ਨਸ਼ਾ ਤਸਕਰ 10 ਲੱਖ ਦੀ ਨਗ਼ਦੀ, ਸੋਨਾ ਤੇ ਹੈਰੋਇਨ ਸਮੇਤ ਕਾਬੂ

Punjab

 

 

ਪਟਿਆਲਾ ਪੁਲਿਸ ਨੂੰ ਨਸ਼ਿਆਂ ਦੀ ਤਸਕਰੀ ਰੋਕਣ ‘ਚ ਮਿਲੀ ਵੱਡੀ ਕਾਮਯਾਬੀ

-ਤੇਜੀ ਨਾਲ ਵਿੱਤੀ ਜਾਂਚ ਕਰਕੇ 24 ਘੰਟਿਆਂ ‘ਚ ਹੀ 66.75 ਲੱਖ ਰੁਪਏ ਦੇ ਬੈਂਕ ਖਾਤੇ ਕੀਤੇ ਸੀਲ-ਸਿੱਧੂ

-ਨਸ਼ਾ ਤਸਕਰਾਂ ਨੂੰ ਕਾਲੇ ਕਾਰੋਬਾਰ ਤੁਰੰਤ ਬੰਦ ਕਰਨ ਦਾ ਸਖ਼ਤ ਸੁਨੇਹਾ

ਪਟਿਆਲਾ 18 ਜੁਲਾਈ:

ਪਟਿਆਲਾ ਪੁਲਿਸ ਨੇ ਨਸ਼ਿਆਂ ਦੀ ਤਸਕਰੀ ਰੋਕਣ ‘ਚ ਵੱਡੀ ਕਾਮਯਾਬੀ ਹਾਸਲ ਕਰਦਿਆਂ ਇੱਕ ਭਗੌੜੇ ਤਸਕਰ ਨੂੰ ਗ੍ਰਿਫ਼ਤਾਰ ਤਾਂ ਕੀਤਾ ਹੀ ਸਗੋਂ ਇਸ ਮਾਮਲੇ ‘ਚ ਪੰਜਾਬ ਅੰਦਰ ਸਭ ਤੋਂ ਤੇਜ ਵਿੱਤੀ ਜਾਂਚ ਕਰਕੇ 24 ਘੰਟਿਆਂ ਦੇ ਅੰਦਰ-ਅੰਦਰ ਹੀ ਇਸ ਨਸ਼ਾ ਤਸਕਰ ਵੱਲੋਂ ਨਸ਼ਿਆਂ ਨਾਲ ਬਣਾਈ ਇੱਕ ਕਰੋੜ ਰੁਪਏ ਤੋਂ ਵੀ ਵਧੇਰੇ ਦੀ ਜਾਇਦਾਦ ਤੇ ਨਗ਼ਦੀ ਜ਼ਬਤ ਕਰਨ ਦੀ ਕਾਰਵਾਈ ਵੀ ਅਮਲ ‘ਚ ਲਿਆਂਦੀ ਹੈ। ਇਹ ਜਾਣਕਾਰੀ ਐਸ.ਐਸ.ਪੀ. ਪਟਿਆਲਾ ਸ. ਮਨਦੀਪ ਸਿੰਘ ਸਿੱਧੂ ਨੇ ਅੱਜ ਪੁਲਿਸ ਲਾਇਨ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਕਾਰਵਾਈ ਨਾਲ ਪਟਿਆਲਾ ਪੁਲਿਸ ਨੇ ਨਸ਼ਾ ਤਸਕਰਾਂ ਨੂੰ ਨਸ਼ਿਆਂ ਦੇ ਕਾਲੇ ਕਾਰੋਬਾਰ ਤੁਰੰਤ ਬੰਦ ਕਰਨ ਦਾ ਸਖ਼ਤ ਸੁਨੇਹਾ ਵੀ ਦਿੱਤਾ ਹੈ।

ਸ. ਸਿੱਧੂ ਨੇ ਦੱਸਿਆ ਕਿ ਐਸ.ਪੀ. (ਜਾਂਚ) ਹਰਮੀਤ ਸਿੰਘ ਹੁੰਦਲ, ਡੀ.ਐਸ.ਪੀ. (ਮੇਜਰ ਕਰਾਇਮ) ਸ. ਜਸਪ੍ਰੀਤ ਸਿੰਘ ਦੀ ਅਗਵਾਈ ਹੇਠ ਸੀ.ਆਈ.ਏ. ਪਟਿਆਲਾ ਦੇ ਮੁਖੀ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਟੀਮ ਨੇ ਨਵਜੋਤ ਸਿੰਘ ਨੰਨੂ ਪੁੱਤਰ ਬੁੱਧ ਰਾਮ ਵਾਸੀ ਬਾਜੀਗਰ ਬਸਤੀ ਧੂਰੀ ਨੂੰ 16 ਜੁਲਾਈ ਨੂੰ ਗ੍ਰਿਫ਼ਤਾਰ ਕਰਕੇ ਇਸ ਕੋਲੋਂ 100 ਗ੍ਰਾਮ  ਹੈਰੋਇਨ  , 1030 ਏ.ਐਨ.ਐਕਸ-05 ਨਸ਼ੀਲੀਆਂ ਗੋਲੀਆਂ, ਸਵਾ ਤਿੰਨ ਲੱਖ ਰੁਪਏ ਦੀ ਨਗ਼ਦੀ ਅਤੇ 10 ਗ੍ਰਾਮ ਸੋਨੇ ਦੇ ਗਹਿਣੇ ਬਰਾਮਦ ਕੀਤੇ ਹਨ। ਇਸ ਤੋਂ ਬਿਨ੍ਹਾਂ ਇਸ ਦੀ ਬਰਾਮਦ ਹੋਈ ਇੱਕ ਡਾਇਰੀ ਤੋਂ ਹੋਰ ਨਸ਼ਾ ਤਸਕਰਾਂ ਤੇ ਨਸ਼ਾ ਖਰੀਦਣ ਵਾਲਿਆਂ ਦੇ ਵੇਰਵੇ ਵੀ ਮਿਲੇ ਹਨ। ਇਹ ਨਸ਼ਾ ਤਸਕਰ ਦਿੱਲੀ ਸਥਿਤ ਨਸ਼ਾ ਸਪਲਾਇਰ ਨੀਗਰੋਜ ਤੋਂ ਲਿਆਂਦੀ ਹੈਰੋਇਨ ਦਾ ਸੰਗਰੂਰ ਤੇ ਪਟਿਆਲਾ ਜ਼ਿਲ੍ਹਿਆਂ ‘ਚ ਮੁੱਖ ਸਪਲਾਈ ਕਰਤਾ ਸੀ, ਇਸ ਦਾ 22 ਜੁਲਾਈ ਤੱਕ ਪੁਲਿਸ ਰੀਮਾਂਡ ਲੈ ਲਿਆ ਗਿਆ ਹੈ।

ਐਸ.ਐਸ.ਪੀ. ਨੇ ਦੱਸਿਆ ਕਿ 2011 ਤੋਂ ਨਸ਼ਾ ਤਸਕਰੀ ਦੇ ਕਾਲੇ ਕਾਰੋਬਾਰ ‘ਚ ਲੱਗੇ 9ਵੀਂ ਪਾਸ 29 ਸਾਲਾ ਇਸ ਨਸ਼ਾ ਤਸਕਰ ਵਿਰੁੱਧ 5 ਮਾਮਲੇ ਦਰਜ ਸਨ ਅਤੇ ਇਸ ਕੋਲ ਨਾ ਹੀ ਕੋਈ ਆਮਦਨ ਦਾ ਕੋਈ ਹੋਰ ਸਾਧਨ ਅਤੇ ਨਾ ਹੀ ਪੈਨ ਕਾਰਡ ਸੀ ਪਰੰਤੂ ਇਸਦੇ ਅਤੇ ਇਸਦੀ ਪਤਨੀ ਸਮੇਤ ਹੋਰ ਪਰਿਵਾਰਕ ਮੈਂਬਰਾਂ ਦੇ ਧੂਰੀ, ਨਾਭਾ, ਪਟਿਆਲਾ, ਪਿੰਡ ਕਲਿਆਣ ਅਤੇ ਚੰਡੀਗੜ੍ਹ ਦੇ ਵੱਖ-ਵੱਖ 13 ਬੈਂਕ ਖਾਤਿਆਂ ‘ਚੋਂ ਲੱਖਾਂ ਰੁਪਏ ਦੀ ਨਗ਼ਦੀ ਮਿਲੀ, ਇਨ੍ਹਾਂ ਖਾਤਿਆਂ ਨੂੰ ਸੀਲ ਕਰਵਾ ਦਿੱਤਾ ਗਿਆ ਹੈ। ਜਦੋਂਕਿ ਇਸ ਕੋਲੋਂ 30 ਲੱਖ ਰੁਪਏ ਦੀ ਕੀਮਤ ਵਾਲੇ 1 ਪਲਾਟ ਦੇ ਦਸਤਾਵੇਜ ਵੀ ਬਰਾਮਦ ਹੋਏ ਹਨ। ਇਸ ਦੀ 1 ਕਰੋੜ ਰੁਪਏ ਤੋਂ ਵੱਧ ਦੀ ਸਾਰੀ ਚੱਲ ਤੇ ਅਚੱਲ ਜਾਇਦਾਦ, ਸਵਿਫ਼ਟ ਕਾਰ ਨੂੰ ਜ਼ਬਤ ਕਰਕੇ ਸਰਕਾਰ ਦੇ ਖ਼ਜ਼ਾਨੇ ਵਿੱਚ ਜਮ੍ਹਾਂ ਕਰਵਾਇਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਸ ਦੀ ਪਤਨੀ ਸੀਮਾ ਇਸਦੇ ਗ੍ਰਿਫ਼ਤਾਰ ਹੋਣ ਮਗਰੋਂ ਆਪਣੇ ਖਾਤੇ ‘ਚ ਪਏ 60.75 ਲੱਖ ਰੁਪਏ ਤੇ ਐਫ.ਡੀਜ ਤੁੜਵਾ ਕੇ ਕਢਵਾਉਣ ਦੀ ਤਾਕ ਵਿੱਚ ਸੀ ਪਰੰਤੂ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਤੇ ਬੈਂਕ ਖਾਤੇ ਸੀਲ ਕੀਤੇ ਜਦੋਂਕਿ ਇਸਦਾ ਇੱਕ ਬੈਂਕ ਲਾਕਰ ਵੀ ਮਿਲਿਆ ਹੈ, ਜਿਸ ਨੂੰ ਅਦਾਲਤੀ ਮਨਜੂਰੀ ਤੋਂ ਬਾਅਦ ਖੁਲ੍ਹਵਾਇਆ ਜਾਵੇਗਾ ਅਤੇ ਇਸ ਦੀ ਪਤਨੀ ਨੂੰ ਵੀ ਇਸ ਕੇਸ ‘ਚ ਨਾਮਜ਼ਦ ਕੀਤਾ ਜਾਵੇਗਾ।

ਸ. ਸਿੱਧੂ ਨੇ ਹੋਰ ਦੱਸਿਆ ਕਿ ਨਵਜੋਤ ਸਿੰਘ ਨੰਨੂ ਵਿਰੁੱਧ ਮੁਕਦਮਾ ਨੰਬਰ 46 ਮਿਤੀ 16/07/2019 ਅਧੀਨ ਧਾਰਾ 22,21,61,85 ਐਨ.ਡੀ.ਪੀ.ਐਸ. ਐਕਟ, ਥਾਣਾ ਬਖ਼ਸ਼ੀਵਾਲਾ ਵਿਖੇ ਦਰਜ ਕੀਤਾ ਗਿਆ ਹੈ। ਇਸ ਨੂੰ ਸਪੈਸ਼ਲ ਨਾਕਾਬੰਦੀ ਮੌਕੇ ਗ੍ਰਿਫ਼ਤਾਰ ਕਰਨ ਸਮੇਂ ਇਸ ਕੋਲੋਂ ਇੱਕ ਮੋਟਰਸਾਇਕਲ ਵੀ ਬਰਾਮਦ ਹੋਇਆ ਪਰੰਤੂ ਇਹ ਆਪਣਾ ਕਾਲਾ ਕਾਰੋਬਾਰ ਆਪਣੀ ਕਾਰ ‘ਚ ਕਰਦਾ ਸੀ। ਉਨ੍ਹਾਂ ਦੱਸਿਆ ਕਿ ਦਿੱਲੀ ਸਥਿਤ ਜਿਸ ਵਿਦੇਸ਼ੀ ਮੁੱਖ ਸਪਲਾਇਰ ਤੋਂ ਇਹ ਹੈਰੋਇਨ ਲਿਆਂਉਂਦਾ ਸੀ, ਉਸਦੀ ਪੈੜ ਨੱਪਣ ਲਈ ਪੁਲਿਸ ਮੁੱਖ ਦਫ਼ਤਰ ਨਾਲ ਰਾਬਤਾ ਸਾਧਿਆ ਗਿਆ ਹੈ।

By Admin

Leave a Reply