ਕਾਂਗਰਸ ਕੀਤੇ ਕੰਮ ਦੇ ਨਾਂਅ ਤੇ ਚੋਣ ਮੈਦਾਨ ਵਿਚ ਜੇਤੂ ਹੋਕੇ ਨਿਕਲੇਗੀ  ਸੁਨੀਲ ਜਾਖੜ

Punjab REGIONAL
By Admin
ਵੋਟਰਾਂ ਨੂੰ ਕੰਮ ਅਤੇ ਚੰਮ ਵਿਚੋਂ ਸਹੀ ਦੀ ਚੋਣ ਕਰਨ ਦਾ ਸੱਦਾ
ਗੁਰਦਾਸਪੁਰ, 15 ਮਈ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਉਮੀਦਵਾਰ ਸੁਨੀਲ ਜਾਖੜ ਨੇ ਅੱਜ ਇੱਥੇ ਬਾਰ ਐਸੋੋਸੀਏਸ਼ਨ ਵਿਖੇ ਵਕੀਲ ਭਾਈਚਾਰੇ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਕਾਂਗਰਸ ਆਪਣੇ ਕੀਤੇ ਕੰਮ ਦੇ ਨਾਂਅ ਤੇ ਚੋਣ ਮੈਦਾਨ ਵਿਚ ਹੈ ਅਤੇ ਲੋਕ ਕੀਤੇ ਕੰਮ ਦੀ ਕਦਰ ਕਰਦਿਆਂ ਪਾਰਟੀ ਨੂੰ ਜਿੱਤ ਦੇਣਗੇ। ਉਨਾਂ ਨੇ ਇਸ ਮੌਕੇ ਆਪਣੀ ਤਕਰੀਰ ਵਿਚ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਕੰਮ ਅਤੇ ਚੰਮ ਵਿਚੋਂ ਸਹੀ ਦੀ ਚੋਣ ਕਰਨ। ਉਨਾਂ ਦੁਹਰਾਇਆ ਕਿ ਉਨਾਂ ਦਾ ਵਿਕਾਸ ਕਾਰਜ ਕਰਵਾਉਣ ਦਾ ਲੰਬਾ ਤਜਰਬਾ ਹੈ ਅਤੇ ਪਿੱਛਲੇ 16 ਮਹੀਨਿਆਂ ਦੌਰਾਨ ਉਨਾਂ ਨੇ ਇਸ ਹਲਕੇ ਵਿਚ ਵੀ ਕੰਮ ਕਰਕੇ ਵਿਖਾਇਆ ਹੈ ਅਤੇ ਉਹ ਇਸੇ ਅਧਾਰ ਤੇ ਵੋਟ ਮੰਗ ਰਹੇ ਹਨ।
ਇਸ ਮੌਕੇ  ਸੁਨੀਲ ਜਾਖੜ ਨੇ ਕਿਹਾ ਕਿ ਲੋਕਤੰਤਰ ਅੰਦਰ ਸਵਾਲ ਕਰਨਾ ਵਿਰੋਧੀ ਤੇ ਕਿੱਚੜ ਸੁੱਟਣਾ ਨਹੀਂ ਹੁੰਦਾ ਹੈ ਪਰ ਪ੍ਰਧਾਨ ਮੰਤਰੀ  ਨਰਿੰਦਰ ਮੋਦੀ ਦੀ ਸੋਚ ਦੇਸ਼ ਦੀਆਂ ਲੋਕਤੰਤਰਿਕ ਪ੍ਰੰਪਰਾਵਾਂ ਲਈ ਘਾਤਕ ਬਣੀ ਹੋਈ ਹੈ। ਸ੍ਰੀ ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਹੀਂ ਚਾਹੁੰਦੇ ਕਿ ਕੋਈ ਉਨਾਂ ਦੇ ਕੀਤੇ ਤੇ ਸਵਾਲ ਕਰੇ ਅਤੇ ਇਸੇ ਲਈ ਉਨਾਂ ਨੇ ਸਭ ਤੋਂ ਪਹਿਲਾਂ ਆਪਣੀ ਪਾਰਟੀ ਵਿਚ ਕੋਈ ਬੋਲਣ ਵਾਲਾ ਨਹੀਂ ਛੱਡਿਆ ਅਤੇ ਹੁਣ ਦੂਜੀਆਂ ਪਾਰਟੀਆਂ ਦੇ ਬੋਲਣ ਵਾਲੇ ਆਗੂਆਂ ਦੀ ਅਵਾਜ ਬੰਦ ਕਰਨ ਦੀ ਨੀਅਤ ਨਾਲ ਹੀ ਉਨਾਂ ਨੇ ਗੁਰਦਾਸਪੁਰ ਤੋਂ ਆਪਣਾ ਉਮੀਦਵਾਰ ਚੁਣ ਕੇ ਭੇਜਿਆ ਹੈ। ਪਰ ਉਨਾਂ ਕਿਹਾ ਕਿ ਗੁਰਦਾਸਪੁਰ ਦੇ ਲੋਕ ਆਪਣੇ ਹਲਕੇ ਦੀ ਅਵਾਜ਼ ਬੰਦ ਨਹੀਂ ਹੋਣ ਦੇਣਗੇ।
ਜਾਖੜ ਨੇ ਕਿਹਾ ਕਿ ਸਾਡੀ ਲੜਾਈ ਕਿਸੇ ਵਿਅਕਤੀ ਵਿਸੇਸ਼ ਨਾਲ ਨਹੀਂ ਸਗੋਂ ਪ੍ਰਧਾਨ ਮੰਤਰੀ ਦੀ ਸੋਚ ਨਾਲ ਹੈ ਜੋ ਦੇਸ਼ ਦੀਆਂ ਲੋਕਤੰਤਾਰਿਕ ਸੰਸਥਾਵਾਂ ਦਾ ਘਾਣ ਕਰ ਰਹੇ ਹਨ। ਉਨਾਂ ਨੇ ਕਿਹਾ ਕਿ  ਮੋਦੀ ਨੇ ਭਾਜਪਾ ਨੂੰ ਵੀ ਮੋਦੀ ਪਾਰਟੀ ਬਣਾ ਕੇ ਰੱਖ ਦਿੱਤਾ ਹੈ। ਉਨਾਂ ਨੇ ਕਿਹਾ ਕਿ ਪਿੱਛਲੇ ਪੰਜ ਸਾਲ ਤੋਂ ਝੂਠੇ ਲਾਰਿਆਂ ਅਤੇ ਹਵਾਈ ਗੱਲਾਂ ਨਾਲ ਸ੍ਰੀ ਮੋਦੀ ਨੇ ਸਭ ਨੂੰ ਭਰਮਜਾਲ ਵਿਚ ਪਾਇਆ ਹੋਇਆ ਸੀ ਪਰ ਹੁਣ ਦੇਸ਼ ਦੇ ਲੋਕਾਂ ਦੇ ਸਾਹਮਣੇ ਉਨਾਂ ਦਾ ਤਿੱਲਸਮ ਟੁੱਟ ਚੁੱਕਾ ਹੈ ਅਤੇ ਲੋਕਾਂ ਨੂੰ ਸੱਚ ਸਮਝ ਆ ਚੁੱਕਾ ਹੈ।  ਉਨਾਂ ਕਿਹਾ ਕਿ ਭਾਰਤ ਤੇ ਪਾਕਿਸਤਾਨ ਇਕੋ ਸਮੇਂ ਅਜਾਦ ਹੋਏ ਪਰ ਅਸੀਂ ਪਾਕਿਸਤਾਨ ਤੋਂ ਇਸੇ ਲਈ ਅੱਗੇ ਹਾਂ ਕਿ ਸਾਡੀ ਫੌਜ ਨੂੰ ਸਿਆਸਤ ਤੋਂ ਦੂਰ ਰੱਖਿਆ ਗਿਆ। ਉਨਾਂ ਨੇ ਕਿਹਾ ਕਿ ਦੇਸ਼ ਦੀ ਜਨਤਾ ਨੂੰ ਤਰੱਕੀ ਚਾਹੀਦੀ ਹੈ ਇਸ ਲਈ ਲੋਕਾਂ ਨੇ ਫੈਸਲਾ ਕਰ ਲਿਆ ਹੈ ਕਿ ਮੋਦੀ ਨੂੰ ਜਨਰਲ ਮੋਦੀ ਨਹੀਂ ਬਣਨ ਦਿੱਤਾ ਜਾਵੇਗਾ।
ਇਸ ਮੌਕੇ ਵਿਕਾਸ ਕਾਰਜਾਂ ਦੀ ਗੱਲ ਕਰਦਿਆਂ ਜਾਖੜ ਨੇ ਕਿਹਾ 5 ਰੇਲਵੇ ਓਵਰ ਅੰਡਰ ਬ੍ਰਿਜਾਂ ਦੇ ਨਿਰਮਾਣ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਸਬੰਧੀ 172 ਕਰੋੜ ਰੁਪਏ ਦੀ ਪ੍ਰਵਾਨਗੀ ਪੰਜਾਬ ਸਰਕਾਰ ਨੇ ਰੇਲਵੇ ਨੂੰ ਦੇ ਦਿੱਤੀ ਹੈ। ਤਿੰਨ ਰੇਲ ਓਵਰ ਬ੍ਰਿਜਾਂ ਸਬੰਧੀ ਰੇਲਵੇ ਵੱਲੋਂ ਪ੍ਰਵਾਨਗੀ ਜਾਰੀ ਹੋਣ ਤੋਂ ਬਾਅਦ ਕੰਮ ਸ਼ੁਰੂ ਹੋ ਚੁੱਕਾ ਹੈ, ਜਿਸ ਵਿਚ ਦੀਨਾਨਗਰ ਦਾ ਆਰ.ਓ.ਬੀ., ਗੁਰਦਾਸਪੁਰ ਅਤੇ ਨਲੰਗਾ ਦਾ ਰੇਲਵੇ ਅੰਡਰ ਬ੍ਰਿਜ ਸਾਮਿਲ ਹੈ ਜਦ ਕਿ ਪਠਾਨਕੋਟ ਅਤੇ ਸੁਜਾਨਪੁਰ ਵਿਚ ਵੀ ਅਜਿਹੇ ਆਰ.ਓ.ਬੀ. ਆਰ.ਯੁ.ਬੀ. ਦੇ ਨਿਰਮਾਣ ਸਬੰਧੀ ਕਾਰਵਾਈ ਚੱਲ ਰਹੀ ਹੈ ।
ਇਸ ਦੌਰਾਨ ਵੱਖ ਵੱਖ ਚੋਣ ਸਭਾਵਾਂ ਵਿਚ ਉਨਾਂ ਨਾਲ ਵਿਚਰ ਰਹੇ ਵਿਧਾਇਕ  ਬਰਿੰਦਰਮੀਤ ਸਿੰਘ ਪਾਹੜਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕਾਂਗਰਸ ਗੁਰਦਾਸਪੁਰ ਸੀਟ ਵੱਡੇ ਫਰਕ ਨਾਲ ਜਿੱਤੇਗੀ ਕਿਉਂਕਿ ਲੋਕਾਂ ਨੂੰ ਸਮਝ ਹੈ ਕਿ ਹਲਕੇ ਦਾ ਵਿਕਾਸ ਕੌਣ ਕਰਵਾ ਸਕਦਾ ਹੈ। ਉਨਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ 19 ਮਈ ਨੂੰ ਕਾਂਗਰਸ ਨੂੰ ਵੱਧ ਤੋਂ ਵੱਧ ਵੋਟਾਂ ਪਾਕੇ ਸ੍ਰੀ ਸੁਨੀਲ ਜਾਖੜ ਨੂੰ ਜਿਤਾਇਆ ਜਾਵੇ।

Leave a Reply