Punjab

ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਗਿ: ਤਰਲੋਚਨ ਸਿੰਘ ਭਮੱਦੀ ਦੀ ਵਾਰਤਕ ਪੁਸਤਕ ਢਾਡੀਆਂ ਦੇ ਅੰਗ ਸੰਗ ਲੋਕ ਅਰਪਨ

ਢਾਡੀ ਰਾਗ ਤੇ ਕਵੀਸ਼ਰੀ ਪਰੰਪਰਾ ਨੇ ਪੰਜਾਬ ਦੀ ਅਣਖ਼ੀਲੀ ਮਿੱਟੀ ਨੂੰ ਲਗਾਤਾਰ ਸਿੰਜਿਆ ਹੈ-
                      ਗੁਰਭਜਨ ਗਿੱਲ
ਲੁਧਿਆਣਾ: 8 ਅਕਤੂਬਰ
ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਸਰੀ(ਕੈਨੇਡਾ) ਵੱਸਦੇ ਵਿਸ਼ਵ ਪ੍ਰਸਿੱਧ ਢਾਡੀ ਤੇ ਕਵੀ ਗਿਆਨੀ ਤਰਲੋਚਨ ਸਿੰਘ ਭਮੱਦੀ ਦੀ ਨਵ ਪ੍ਰਕਾਸ਼ਿਤ ਵਾਰਤਕ ਪੁਸਤਕ ਢਾਡੀਆਂ ਦੇ ਅੰਗ ਸੰਗ ਨੂੰ ਲੋਕ ਅਰਪਨ ਕਰਦਿਆਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਰਵਿੰਦਰ ਸਿੰਘ ਭੱਠਲ ਨੇ ਕਿਹਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਵਰੋਸਾਈ ਢਾਡੀ ਰਾਗ ਪਰੰਪਰਾ ਨੇ ਪੰਜਾਬ ਦੀ ਬੀਰ ਪਰੰਪਰਾ ਨੂੰ ਲੋਕ ਰੰਗ ਵਿੱਚ ਪੇਸ਼ ਕਰਕੇ ਇਸ ਧਰਤੀ ਦੀ ਮਰਯਾਦਾ ਨੂੰ ਬਾਖ਼ੂਬੀ ਸੰਭਾਲਿਆ ਹੈ। ਗਿਆਨੀ ਤਰਲੋਚਨ ਸਿੰਘ ਭਮੱਦੀ  ਨੇ ਢਾਡੀ ਰਾਗ ਦੇ ਆਦਿ ਬਿੰਦੂ ਤੋਂ ਤੁਰ ਕੇ ਵਰਤਮਾਨ ਸਮੇਂ ਦੇ ਨੌਜਵਾਨ  ਪੇਸ਼ਕਾਰਾਂ  ਸਤਿੰਦਰਪਾਲ ਸਿੰਘ ਸਿੱਧਵਾਂ ਤੀਕ ਦੇ ਸੰਘਰਸ਼ ਦੀ ਦਾਸਤਾਨ ਲਿਖ ਕੇ ਭਵਿੱਖ ਪੀੜ੍ਹੀਆਂ ਲਈ ਅਮਰ ਖ਼ਜ਼ਾਨਾ ਸੰਭਾਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਪੁਸਤਕ ਨੂੰ ਲਾਹੌਰ ਬੁੱਕ ਸ਼ਾਪ ਵੱਲੋਂ ਸਚਿੱਤਰ ਰੂਪ ਵਿੱਚ ਪ੍ਰਕਾਸ਼ਿਤ ਕੀਤਾ ਜਾਣਾ ਵੀ ਸਨਮਾਨਜਨਕ ਹੈ। ਢਾਡੀ ਕਵੀਸ਼ਰਾਂ ਦੇ ਜੀਵਨ, ਯਾਦਾਂ, ਕੀਰਤੀ ਅਤੇ ਲਿਖੇ ਪ੍ਰਸੰਗਾਂ ਦਾ ਹਵਾਲਾ ਦੇ ਕੇ ਉਨ੍ਹਾਂ ਨੇ ਇੱਕ ਸੰਸਥਾ ਜਿੰਨਾ ਕੰਮ ਕੀਤਾ ਹੈ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਢਾਡੀ ਰਾਗ ਤੇ ਕਵੀਸ਼ਰੀ ਪਰੰਪਰਾ ਨੇ ਪੰਜਾਬ ਦੀ ਅਣਖ਼ੀਲੀ ਮਿੱਟੀ ਨੂੰ ਲਗਾਤਾਰ ਸਿੰਜਿਆ ਹੈ। ਲੋਕ ਸੰਘਰਸ਼ਾਂ, ਮੋਰਚਿਆਂ ਅਤੇ ਜਨ ਜਾਗ੍ਰਤੀ ਦੇ ਵਾਹਕ ਵਜੋਂ ਇਸ ਵਡਮੁੱਲੀ ਗਾਇਨ ਪਰੰਪਰਾ ਨੂੰ ਸੰਭਾਲਣ ਹਿਤ ਰਚੀ ਇਹ ਪੁਸਤਕ ਆਉਂਦੇ ਖੋਜਕਾਰਾਂ ਲਈ ਰਾਹ ਦਿਸੇਰਾ ਬਣੇਗੀ।  ਉਨ੍ਹਾਂ ਕਿਹਾ ਕਿ ਮੇਰੇ ਲਈ ਮਾਣ ਵਾਲੀ ਗੱਲ ਇਹ ਵੀ ਹੈ ਕਿ ਢਾਡੀਆਂ ਦੇ ਅੰਗ ਸੰਗ ਪੁਤਕ ਦਾ ਸਿਰਜਕ ਤਰਲੋਚਨ ਸਿੰਘ ਭਮੱਦੀ ਮੇਰਾ ਮਿੱਤਰ ਹੈ। ਉਸ ਦੀ ਵਾਰਤਕ ਵਿਚਲਾ ਰਸਵੰਤਾ ਅੰਦਾਜ਼ ਮੈਨੂੰ ਬਹੁਤ ਵਾਰ ਪ੍ਰਿੰਸੀਪਲ ਸਰਵਣ ਸਿੰਘ ਦੇ ਖਿਡਾਰੀਆਂ ਬਾਰੇ ਲਿਖੇ ਲੇਖਾਂ ਵਰਗਾ ਜਾਪਦਾ ਹੈ।
ਪ੍ਰੋ: ਗਿੱਲ ਨੇ ਆਖਿਆ ਕਿ ਆਪਣੇ ਪੂਰਬਲੇ ਇਤਿਹਾਸ ਦੇ ਨਾਲ ਨਾਲ ਉਸ ਨੇ ਢਾਡੀ ਕਲਾ ਦੇ ਅਣਮੋਲ ਹੀਰਿਆਂ ਗਿ: ਸੋਹਣ ਸਿੰਘ ਸੀਤਲ, ਕਰਨੈਲ ਸਿੰਘ ਪਾਰਸ ਰਾਮੂਵਾਲੀਆ, ਰਣਜੀਤ ਸਿੰਘ ਸਿੱਧਵਾਂ,ਅਮਰ ਸਿੰਘ ਸ਼ੌਂਕੀ, ਦੀਦਾਰ ਸਿੰਘ ਰਟੈਂਡਾ, ਗਿਆਨੀ ਮੂਲਾ ਸਿੰਘ ਪਾਖਰਪੁਰੀ, ਜੋਗਾ ਸਿੰਘ ਜੋਗੀ,ਗੁਰਮੁਖ ਸਿੰਘ ਵਲਟੋਹਾ,ਗੁਰਚਰਨ ਸਿੰਘ ਗੋਹਲਵੜ,ਪਾਲ ਸਿੰਘ ਪੰਛੀ,ਬਲਵੰਤ ਸਿੰਘ ਪਮਾਲ,ਦਯਾ ਸਿੰਘ ਦਿਲਬਰ,ਸਰੂਪ ਸਿੰਘ ਸਰੂਪ, ਗੁਰਬਖ਼ਸ਼ ਸਿੰਘ ਅਲਬੇਲਾ, ਰਛਪਾਲ ਸਿੰਘ ਪਮਾਲ ਸਮੇਤ ਢਾਡੀ ਕਵੀਸ਼ਰਾਂ ਤੋਂ ਇਲਾਵਾ ਸਿਰਕੱਢ ਸਾਰੰਗੀਵਾਦਕਾਂ ਦੀ ਵੀ ਸੰਪੂਰਨ ਨਿਸ਼ਾਨਦੇਹੀ ਕੀਤੀ ਹੈ। ਸਭਿਆਚਾਰਕ ਸੱਥ ਪੰਜਾਬ ਦੇ ਚੇਅਰਮੈਨ ਸ: ਜਸਮੇਰ ਸਿੰਘ ਢੱਟ ਨੇ ਇਸ ਮੌਕੇ ਸ: ਤਰਲੋਚਨ ਸਿੰਘ ਭਮੱਦੀ ਨੂੰ ਇਸ ਕਿਤਾਬ ਲਈ ਮੁਬਾਰਕ ਦਿੰਦਿਆਂ ਕਿਹਾ ਕਿ ਢਾਡੀਆਂ ਦੇ ਅੰਗ ਸੰਗ ਰਾਹੀਂ ਉਨ੍ਹਾਂ ਲੋਕ ਸੰਗੀਤ ਪਰੰਪਰਾ ਦੇ ਅਹਿਮ ਪੱਖ ਨੂੰ ਛੋਹਿਆ ਹੈ। ਉਨ੍ਹਾਂ ਕਿਹਾ ਕਿ ਪਰਦੇਸ ਚ ਰਹਿੰਦਿਆਂ ਦੇਸ ਦੀ ਵਿਰਾਸਤ ਬਾਰੇ ਇਸ ਵੱਡ ਆਕਾਰੀ ਪੁਸਤਕ ਰਾਹੀਂ ਉਨ੍ਹਾਂ ਬਹੁਤ ਵਧੀਆ ਕਾਰਜ ਕੀਤਾ ਹੈ।
ਇਸ ਪੁਸਤਕ ਦੇ ਪ੍ਰਕਾਸ਼ਨ ਤੇ  ਤਰਲੋਚਨ ਸਿੰਘ ਭਮੱਦੀ ਨੂੰ ਡਾ: ਸ ਪ ਸਿੰਘ ਸਾਬਕਾ ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ,ਸ: ਪਿਰਥੀਪਾਲ ਸਿੰਘ ਹੇਅਰ ਐੱਸ ਪੀ ਨਵਾਂ ਸ਼ਹਿਰ,ਨਵਦੀਪ ਸਿੰਘ ਗਿੱਲ ਲੋਕ ਸੰਪਰਕ ਅਧਿਕਾਰੀ ਚੰਡੀਗੜ੍ਹ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡਾਇਰੈਕਟਰ ਯੁਵਕ ਭਲਾਈ ਡਾ: ਨਿਰਮਲ ਜੌੜਾ, ਪੰਜਾਬ ਆਰਟਸ ਕੌਂਸਿਲ ਦੇ ਸਕੱਤਰ ਜਨਰਲ ਡਾ: ਲਖਵਿੰਦਰ ਜੌਹਲ,ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਪੰਜਾਬੀ ਲੇਖਕ ਤ੍ਰੈਲੋਚਨ ਲੋਚੀ, ਨਿੰਦਰ ਘੁਗਿਆਣਵੀ ਤੇ ਮਨਜਿੰਦਰ ਧਨੋਆ ਨੇ ਵੀ ਸ਼ੁਭ ਕਾਮਨਾਵਾਂ ਭੇਜੀਆਂ ਹਨ।

Related Articles

Leave a Reply

Your email address will not be published. Required fields are marked *

Back to top button
error: Sorry Content is protected !!