Punjab

ਨਵੇਂ ਸਾਲ ਦੀ ਆਮਦ ‘ਤੇ ‘ਆਪ’ ਵੱਲੋਂ ਕਾਂਗਰਸ ਅਤੇ ਬਸਪਾ ਨੂੰ ਝਟਕੇ

– ਦਿੱਗਜ ਕਾਂਗਰਸੀ ਆਗੂ ਲਾਲੀ ਮਜੀਠੀਆ ਸੈਂਕੜੇ ਸਾਥੀਆਂ ਨਾਲ ਹੋਏ ‘ਆਪ’ ‘ਚ ਸ਼ਾਮਲ, ਮਜੀਠਾ ਤੋਂ ਲੜਨਗੇ ਚੋਣ

-ਬਸਪਾ ਦੇ ਗੁਰਬਖਸ਼ ਸਿੰਘ ਅਤੇ ਸ਼ਵਿੰਦਰ ਸਿੰਘ ਛੱਜਲਵਿੱਡੀ ਨੇ ਵੀ ਚੁੱਕਿਆ ਝਾੜੂ

ਸ੍ਰੀ ਅੰਮ੍ਰਿਤਸਰ, 1 ਜਨਵਰੀ 2022

ਆਮ ਆਦਮੀ ਪਾਰਟੀ (ਆਪ) ਪੰਜਾਬ ਨੂੰ ਨਵੇਂ ਸਾਲ ਦੀ ਆਮਦ ‘ਤੇ ਵੱਡਾ ਹੁਲਾਰਾ ਮਿਲਿਆ, ਜਦੋਂ ਕਾਂਗਰਸ ਦੇ ਵੱਡੇ ਆਗੂ ਅਤੇ ਪਨਗਰੇਨ ਦੇ ਸਾਬਕਾ ਚੇਅਰਮੈਨ ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ, ਬਹੁਜਨ ਸਮਾਜ ਪਾਰਟੀ (ਬਸਪਾ) ਦੇ ਦੋ ਸੂਬਾ ਜਨਰਲ ਸਕੱਤਰ ਗੁਰਬਖਸ਼ ਸਿੰਘ ਅਤੇ ਸ਼ਵਿੰਦਰ ਸਿੰਘ ਛੱਜਲਵਿੱਡੀ, ਖਜਾਨ ਸਿੰਘ, ਹਰਭਜਨ ਸਿੰਘ, ਰਾਮ ਸਿੰਘ, ਅੱਖਾਂ ਦੀ ਉਘੀ ਡਾਕਟਰ ਬੀਬਾ ਬਲਜੀਤ ਕੌਰ ਸਮੇਤ ਕਾਂਗਰਸ- ਬਸਪਾ ਦੇ ਸੈਂਕੜੇ ਵਰਕਰ ‘ਆਪ’ ਵਿੱਚ ਸ਼ਾਮਲ ਹੋ ਗਏ। ‘ਆਪ’ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਅਤੇ ਵਿਧਾਇਕਾ ਬੀਬਾ ਬਲਜਿੰਦਰ ਕੌਰ ਨੇ ਇਨਾਂ ਸਾਰੇ ਆਗੂਆਂ ਨੂੰ ਪਾਰਟੀ ‘ਚ ਰਸਮੀ ਤੌਰ ‘ਤੇ ਸ਼ਾਮਲ ਕਰਕੇ ਇਹਨਾਂ ਦਾ ਜ਼ੋਰਦਾਰ ਸਵਾਗਤ ਕੀਤਾ।
ਸਿਆਸੀ ਆਗੂਆਂ ਨੂੰ ‘ਆਪ’ ਵਿੱਚ ਸ਼ਾਮਲ ਕਰਨ ਲਈ ਕਰਵਾਏ ਸਾਦੇ, ਪਰ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਪਰਿਵਾਰ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਹਰ ਦਿਨ ਵੱਡੇ ਆਗੂ, ਪੱਤਰਕਾਰ, ਵਕੀਲ, ਕਲਾਕਾਰ, ਡਾਕਟਰ, ਅਤੇ ਅਫ਼ਸਰ ‘ਆਪ’ ਦੇ ਪਰਿਵਾਰ ਦਾ ਹਿੱਸਾ ਬਣ ਰਹੇ ਹਨ। ਇਸੇ ਕੜੀ ਤਹਿਤ ਮਾਝੇ ਦੇ ਸਿਰਕੱਢ ਕਾਂਗਰਸੀ ਆਗੂ ਲਾਲੀ ਮਜੀਠੀਆ ਆਪਣੇ ਸਾਥੀਆਂ ਨਾਲ ‘ਆਪ’ ਦੇ ਪਰਿਵਾਰ ਵਿੱਚ ਸ਼ਾਮਲ ਹੋਏ ਹਨ। ਮਾਨ ਨੇ ਲਾਲੀ ਮਜੀਠੀਆ ਅਤੇ ਉਨਾਂ ਦੇ ਸਾਥੀਆਂ ਦਾ ਰਸਮੀ ਤੌਰ ‘ਤੇ ਪਾਰਟੀ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਲਾਲੀ ਮਜੀਠੀਆ ਨੇ ਗਲਤ ਨੀਤੀਆਂ ਖ਼ਿਲਾਫ਼ ਵੱਡੀ ਲੜਾਈ ਲੜੀ ਹੈ। ਮਜੀਠੀਆ ਦੇ ‘ਆਪ’ ਵਿੱਚ ਸ਼ਾਮਲ ਹੋਣ ‘ਤੇ ਜਿੱਥੇ ਪਾਰਟੀ ਨੂੰ ਮਾਝੇ ਵਿੱਚ ਵੱਡਾ ਹੁਲਾਰਾ ਮਿਲਿਆ ਹੈ, ਉਥੇ ਹੀ ਉਨਾਂ (ਮਜੀਠੀਆ) ਦਾ ਤਜਰਬਾ ਪਾਰਟੀ ਦੇ ਕੰਮ ਆਵੇਗਾ।
ਭਗਵੰਤ ਮਾਨ ਨੇ ਦੱਸਿਆ ਕਿ ‘ਆਪ’ ਦੇ ਸਾਬਕਾ ਸੰਸਦ ਮੈਂਬਰ ਅਤੇ ਸੀਨੀਅਰ ਸਾਥੀ ਪ੍ਰੋ. ਸਾਧੂ ਸਿੰਘ ਦੀ ਬੇਟੀ ਡਾ. ਬਲਜੀਤ ਕੌਰ ਸਰਕਾਰੀ ਡਾਕਟਰ ਵਜੋਂ ਸੇਵਾਵਾਂ ਦੇ ਰਹੇ ਸਨ। ਡਾ. ਬਲਜੀਤ ਕੌਰ ਨੇ ਸਰਕਾਰੀ ਨੌਕਰੀ ਛੱਡ ਕੇ ਪਾਰਟੀ ‘ਚ ਸ਼ਾਮਲ ਹੋਣ ਦਾ ਵੱਡਾ ਫ਼ੈਸਲਾ ਲਿਆ ਹੈ। ਜਿਸ ‘ਤੇ ਪਾਰਟੀ ਨੂੰ ਮਾਣ ਹੈ। ਉਨਾਂ ਕਿਹਾ ਕਿ ਫ਼ਰੀਦਕੋਟ ਅਤੇ ਸ੍ਰੀ ਮੁਕਤਸਰ ਸਾਹਿਬ ਇਲਾਕੇ ‘ਚ ਬਤੌਰ ਡਾਕਟਰ ਬਲਜੀਤ ਕੌਰ ਦੀ ਇਮਾਨਦਾਰ, ਸਾਫ਼ ਸੁਥਰੀ ਅਤੇ ਸ਼ਾਨਦਾਰ ਛਬੀ ਕਰਕੇ ਆਮ ਆਦਮੀ ਪਾਰਟੀ ਹੋਰ ਮਜ਼ਬੂਤ ਹੋਵੇਗੀ।
ਇਸ ਮੌਕੇ ਰਾਘਵ ਚੱਢਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੋਈ ਸਮਝੌਤਾਵਾਦੀ ਪਾਰਟੀ ਨਹੀਂ ਹੈ, ਸਗੋਂ ਕਾਂਗਰਸ- ਅਕਾਲੀ ਦਲ ਦੇ ਸਮਝੌਤੇ ਨੂੰ ਤੋੜਨ ਵਾਲੀ ਪਾਰਟੀ ਹੈ। ਰਾਘਵ ਚੱਢਾ ਨੇ ਦਾਅਵਾ ਕੀਤਾ ਕਿ ਲੀਲੀ ਮਜੀਠੀਆ ਵਿਧਾਨ ਸਭਾ ਹਲਕਾ ਮਜੀਠਾ ਤੋਂ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਉਣਗੇ।
ਪਨਗਰੇਨ ਦੇ ਸਾਬਕਾ ਚੇਅਰਮੈਨ ਸੁਖਜਿੰਦਰ ਸਿੰਘ ਲਾਲੀ ਮਜੀਠੀਆ ਨੇ ਦੱਸਿਆ ਕਿ ਉਨਾਂ 40 ਸਾਲ ਕਾਂਗਰਸ ਪਾਰਟੀ ਦੀ ਸੇਵਾ ਕੀਤੀ ਹੈ, ਪਰ ਹੁਣ ਕਾਂਗਰਸ ਪਾਰਟੀ ਵਿੱਚ ਉਨਾਂ ਦਾ ਸਾਹ ਘੁਟ ਰਿਹਾ ਸੀ। ਉਨਾਂ ਦਾ ਮਜੀਠੀਆ ਹਲਕੇ ਤੋਂ ਬਿਕਰਮ ਸਿੰਘ ਮਜੀਠੀਆ ਨਾਲ ਮੁਕਾਬਲਾ ਹੁੰਦਾ ਰਿਹਾ ਹੈ, ਪਰ ਕਾਂਗਰਸੀ ਅਤੇ ਅਕਾਲੀ ਦਲ ਵਾਲੇ ਮਿਲ ਕੇ ਉਨਾਂ ਨੂੰ ਹਰਾਉਂਦੇ ਰਹੇ ਹਨ। ਪੰਜਾਬ ਵਾਸੀਆਂ ਨੂੰ ਬੇਅਦਬੀ, ਨਸ਼ੇ ਅਤੇ ਮਾਫੀਆ ਰਾਜ ਜਿਹੇ ਮੁੱਦਿਆਂ ‘ਤੇ ਇਨਸਾਫ਼ ਨਹੀਂ ਮਿਲਿਆ। ਭਾਵੇਂ ਹਾਈਕੋਰਟ ਦੇ ਹੁਕਮਾਂ ‘ਤੇ ਬਿਕਰਮ ਸਿੰਘ ਮਜੀਠੀਆ ਖਿਲਾਫ਼ ਪਰਚਾ ਜ਼ਰੂਰ ਦਰਜ ਕੀਤਾ ਗਿਆ, ਪਰ ਗ੍ਰਿਫਤਾਰੀ ਅਜੇ ਤੱਕ ਨਹੀਂ ਕੀਤੀ ਗਈ। ਲਾਲੀ ਮਜੀਠੀਆ ਨੇ ‘ਆਪ’ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਮਜੀਠੀਆ ਹਲਕੇ ਤੋਂ ਡੱਟ ਕੇ ਚੋਣ ਲੜੇਗੀ ਜਾਵੇਗੀ ਅਤੇ ਵਿਰੋਧੀਆਂ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਵੇਗਾ।

Related Articles

Leave a Reply

Your email address will not be published. Required fields are marked *

Back to top button
error: Sorry Content is protected !!