ਕੈਪਟਨ ਅਮਰਿੰਦਰ ਸਿੰਘ ਸਿੱਧੂ ਦਾ ਮੁੱਦਾ ਛੇਤੀ ਹੀ ਕਾਂਗਰਸ ਹਾਈ ਕਮਾਂਡ ਕੋਲ ਉਠਾਉਣਗੇ

Punjab REGIONAL
By Admin

ਸ਼ਹਿਰੀ  ਇਲਾਕਿਆਂ ਵਿੱਚ ਪਾਰਟੀ ਦੀ ਮਾੜੀ ਕਾਰਗੁਜਾਰੀ ਲਈ ਸਿੱਧੂ ’ਤੇ ਵਿਭਾਗ ਨੂੰ ਚੰਗੀ ਤਰਾਂ ਨਾ ਚਲਾਉਣ ਦਾ ਦੋਸ਼
ਚੋਣਾਂ ਦੇ ਸੰਦਰਭ ਵਿੱਚ ਸਾਰੇ ਮੰਤਰੀਆਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲਿਆ ਜਾਵੇਗਾ
ਚੰਡੀਗੜ, 23 ਮਈ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਚੋਣਾਂ ਤੋਂ ਐਨ ਪਹਿਲਾਂ ਨਵਜੋਤ ਸਿੰਘ ਸਿੱਧੂ ਵੱਲੋਂ ਦੇ ਨੁਕਸਾਨ ਪਹੁੰਚਾਉਣ ਵਾਲੇ ਬਿਆਨ ਦਾ ਮੁੱਦਾ ਉਹ ਛੇਤੀ ਹੀ ਕਾਂਗਰਸ ਹਾਈ ਕਮਾਂਡ ਕੋਲ ਉਠਾਉਣਗੇ। ਉਨਾਂ ਕਿਹਾ ਕਿ ਇਸ ਬਿਆਨ ਨੇ ਬਠਿੰਡਾ ਵਿੱਚ ਪਾਰਟੀ ਦੀ ਕਾਰਗੁਜ਼ਾਰੀ ਨੂੰ ਪ੍ਰਭਾਵਿਤ ਕੀਤਾ ਹੈ।
ਮੁੱਖ ਮੰਤਰੀ ਨੇ ਕਿਹਾ ਹੈ ਕਿ ਸੂਬੇ ਵਿੱਚ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੇ ਪਿਛੋਕੜ ਵਿੱਚ ਮੰਤਰੀਆਂ ਦੀ ਕਾਰਗੁਜ਼ਾਰੀ ਦਾ ਵੀ ਜਾਇਜ਼ਾ ਲਿਆ ਜਾਵੇਗਾ। ਉਨਾਂ ਕਿਹਾ ਕਿ ਅਸੀਂ ਮੰਤਰੀਆਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲਵਾਂਗੇ ਅਤੇ ਇਹ ਚੋਣਾਂ ਤੋਂ ਪਹਿਲਾਂ ਪਾਰਟੀ ਦੁਆਰਾ ਦਿੱਤੀ ਗਈ ਕੋਈ ਗੁਝੀ ਚੇਤਾਵਨੀ ਨਹੀਂ ਸੀ।
ਪੰਜਾਬ ਵਿਚ ਕਾਂਗਰਸ ਦੀ ਕਾਰਗੁਜ਼ਾਰੀ ’ਤੇ ਸਿੱਧੂ ਦੀ ਟਿਪਣੀ ਦੇ ਸੰਭਾਵੀ ਪ੍ਰਭਾਵ ’ਤੇ ਸਿੱਧੀ ਟਿੱਪਣੀ ਕਰਨ ਤੋਂ ਹਾਲਾਂਕਿ ਉਨਾਂ ਨੇ ਇਨਕਾਰ ਕੀਤਾ ਪਰ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਕ ਮੰਤਰੀ ਵੱਜੋਂ ਸਿੱਧੂ ਦੀ ਖੁਦ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਣ ਦੀ ਜ਼ਰੂਰਤ ਹੈ। ਸਿੱਧੂ ਵੱਲੋਂ ਵਿਭਾਗ ਨੂੰ ਚਲਾਉਣ ਵਿਚ ਯੋਗ ਨਾ ਹੋਣ ’ਤੇ ਟਿੱਪਣੀ ਕਰਦਿਆਂ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਚੋਣ ਨਤੀਜਿਆਂ ਤੋਂ ਬਾਅਦ ਪਾਰਟੀ ਵਿੱਚ ਸਾਰੇ ਮਾਮਲੇ ਹੱਲ ਹੋਣ ਤੋਂ ਬਾਅਦ ਉਹ ਪਾਰਟੀ ਹਾਈ ਕਮਾਂਡ ਕੋਲ ਇਹ ਮੁੱਦਾ ਉਠਾਉਣਗੇ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਦੇ ਸ਼ਹਿਰੀ ਇਲਾਕਿਆਂ ਵਿੱਚ ਮਾੜੀ ਕਾਰਗੁਜ਼ਾਰੀ ਦਿਖਾਈ ਹੈ ਅਤੇ ਸਿੱਧੂ ਸ਼ਹਿਰੀ ਵਿਕਾਸ ਮੰਤਰੀ ਹੈ। ਉਨਾਂ ਕਿਹਾ ਕਿ ਜਮਹੂਰੀਅਤ ਵਿਚ ਹਰੇਕ ਨੂੰ ਆਪਣੇ-ਆਪ ਨੂੰ ਬੜਾਵਾ ਦੇਣ ਦਾ ਅਧਿਕਾਰ ਹੈ ਪਰ ਐਨ ਚੋਣਾਂ ਦੇ ਮੌਕੇ ਉਸ ਵੱਲੋਂ ਦਿੱਤਾ ਗਿਆ ਵਿਵਾਦਪੂਰਨ ਬਿਆਨ ਬਿਲਕੁਲ ਗਲਤ ਸੀ।
ਬੇਅਦਬੀ ਦੇ ਮਾਮਲਿਆਂ ਵਿਚ ਪੜਤਾਲ ਸਬੰਧੀ ਸਿੱਧੂ ਦੀ ਟਿੱਪਣੀ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਮੰਤਰੀ ਵਿਧਾਨ ਸਭਾ ਵੱਲੋਂ ਐਸ.ਆਈ.ਟੀ ਨੂੰ ਸਥਾਪਿਤ ਕਰਨ ਦੀ ਗੱਲ ਨੂੰ ਪ੍ਰਤੱਖ ਰੂਪ ਵਿੱਚ ਸਮਝ ਨਹੀਂ ਰਿਹਾ। ਉਨਾਂ ਕਿਹਾ ਕਿ ਇਸ ਨੇ ਪੜਤਾਲ ਨੂੰ ਮੁਕੰਮਲ ਕਰਨਾ ਹੈ।
ਮੁੱਖ ਮੰਤਰੀ ਨੇ ਦੁਹਰਾਇਆ ਕਿ ਪਾਕਿਸਤਾਨ ਦੀ ਫੌਜ ਦੇ ਮੁਖੀ ਦੇ ਨਾਲ ਸਿੱਧੂ ਦੀ ‘ਜ਼ਾਰੀ ਅਤੇ ਜੱਫੀ’ ਨੂੰ ਖਾਸ ਤੌਰ ’ਤੇ ਫੌਜੀਆਂ ਨੇ ਸਹਿਣ ਨਹੀਂ ਕੀਤਾ ਜਿਨਾਂ ਦੀ ਆਈ.ਐਸ.ਆਈ ਦਾ ਸਮੱਰਥਨ ਪ੍ਰਾਪਤ ਅਤਵਾਦੀਆਂ ਵੱਲੋਂ ਹੱਤਿਆਵਾਂ ਕੀਤੀਆਂ ਜਾ ਰਹੀਆਂ ਹਨ ਜਦਕਿ ਸਿੱਧੂ ਉਨਾਂ ਦੇ ਆਗੂਆਂ ਨੂੰ ਜੱਫੀਆਂ ਪਾ ਰਿਹਾ ਹੈ।
ਪਾਰਟੀ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਕਾਂਗਰਸ ’ਤੇ ਉਲਟ ਪ੍ਰਭਾਵ ਦੇ ਸੁਝਾਅ ਨੂੰ ਰੱਦ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਰਟੀ ਨੇ ਉਨਾਂ ਇਲਾਕਿਆਂ ਵਿੱਚ ਜਿੱਤ ਹਾਸਲ ਕੀਤੀ ਹੈ ਜਿੱਥੇ ਉਸ ਦਾ ਕੁਝ ਪ੍ਰਭਾਵ ਸੀ।
ਪੰਜਾਬ ਵਿੱਚ ਪਾਰਟੀ ਦੀ ਜਿੱਤ ਲਈ ਪਾਰਟੀ ਵਰਕਰਾਂ, ਆਗੂਆਂ ਅਤੇ ਸਾਰੇ ਪੰਜਾਬੀਆਂ ਦਾ ਧੰਨਵਾਦ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਲੋਕਾਂ ਦੀ ਖਾਹਿਸ਼ਾਂ ਨੂੰ ਪੂਰਾ ਕਰਨ ਲਈ ਹਰ ਕਾਰਜ ਕਰਨਗੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਕਾਂਗਰਸ ਇਸ ਗੱਲ ’ਤੇ ਅੰਤਰਝਾਤ ਮਾਰੇਗੀ ਕਿ ਬਠਿੰਡਾ ਦੇ ਤਿੰਨ ਖੇਤਰਾਂ ਵਿੱਚ ਪਾਰਟੀ ਕਮਜ਼ੋਰ ਕਿਉਂ ਰਹੀ। ਉਨਾਂ ਕਿਹਾ ਕਿ ਸਖਤ ਮੇਹਨਤ ਦੇ ਬਾਵਜੂਦ ਗੁਰਦਾਸਪੁਰ ਵਿੱਚ ਸੁਨੀਲ ਜਾਖੜ ਦੀ ਸੰਨੀ ਦਿਓਲ ਹੱਥੋਂ ਹਾਰ ਬਾਰੇ ਵੀ ਅੰਤਰਝਾਤ ਮਾਰੀ ਜਾਵੇਗੀ। ਭਾਰਤੀ ਜਮਹੂਰੀਅਤ ਦੇ ਆਉਂਦੇ ਸਮੇਂ ਦੌਰਾਨ ਹੋਰ ਉਭਰਨ ਦੀ ਉਮੀਦ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਕ ਤਜਰਬੇਕਾਰ ਆਗੂ ਦੀ ਥਾਂ ਫਿਲਮ ਸਟਾਰ ਦੇ ਹੱਕ ਵਿੱਚ ਲੋਕਾਂ ਦੇ ਭੁਗਤਣ ਨੂੰ ਉਹ ਸਮਝ ਨਹੀਂ ਸਕੇ।
ਹੁਸ਼ਿਆਰਪੁਰ ਵਿੱਚ ਪਾਰਟੀ ਦੀ ਹਾਰ ਬਾਰੇ ਪੁੱਛੇ ਜਾਣ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵੋਟਾਂ ਬਹੁਜਨ ਸਮਾਜ ਪਾਰਟੀ ਵੱਲ ਭੁਗਤ ਜਾਣ ਕਾਰਨ ਕਾਂਗਰਸ ਦੀ ਹਾਰ ਦੀ ਵਜਾ ਬਣੀ ਕਿਉਂ ਜੋ ਬਸਪਾ ਇਸ ਹਲਕੇ ਵਿੱਚ ਫੈਸਲਾਕੁੰਨ ਕਾਰਨ ਸਾਬਤ ਹੋਈ ਅਤੇ ਬਾਕੀਆਂ ਦੇ ਵੋਟ ਬੈਂਕ ਦੇ ਫਰਕ ਨੂੰ ਪ੍ਰਭਾਵਿਤ ਕੀਤਾ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸਮੁੱਚੇ ਤੌਰ ’ਤੇ ਪੰਜਾਬ ਦੇ ਲੋਕਾਂ ਨੇ ਸੂਬਾ ਸਰਕਾਰ ਦੇ ਕਰਜ਼ਾ ਮੁਕਤੀ ਅਤੇ ਰੁਜ਼ਗਾਰ ਉਤਪਤੀ ਦੇ ਪ੍ਰੋਗਰਾਮਾਂ ਸਮੇਤ ਵਿਕਾਸ ਕਾਰਜਾਂ ਅਤੇ ਭਲਾਈ ਸਕੀਮਾਂ ਨੂੰ ਭਰਵਾਂ ਹੁੰਗਾਰਾ ਦਿੱਤਾ ਹੈ। ਇਕ ਸਵਾਲ ਦੇ ਜਵਾਬ ਵਿੱਚ ਉਨਾਂ ਕਿਹਾ ਕਿ ਬੇਅਦਬੀ ਦਾ ਬਾਦਲਾਂ ਨੂੰ ਸਪਸ਼ੱਟ ਰੂਪ ਵਿੱਚ ਖਾਮਿਆਜਾ ਭੁਗਤਣਾ ਪਿਆ। ਉਨਾਂ ਕਿਹਾ ਕਿ ਹਿੰਦੂਤਵ ਦਾ ਪੰਜਾਬ ਵਿੱਚ ਚੋਣਾਂ ’ਤੇ ਕੋਈ ਅਸਰ ਨਹੀਂ ਪਿਆ।
ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਉਮੀਦਵਾਰ ਭਗਵੰਤ ਮਾਨ ਦੀ ਜਿੱਤ ਬਾਰੇ ਪੁੱਛੇ ਜਾਣ ’ਤੇ ਮੁੱਖ ਮੰਤਰੀ ਨੇ ਇਸ ਨੂੰ ਆਪ ਦੀ ਨਹੀਂ ਸਗੋਂ ਉਸ ਦੀ ਆਪਣੀ ਜਿੱਤ ਦੱਸਿਆ ਅਤੇ ਕਿਹਾ ਕਿ ਆਪ ਸਿਆਸੀ ਤੌਰ ’ਤੇ ਪੂਰੀ ਤਰਾਂ ਖਤਮ ਹੋ ਚੁੱਕੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਇਸ ਸੁਝਾਅ ਨੂੰ ਰੱਦ ਕੀਤਾ ਕਿ ਕੌਮੀ ਪੱਧਰ ’ਤੇ ਕਾਂਗਰਸ ਪਾਰਟੀ ਦੀ ਕਾਰਗੁਜ਼ਾਰੀ ਨਾਲ ਰਾਹੁਲ ਗਾਂਧੀ ਦੇ ਲੀਡਰਸ਼ਿਪ ’ਤੇ  ਸਵਾਲ ਖੜੇ ਹੁੰਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਹ ਰਾਹੁਲ ਗਾਂਧੀ ਨੂੰ ਨੇੜਿਓਂ ਜਾਣਦੇ ਹਨ ਜੋ ਇਕ ਵਧੀਆ ਲੀਡਰ ਹਨ। ਉਨਾਂ ਕਿਹਾ ਕਿ ਜਿੱਤ-ਹਾਰ ਪ੍ਰਕਿਰਿਆ ਦਾ ਹਿੱਸਾ ਹੁੰਦੀ ਹੈ। ਜਦੋਂ ਲੋਕ ਸਭਾ ਵਿੱਚ ਕਾਂਗਰਸ ਕੋਲ 300 ਤੋਂ ਵੱਧ ਸੀਟਾਂ ਹੋਣ ’ਤੇ ਭਾਜਪਾ ਦੋ ਸੀਟਾਂ ਤੋਂ ਉੱਪਰ ਉੱਠ ਸਕਦੀ ਹੈ ਤਾਂ ਕਾਂਗਰਸ ਵੀ ਮੁੜ ਵਾਪਸੀ ਕਰ ਸਕਦੀ ਹੈ ਅਤੇ ਕਰੇਗੀ।
ਮੁੱਖ ਮੰਤਰੀ ਨੇ ਕਾਂਗਰਸ ਵੱਲੋਂ ਪਰਿਵਾਰਵਾਦ ਦੀ ਸਿਆਸਤ ਕਰਨ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਨੂੰ ਲੋਕਾਂ ’ਤੇ ਕਦੇ ਵੀ ਥੋਪਿਆ ਨਹੀਂ ਗਿਆ ਸਗੋਂ ਉਹ ਬਕਾਇਦਾ ਤੌਰ ’ਤੇ ਚੁਣੇ ਗਏ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਮੋਦੀ ਚੋਣਾਂ ਜਿੱਤ ਗਏ ਹਨ ਪਰ ਉਹ ਮਹਿਸੂਸ ਕਰਦੇ ਹਨ ਕਿ ਪ੍ਰਧਾਨ ਮੰਤਰੀ ਨੂ ੰ ਅਜਿਹਾ ਕੁਝ ਵੀ ਕਰਨਾ ਨਹੀਂ ਚਾਹੀਦਾ ਜਿਸ ਨਾਲ ਸਾਡੇ ਮੁਲਕ ਦੀਆਂ ਕਦਰਾਂ ਕੀਮਤਾਂ ਨੂੰ ਢਾਹ ਲੱਗਦੀ ਹੋਵੇ। ਉਨਾਂ ਕਿਹਾ ਕਿ ਉਹ ਭਾਜਪਾ ਵੱਲੋਂ ਪ੍ਰਚਾਰੇ ਜਾ ਰਹੇ ਰਾਸ਼ਟਰਵਾਦ ਦੇ ਬਰਾਂਡ ਨਾਲ ਸਹਿਮਤ ਨਹੀਂ ਹਨ ਕਿਉਂਕਿ ਭਾਰਤ ਦਾ ਹਰੇਕ ਨਾਗਰਿਕ ਇਕ ਰਾਸ਼ਟਰਵਾਦੀ ਹੈ ਅਤੇ ਮੁਲਕ ਦੀ ਮਜਬੂਤੀ ਇਸ ਦੀ ਵਿਭਿੰਨਤਾ ਵਿੱਚ ਹੈ। ਉਨਾਂ ਨੇ ਸਪਸ਼ਟ ਕੀਤਾ ਕਿ ਮੋਦੀ ਨੂੰ ਬਾਲਾਕੋਟ ਦਾ ਸਿਹਰਾ ਦੇਣਾ ਪੂਰੀ ਤਰਾਂ ਗਲਤ ਹੈ ਕਿਉਂਜੋ 1971 ਵਿੱਚ ਇੰਦਰਾ ਗਾਂਧੀ ਸਮੇਤ ਹੋਰ ਨੇਤਾਵਾਂ ਨੇ ਵੀ ਅਜਿਹੀਆਂ ਸਖ਼ਤ ਕਾਰਵਾਈਆਂ ਕੀਤੀਆਂ ਹਨ ਪਰ ਇਸ ਦਾ ਸਿਹਰਾ ਹਮੇਸ਼ਾ ਫੌਜ ਨੂੰ ਦਿੱਤਾ ਹੈ।
ਈ.ਵੀ.ਐਮ. ਬਾਰੇ ਇਕ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਨੇ ਸਭ ਤੋਂ ਪਹਿਲਾਂ ਇਹ ਮਸਲਾ ਉਸ ਮੌਕੇ ਉਠਾਇਆ ਸੀ ਜਦੋਂ ਮਨੋਹਰ ਸਿੰਘ ਗਿੱਲ ਭਾਰਤ ਦੇ ਮੁੱਖ ਚੋਣ ਕਮਿਸ਼ਟਰ ਹੁੰਦੇ ਸਨ। ਉਨਾਂ ਕਿਹਾ ਕਿ ਕੋਈ ਵੀ ਵਿਕਸਿਤ ਮੁਲਕ ਈ.ਵੀ.ਐਮ. ਦੀ ਵਰਤੋਂ ਨਹੀਂ ਕਰ ਰਿਹਾ ਅਤੇ ਇਨਾਂ ਮਸ਼ੀਨਾਂ ਨਾਲ ਛੇੜਛਾੜ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ।

Leave a Reply