ਨੋਟਬੰਦੀ: ਆਪਣੇ ਚਹੇਤੇ ਧਨਾਢਾ ਦਾ ਕਾਲਾ ਧਨ ਸਫੈਦ ਕਰਨ ਦੀ ਸਕੀਮ ਸੀ- ਸੁਨੀਲ ਜਾਖੜ

Web Location
By Admin
 ਨੋਟਬੰਦੀ ਨੇ ਦੇਸ਼ ਦੀ ਅਰਥਵਿਵਸਥਾ ਨੂੰ ਤਬਾਹ ਕੀਤਾ।
 ਆਰਬੀਆਈ ਦੇ ਰਾਖਵੇਂ ਧਨ ਨੂੰ ਲੁੱਟਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ
 ਕਾਂਗਰਸ ਪਾਰਟੀ ਵੱਲੋਂ ਰਿਜਰਵ ਬੈਂਕ ਦੇ ਖੇਤਰੀ ਦਫ਼ਤਰ ਅੱਗੇ ਪ੍ਰਦਰਸ਼ਨ
ਚੰਡੀਗੜ, 9 ਨਵੰਬਰ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ  ਸੁਨੀਲ ਜਾਖੜ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਵੱਲੋਂ ਅੱਜ ਇੱਥੇ ਮੋਦੀ ਸਰਕਾਰ ਵੱਲੋਂ ਕੀਤੀ ਨੋਟਬੰਦੀ ਦੇ ਦੋ ਸਾਲ ਪੂਰੇ ਹੋਣ ਅਤੇ ਹੁਣ ਆਰ.ਬੀ.ਆਈ. ਦੇ ਰਾਖਵੇਂ ਭੰਡਾਰ ਨੂੰ ਹੜੱਪਨ ਦੀ ਐਨ.ਡੀ.ਏ. ਸਰਕਾਰ ਦੀ ਯੋਜਨਾ ਦਾ ਭਾਰਤੀ ਰਿਜਰਵ ਬੈਂਕ ਦੇ ਖੇਤਰੀ ਦਫ਼ਤਰ ਅੱਗੇ ਧਰਨਾ ਲਗਾ ਕੇ ਵਿਰੋਧ ਕੀਤਾ ਗਿਆ।
ਇਸ ਮੌਕੇ ਕੈਬਨਿਟ ਮੰਤਰੀ  ਬਲਬੀਰ ਸਿੰਘ ਸਿੱਧੂ ਅਤੇ ਯੂਥ ਕਾਂਗਰਸ ਆਗੂ ਯਾਦਵਿੰਦਰ ਸਿੰਘ ਕੰਗ ਸਮੇਤ ਹੋਰ ਆਗੂ ਵੀ ਹਾਜਰ ਸਨ।
ਇਸ ਮੌਕੇ ਬੋਲਦਿਆਂ ਸ੍ਰੀ ਸੁਨੀਲ ਜਾਖੜ ਨੇ ਮੋਦੀ ਸਰਕਾਰ ਵੱਲੋਂ ਦੋ ਸਾਲ ਪਹਿਲਾਂ ਕੀਤੀ ਨੋਟਬੰਦੀ ਨੂੰ ਦੇਸ਼ ਵਾਸੀਆਂ ਨਾਲ ਸਭ ਤੋਂ ਵੱਡਾ ਧੋਖਾ ਕਰਾਰ ਦਿੰਦਿਆਂ ਕਿਹਾ ਕਿ ਇਹ ਸਰਕਾਰ ਦੇ ਚਹੇਤੇ ਧਨਾਢਾਂ ਦੇ ਕਾਲੇ ਧਨ ਨੂੰ ਸਫੈਦ ਕਰਨ ਦੀ ਇਕ ਸੋਚੀ ਸਮਝੀ ਸਾਜਿਸ ਸੀ ਜਿਸ ਦਾ ਦੇਸ਼ ਦੀ ਜਨਤਾ ਨੇ ਵੱਡਾ ਖਮਿਆਜਾ ਭੁਗਤਿਆ ਹੈ। ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਨੋਟਬੰਦੀ ਦੇ ਨਤੀਜੇ ਦੇਣ ਲਈ 50 ਦਿਨ ਮੰਗੇ ਸਨ ਪਰ ਹੁਣ ਤਾਂ 730 ਦਿਨ ਬੀਤ ਜਾਣ ਦੇ ਬਾਵਜੂਦ ਵੀ ਇਸਦਾ ਇਕ ਵੀ ਸਾਰਥਕ ਨਤੀਜਾ ਲੋਕਾਂ ਦੇ ਸਾਹਮਣੇ ਨਹੀਂ ਆਇਆ ਹੈ।
 ਸੁਨੀਲ ਜਾਖੜ ਨੇ ਕਿਹਾ ਕਿ ਬੇਸਕ ਪ੍ਰਧਾਨ ਮੰਤਰੀ ਨੇ 50 ਦਿਨ ਵਿਚ ਨੋਟਬੰਦੀ ਦੇ ਅਸਫਲ ਰਹਿਣ ਤੇ ਚੌਰਾਹੇ ਵਿਚ ਸਜਾ ਭੁਗਤਣ ਦੀ ਹਾਮੀ ਭਰੀ ਸੀ ਪਰ ਅਜਿਹੀ ਰਵਾਇਤੀ ਤਾਨਾਸ਼ਾਹੀ ਵਾਲੇ ਦੇਸ਼ਾਂ ਵਿਚ ਹੈ ਜਦ ਕਿ ਲੋਕਤੰਤਰ ਵਿਚ ਵੋਟਰ 2019 ਦੀਆਂ ਆਮ ਚੋਣਾਂ ਵਿਚ ਪੋਲਿੰਗ ਬੂਥ ਤੇ ਜਾ ਕੇ ਇਕ ਇਕ ਵੋਟ ਨਾਲ ਸ੍ਰੀ ਨਰਿੰਦਰ ਮੋਦੀ ਨੂੰ ਅਜਿਹੀ ਮਿਸਾਲੀ ਸਜਾ ਦੇਣਗੇ ਕਿ ਉਨਾਂ ਦੀ ਪਾਰਟੀ ਸਦਾ ਇਸ ਨੂੰ ਯਾਦ ਰੱਖੇਗੀ।
 ਜਾਖੜ ਨੇ ਕਿਹਾ ਕਿ ਨੋਟਬੰਦੀ ਨਾਲ ਭਾਜਪਾ ਸਰਕਾਰ ਨੇ ਇਕੋ ਝਟਕੇ ਨਾਲ 15.44 ਲੱਖ ਕਰੋੜ ਰੁਪਏ ਦੀ ਕਰੰਸੀ ਦਾ ਚਲਣ ਬੰਦ ਕਰ ਦਿੱਤਾ ਸੀ ਪਰ ਦੋ ਸਾਲ ਬੀਤ ਜਾਣ ਦੇ ਬਾਵਜੂਦ ਵੀ ਨਾ ਤਾਂ ਕਾਲਾ ਧਨ ਬਾਹਰ ਆਇਆ, ਨਾ ਆਤੰਕਵਾਦ ਰੁਕਿਆ ਤੇ ਨਾ ਹੀ ਕੋਈ ਕਲਿਆਣਕਾਰੀ ਸਕੀਮ ਸ਼ੁਰੂ ਹੋਈ, ਜੇ ਹੋਇਆ ਤਾਂ ਇਹ ਕਿ ਸੈਂਕੜੇ ਲੋਕ ਨੋਟਬੰਦੀ ਕਾਰਨ ਮੌਤ ਦੇ ਮੁੰਹ ਜਾ ਪਏ, ਛੋਟੇ ਵਪਾਰੀ ਦਾ ਧੰਦਾ ਚੌਪਟ ਹੋ ਗਿਆ, ਕਿਸਾਨ ਬਰਬਾਦ ਹੋ ਗਿਆ ਅਤੇ ਮੱਧ ਵਰਗ ਅਤੇ ਗਰੀਬ ਲਈ ਦੋ ਵਕਤ ਦੀ ਰੋਟੀ ਦਾ ਪ੍ਰਬੰਧ ਕਰਨ ਔਖਾ ਹੋ ਗਿਆ।
ਸਾਂਸਦ ਨੇ ਅੱਗੇ ਕਿਹਾ ਕਿ ਨੋਟਬੰਦੀ ਇਕ ਸੰਗਠਿਤ ਲੁੱਟ ਸੀ ਜਿਸ ਰਾਹੀਂ ਦੇਸ਼ ਦੇ ਛੋਟੇ ਵਪਾਰੀ, ਉਦਯੋਗਪਤੀ ਦੀ ਆਰਥਿਕਤਾ ਦਾ ਲੱਕ ਤੋੜ ਕੇ ਵੱਡੀਆਂ ਕੰਪਨੀਆਂ ਦਾ ਬਜਾਰ ਤੇ ਏਕਾਧਿਕਾਰ ਕਰ ਦਿੱਤਾ ਗਿਆ ਜਿਸ ਨਾਲ ਪੈਸਾ ਕੁਝ ਚੁੰਣਿਦਾ ਲੋਕਾਂ ਦੀਆਂ ਤਿਜੋਰੀਆਂ ਵਿਚ ਪੁੱਜ ਗਿਆ। ਉਨਾਂ ਕਿਹਾ ਕਿ ਹਰ ਸਾਲ 2 ਕਰੋੜ ਨੌਕਰੀਆਂ ਦੇ ਵਾਅਦੇ ਦੇ ਉਲਟ ਨੋਟਬੰਦੀ ਕਾਰਨ 35 ਲੱਖ ਤੋਂ ਵੱਧ ਨੌਕਰੀਆਂ ਚੱਲੀਆਂ ਗਈਆਂ ਜਦ ਕਿ ਛੋਟਾ ਵਪਾਰੀ, ਦੁਕਾਨਦਾਰ, ਕਿਸਾਨ, ਗਰੀਬ ਅਤੇ ਮੱਧਵਰਗੀ ਵਰਗ ਅੱਜ ਵੀ ਇਸਦੀ ਤ੍ਰਾਸਦੀ ਨੂੰ ਝੱਲ ਰਿਹਾ ਹੈ।
ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਸ ਸਮੇਂ ਐਨ.ਡੀ.ਏ. ਸਰਕਾਰ ਨੇ ਦੋ ਗਲਾਂ ਤੇ ਪਰਦਾ ਪਾਇਆ ਹੋਇਆ ਹੈ ਕਿ ਰਫੈਲ ਜਹਾਜ ਕਿੰਨੇ ਦੇ ਖਰੀਦੇ ਹਨ ਅਤੇ ਨੋਟਬੰਦੀ ਤੋਂ ਬਾਅਦ ਕਿੰਨਾਂ ਧਨ ਵਾਪਿਸ ਜਮਾ ਹੋਇਆ। ਉਨਾਂ ਕਿਹਾ ਕਿ ਇੰਨਾਂ ਦੋ ਸਵਾਲਾਂ ਦੀ ਪਰਦਾਦਾਰੀ ਹੀ ਸਪਸਟ ਕਰਦੀ ਹੈ ਕਿ ਇਹ ਦੋਨੋਂ ਵੱਡੇ ਘਪਲੇ ਹਨ ਜਿੰਨਾਂ ਦਾ ਸੱਚ ਮੋਦੀ ਸਰਕਾਰ ਲੋਕਾਂ ਦੇ ਸਾਹਮਣੇ ਨਹੀਂ ਆਉਣ ਦੇਣਾ ਚਾਹੁੰਦੀ।
ਜਾਖੜ ਨੇ ਕਿਹਾ ਕਿ ਇਕ ਸਾਲ ਵਿਚ ਰੁਪਏ ਦੀ ਡਾਲਰ ਦੇ ਮੁਕਾਬਲੇ ਕੀਮਤ ਵਿਚ 11 ਰੁਪਏ ਦੀ ਗਿਰਾਵਟ ਮੋਦੀ ਸਰਕਾਰ ਦੇ ਆਰਥਿਕ ਮੁਹਾਜ ਤੇ ਫੇਲ ਹੋਣ ਦਾ ਪ੍ਰਮਾਣ ਹੈ। ਉਨਾਂ ਕਿਹਾ ਕਿ ਹੁਣ ਆਪਣੀਆਂ ਅਸਫਲ ਆਰਥਿਕ ਨੀਤੀਆਂ ਤੇ ਪਰਦਾ ਪਾਉਣ ਲਈ ਅਤੇ ਨੋਟਬੰਦੀ ਰਾਹੀਂ ਮਿਲਣ ਵਾਲੇ ਧਨ ਦੀ ਪ੍ਰਾਪਤੀ ਵਿਚ ਅਸਫਲ ਮੋਦੀ ਸਰਕਾਰ ਰਿਜਰਵ ਬੈਂਕ ਦੇ ਰਾਖਵੇ ਧਨ ਭੰਡਾਰ ਵਿਚ ਸੇਂਧਮਾਰੀ ਕਰਨਾ ਚਾਹੁੰਦੀ ਹੈ ਅਤੇ ਇਸਦੇ 3 ਲੱਖ ਕਰੋੜ ਰੁਪਏ ਗਲਤ ਤਰੀਕੇ ਨਾਲ ਲੁੱਟਣਾ ਚਾਹੁੰਦੀ ਹੈ ਪਰ ਕਾਂਗਰਸ ਪਾਰਟੀ ਉਸਨੂੰ ਅਜਿਹਾ ਕਰਨ ਵਿਚ ਸਫਲ ਨਹੀਂ ਹੋਣ ਦੇਵੇਗੀ।

Leave a Reply