ਗੁਰੂ ਰਵਿਦਾਸ ਮੰਦਰ- ਕੂੜ ਪ੍ਰਚਾਰ ਵਿਰੁੱਧ ਬਾਦਲ ਦਲ ‘ਤੇ ਮੁਕੱਦਮਾ ਠੋਕੇਗੀ ‘ਆਪ’ ਪੰਜਾਬ

Punjab
By Admin

ਬਾਦਲ ਦੇ ਵਿਧਾਇਕਾਂ ਨੇ ਭਾਜਪਾ ਦੀ ਥਾਂ ਕੇਜਰੀਵਾਲ ਨੂੰ ਦੱਸਿਆ ਸੀ ਜ਼ਿੰਮੇਵਾਰ
ਬਿਆਨ ਵਾਪਸ ਲੈਣ ਆਕਲੀ ਜਾਂ ਫਿਰ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ
‘ਆਪ’ ਵਿਧਾਇਕਾਂ ਦਾ ਅਕਾਲੀ-ਭਾਜਪਾ ‘ਤੇ ਪਲਟਵਾਰ

ਚੰਡੀਗੜ੍ਹ, 12 ਅਗਸਤ
ਦਿੱਲੀ ਦੇ ਤੁਗਲਕਾਬਾਦ ਇਲਾਕੇ ‘ਚ ਸ੍ਰੀ ਗੁਰੂ ਰਵਿਦਾਸ ਜੀ ਨੂੰ ਸਮਰਪਿਤ ਸੈਂਕੜੇ ਸਾਲ ਪੁਰਾਣੇ ਇਤਿਹਾਸਕ ਮੰਦਰ ਨੂੰ ਦਿੱਲੀ ‘ਚ ਭਾਜਪਾ ਦੀ ਅਗਵਾਈ ਵਾਲੀ ਦਿੱਲੀ ਵਿਕਾਸ ਅਥਾਰਿਟੀ (ਡੀਡੀਏ) ਵੱਲੋਂ ਲੰਘੀ 10 ਅਗਸਤ ਨੂੰ ਭਾਰੀ ਪੁਲਸ ਫੋਰਸ ਦੀ ਮਦਦ ਨਾਲ ਤੋੜ ਦਿੱਤੇ ਜਾਣ ਬਾਰੇ ਅਕਾਲੀ ਦਲ (ਬਾਦਲ) ‘ਤੇ ਗ਼ਲਤ ਅਤੇ ਝੂਠਾ ਪ੍ਰਚਾਰ ਕਰਨ ਦੇ ਦੋਸ਼ ਲਗਾਉਂਦੇ ਹੋਏ ਆਮ ਆਦਮੀ ਪਾਰਟੀ (ਆਪ) ਪੰਜਾਬ ਬਾਦਲ ਦਲ ਦੇ ਵਿਧਾਇਕਾਂ ‘ਤੇ ਮੁਕੱਦਮਾ ਠੋਕੇਗੀ।
‘ਆਪ’ ਹੈੱਡਕੁਆਟਰ ਵੱਲੋਂ ਜਾਰੀ ਬਿਆਨ ਰਾਹੀਂ ਪਾਰਟੀ ਦੀ ਕੋਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ, ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ, ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ, ਜੈ ਕਿਸ਼ਨ ਸਿੰਘ ਰੋੜੀ, ਐਸ.ਸੀ ਵਿੰਗ ਦੇ ਪ੍ਰਧਾਨ ਮਨਜੀਤ ਸਿੰਘ ਬਿਲਾਸਪੁਰ ਅਤੇ ਸਹਿ-ਪ੍ਰਧਾਨ ਕੁਲਵੰਤ ਸਿੰਘ ਪੰਡੋਰੀ (ਸਾਰੇ ਵਿਧਾਇਕ), ਸੀਨੀਅਰ ਆਗੂ ਜਸਟਿਸ ਜੋਰਾ ਸਿੰਘ ਅਤੇ ਜਲੰਧਰ ਤੋਂ ਜ਼ਿਲ੍ਹਾ ਪ੍ਰਧਾਨ ਡਾ. ਸ਼ਿਵ ਦਿਆਲ ਮਾਲੀ ਨੇ ਸਪਸ਼ਟ ਕੀਤਾ ਕਿ ਸ੍ਰੀ ਰਵਿਦਾਸ ਮੰਦਰ ਢਾਹੁਣ ‘ਚ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੀ ਕੋਈ ਭੂਮਿਕਾ ਨਹੀਂ, ਕਿਉਂਕਿ ਡੀਡੀਏ ‘ਤੇ ਸਿੱਧਾ ਕੰਟਰੋਲ ਕੇਂਦਰੀ ਦੀ ਭਾਜਪਾ ਸਰਕਾਰ ਦਾ ਹੈ, ਜਿਸ ਦਾ ਹਿੱਸਾ ਅਕਾਲੀ ਦਲ ਬਾਦਲ ਵੀ ਹੈ। ਇਸ ਲਈ ਮੰਦਰ ਢਾਹੁਣ ਲਈ ਭਾਜਪਾ ਅਤੇ ਬਾਦਲ ਦਲ ਜ਼ਿੰਮੇਵਾਰ ਹਨ। ਇਸ ਗੁਨਾਹ ਦਾ ਖ਼ਮਿਆਜ਼ਾ ਦੋਵਾਂ ਨੂੰ ਭੁਗਤਣਾ ਪਵੇਗਾ।
‘ਆਪ’ ਆਗੂਆਂ ਨੇ ਕਿਹਾ ਕਿ ਪੂਰਾ ਦੇਸ਼ ਜਾਣਦਾ ਹੈ ਕਿ ਦਿੱਲੀ ‘ਚ ਜ਼ਮੀਨੀ ਮਾਮਲਿਆਂ, ਪੁਲਸ ਅਤੇ ਕਾਨੂੰਨ ਵਿਵਸਥਾ ਅਤੇ ਸਰਕਾਰੀ ਨੌਕਰੀਆਂ ‘ਚ ਬਦਲੀਆਂ ਤੇ ਤੈਨਾਤੀਆਂ ਦੇ ਮਾਮਲਿਆਂ ਦਾ ਪੂਰਨ ਅਧਿਕਾਰ ਕੇਂਦਰ ਦੀ ਮੋਦੀ ਸਰਕਾਰ ਕੋਲ ਹੈ ਅਤੇ ਕੇਜਰੀਵਾਲ ਸਰਕਾਰ ਚਾਹ ਕੇ ਵੀ ਇਨ੍ਹਾਂ ਮਾਮਲਿਆਂ ‘ਚ ਕੁੱਝ ਨਹੀਂ ਕਰ ਸਕਦੀ, ਇਸ ਲਈ ਕੇਜਰੀਵਾਲ ਸਰਕਾਰ ਦਿੱਲੀ ਨੂੰ ਪੂਰਨ ਰਾਜ ਬਣਾਉਣ ਦੀ ਮੰਗ ਕਰ ਰਹੀ ਹੈ।
‘ਆਪ’ ਆਗੂਆਂ ਨੇ ਕਿਹਾ ਕਿ ਮੰਦਰ ਢਾਹੇ ਜਾਣ ਉਪਰੰਤ ਅੱਜ ਘੜਿਆਲੀ ਹੰਝੂ ਵਹਾ ਰਹੇ ਅਕਾਲੀ ਵਿਧਾਇਕ ਪਵਨ ਟੀਨੂੰ, ਬਲਦੇਵ ਸਿੰਘ ਖਹਿਰਾ, ਡਾ. ਸੁਖਵਿੰਦਰ ਸੁੱਖੀ ਅਤੇ ਸਾਬਕਾ ਮੰਤਰੀ ਸੋਹਣ ਸਿੰਘ ਢੰਡਲ ਇਸ ਮਾਮਲੇ ਸੰਬੰਧਿਤ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸੋਮ ਪ੍ਰਕਾਸ਼, ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਉਂ ਨਹੀਂ ਮਿਲੇ? ‘ਆਪ’ ਆਗੂਆਂ ਨੇ ਕਿਹਾ ਕਿ ਜੇਕਰ ਸਮੇਂ-ਸਮੇਂ ਦੀਆਂ ਕੇਂਦਰ ਸਰਕਾਰਾਂ ਸੁਹਿਰਦ ਹੁੰਦੀਆਂ ਤਾਂ ਅਦਾਲਤਾਂ ‘ਚ ਇਸ ਕੇਸ ਦੀ ਠੋਸ ਪੈਰਵੀ ਕਰਦੀਆਂ ਅਤੇ ਜ਼ਰੂਰਤ ਪੈਣ ‘ਤੇ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਇਸ ਇਤਿਹਾਸਕ ਜਗ੍ਹਾ ਨੂੰ ਵਿਸ਼ੇਸ਼ ਛੋਟ ਦਿੰਦੀਆਂ, ਪਰੰਤੂ ਭਾਜਪਾ ਦੀ ਅਗਵਾਈ ਵਾਲੀ ਡੀਡੀਏ ਸਹੀ ਨੇ ਤਰੀਕੇ ਨਾਲ ਕੇਸ ਨਹੀਂ ਲੜਿਆ ਅਤੇ ਆਪਣੀ ਦਲਿਤ ਵਿਰੋਧੀ ਸੋਚ ਦਿਖਾ ਦਿੱਤੀ।
‘ਆਪ’ ਆਗੂਆਂ ਨੇ ਕਿਹਾ ਕਿ ਪਵਨ ਟੀਨੂੰ ਦੀ ਅਗਵਾਈ ਹੇਠ ਅਕਾਲੀ ਵਿਧਾਇਕਾਂ ਵੱਲੋਂ ਇਸ ਲਈ ਡੀਡੀਏ-ਭਾਜਪਾ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਥਾਂ ਕੇਜਰੀਵਾਲ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਪ੍ਰੈੱਸ ਨੋਟ ਜਾਰੀ ਕਰਨਾ ਨਾ ਕੇਵਲ ਝੂਠ ਦਾ ਪੁਲੰਦਾ ਹੈ ਬਲਕਿ ਆਪਣੇ ‘ਪਾਪਾਂ’ ‘ਤੇ ਪਰਦਾ ਪਾਉਣ ਲਈ ਗੁਮਰਾਹਕੁਨ ਬਿਆਨ ਹੈ। ਜੇਕਰ ਅਕਾਲੀ ਵਿਧਾਇਕਾਂ ਨੇ ਇਹ ਬਿਆਨ ਵਾਪਸ ਨਾ ਲਿਆ ਤਾਂ ‘ਆਪ’ ਪੰਜਾਬ ਇਨ੍ਹਾਂ ਅਕਾਲੀ ਵਿਧਾਇਕਾਂ ‘ਤੇ ਮੁਕੱਦਮਾ ਠੋਕੇਗੀ।
ਬਾਕਸ ਲਈ
ਦਿੱਲੀ ਦੇ ਕੈਬਿਨੇਟ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਦਖ਼ਲ ਦੇਣ ਦੀ ਕੀਤੀ ਅਪੀਲ-
ਇਸ ਦੇ ਨਾਲ ਹੀ ‘ਆਪ’ ਆਗੂਆਂ ਨੇ ਦੱਸਿਆ ਕਿ ਦਿੱਲੀ ਦੇ ਕੈਬਿਨੇਟ ਮੰਤਰੀ ਰਜਿੰਦਰ ਪਾਲ ਗੌਤਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਦਲਿਤਾਂ ਸਮੇਤ ਸਮੁੱਚੇ ਸਮਾਜ ਦੀਆਂ ਭਾਵਨਾਵਾਂ ਅਤੇ ਅਮਨ-ਕਾਨੂੰਨ ਦੀ ਸਥਿਤੀ ਦੇ ਮੱਦੇਨਜ਼ਰ ਉਸੇ ਜਗ੍ਹਾ ‘ਤੇ ਮੰਦਰ ਦਾ ਪੁਨਰ-ਨਿਰਮਾਣ ਕਰਨ ਦੀ ਮੰਗ ਕੀਤੀ ਹੈ।
ਸਾਂਝੇ ਵਫ਼ਦ ਨਾਲ ਅੱਜ ਹਰਦੀਪ ਪੁਰੀ ਨੂੰ ਮਿਲਣਗੇ ਚੀਮਾ- ‘ਆਪ’ ਆਗੂਆਂ ਨੇ ਇਹ ਵੀ ਦੱਸਿਆ ਕਿ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਮੰਦਰ ਮਾਮਲੇ ਨੂੰ ਲੈ ਕੇ ਇੱਕ ਸਾਂਝੇ ਵਫ਼ਦ ਨਾਲ ਮੰਗਲਵਾਰ 13 ਅਗਸਤ ਨੂੰ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਮਿਲਣਗੇ।

Leave a Reply