪਰਸਨਜ਼ ਇਹਨਾਂ ਵਿਸ਼ਿਆਂ ਨਾਲ ਸਬੰਧਤ 2641 ਲੈਕਚਰਾਰਾਂ ਦੇ ਅਧਿਆਪਨ ਨੂੰ ਕਿਰਿਆਵਾਂ ਅਧਾਰਿਤ ਕਰਨ ਲਈ ਉਹਨਾਂ ਨੂੰ ਸਿਖਲਾਈ ਪ੍ਰਦਾਨ ਕਰਨਗੇ।

ਇਸ ਸਿਖਲਾਈ ਵਰਕਸ਼ਾਪ ਵਿੱਚ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਸੰਸਥਾ ਦੇ ਡਾਇਰੈਕਟਰ ਇੰਦਰਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਧਿਆਪਕ ਦਾ ਸਮਾਜ ਵਿੱਚ ਵਿਸ਼ੇਸ਼ ਸਥਾਨ ਹੈ। ਉਹ ਆਪਣੇ ਆਪ ਵਿੱਚ ਇੱਕ ਸੰਸਥਾ ਹੈ। ਉਹ ਵਿਦਿਆਰਥੀਆਂ ਦਾ ਰੋਲ ਮਾਡਲ ਹੈ। ਇਸ ਲਈ ਚੰਗੇ ਸਮਾਜ ਦੀ ਸਿਰਜਣਾ ਲਈ ਅਧਿਆਪਕ ਉਸਾਰੂ ਭੂਮਿਕਾ ਨਿਭਾਉਂਦਾ ਹੈ। ਉਹਨਾਂ ਨੇ ਸਾਰੇ ਰਿਸੋਰਸ ਪਰਸਨਜ਼ ਨੂੰ ਪ੍ਰੇਰਨਾ ਦਿੰਦਿਆਂ ਕਿਹਾ ਕਿ ਉਹ ਵਧ ਚੜ੍ਹ ਕੇ ਇਮਾਨਦਾਰੀ ਨਾਲ ਵਿਭਾਗ ਵੱਲੋਂ ਸੌਂਪਿਆ ਕਾਰਜ ਪੂਰਾ ਕਰਨ ਤਾਂ ਕਿ ਅੱਛੇ ਵਿਦਿਆਰਥੀ ਪੈਦਾ ਕੀਤੇ ਜਾ ਸਕਣ। ਇਸ ਮੌਕੇ ਜਾਣਕਾਰੀ ਦਿੰਦਿਆਂ ਸਹਾਇਕ ਡਾਇਰੈਕਟਰ ਬਿੰਦੂ ਗੁਲਾਟੀ ਨੇ ਦੱਸਿਆ ਕਿ ਇਹ ਸਿਖਲਾਈ ਇਹਨਾਂ ਵਿਸ਼ਿਆਂ ਲਈ ਬਹੁਤ ਹੀ ਉਪਯੋਗੀ ਸਾਬਿਤ ਹੋਵੇਗੀ ਅਤੇ ਵਿਦਿਆਰਥੀ ਇਹਨਾਂ ਵਧੀਆ ਤੇ ਆਕਰਸ਼ਕ ਵਿਧੀਆਂ ਰਾਹੀਂ ਇਹਨਾਂ ਵਿਸ਼ਿਆਂ ਨੂੰ ਵਧੇਰੇ ਚੰਗੀ ਤਰ੍ਹਾਂ ਸਮਝ ਸਕਣਗੇ।

Leave a Reply