ਕੈਪਟਨ ਅਮਰਿੰਦਰ ਸਿੰਘ ਵੱਲੋਂ ਧਾਰਮਿਕ ਮਹੱਤਤਾ ਦੇ ਮਾਮਲਿਆਂ ਵਿੱਚ ਪੰਜਾਬ ਸਰਕਾਰ ਵਿਰੁੱਧ ਵਿਤਕਰਾ ਕਰਨ ਲਈ ਮੋਦੀ ਦੀ ਆਲੋਚਨਾ

Punjab REGIONAL
By Admin
੍ਹ ‘ਜਲਿ੍ਹਆਂਵਾਲਾ ਸਮਾਰੋਹ ‘ਚ ਹਾਜ਼ਰੀ ਲਵਾਉਣ ‘ਚ ਕੇਂਦਰੀ ਮੰਤਰੀ ਹਰਸਿਮਰਤ ਤੇ ਬਾਦਲਾਂ ਦੇ ਨਾਕਾਮ ਰਹਿਣ ‘ਤੇ ਪ੍ਰਧਾਨ ਮੰਤਰੀ ਨੇ ਉਂਗਲ ਕਿਉਂ ਨਾ ਧਰੀ’
ਚੰਡੀਗੜ੍ਹ, 15 ਅਪ੍ਰੈਲ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਸ ਦੀ ਪਾਰਟੀ ਦੇ ਫੁੱਟ ਪਾਊ ਏਜੰਡੇ ਦੇ ਹਿੱਸੇ ਵਜੋਂ ਉਸ ਵੱਲੋਂ ਧਾਰਮਿਕ ਮਹੱਤਤਾ ਦੇ ਮਾਮਲਿਆਂ ਵਿੱਚ  ਪੰਜਾਬ ਦੀ ਕਾਂਗਰਸ ਸਰਕਾਰ ਵਿਰੁੱਧ ਗੰਭੀਰ ਵਿਤਕਰਾ ਕਰਨ ਦਾ ਦੋਸ਼ ਲਾਇਆ ਹੈ |
ਐਤਵਾਰ ਨੂੰ ਕਠੂਆ ਵਿਖੇ ਆਪਣੇ ਭਾਸ਼ਨ ਦੌਰਾਨ ਮੋਦੀ ਵੱਲੋਂ ਨਿਸ਼ਾਨਾ ਬਣਾਏ ਜਾਣ ‘ਤੇ ਟਿੱਪਣੀ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੰੂ ਪੁੱਛਿਆ ਹੈ ਕਿ ਜਲਿ੍ਹਆਂਵਾਲਾ ਬਾਗ਼ ਕਤਲੇਆਮ ਦੇ ਕੇਂਦਰ ਸਰਕਾਰ ਦੇ ਸ਼ਤਾਬਦੀ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਬਾਦਲਾਂ ਸਣੇ ਅਕਾਲੀ ਆਗੂਆਂ ਦੇ ਅਸਫ਼ਲ ਰਹਿਣ ਕਾਰਨ ਉਨ੍ਹਾਂ ਨੇ ਉਨ੍ਹਾਂ ਉੱਪਰ ਉਂਗਲ ਕਿਉਂ ਨਹੀਂ ਧਰੀ |
ਮੁੱਖ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਵਿੱਚ ਕੈਬਨਿਟ ਮੰਤਰੀ ਹਰਸਿਮਰਤ ਬਾਦਲ ਅਤੇ ਨਾ ਹੀ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਇਤਿਹਾਸਕ ਜਲਿ੍ਹਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਦੇ ਯੋਗ ਨਹੀਂ ਸਮਝੇ ਗਏ | ਖੁਦ ਮੋਦੀ ਨੇ ਵੀ ਰਾਸ਼ਟਰੀ ਮਹੱਤਤਾ ਦੇ ਮੌਕੇ ‘ਤੇ ਪਰੇ ਰਹਿਣ ਦਾ ਰਾਹ ਚੁਣਿਆ | ਮੇਰੇ ਵੱਲੋਂ ਜਲਿ੍ਹਆਂਵਾਲਾ ਬਾਗ਼ ਰਾਸ਼ਟਰੀ ਯਾਦਗਾਰ ਵਿਖੇ ਦੋ ਦਿਨ ਲੜੀਵਾਰ ਸਮਾਗਮਾਂ ਦਾ ਹਿੱਸਾ ਬਣੇ ਰਹਿਣ ਦੇ ਬਾਵਜੂਦ ਮੋਦੀ ਨੇ ਮੇਰੀ ਆਲੋਚਨਾ ਕੀਤੀ ਹੈ | ਉਨ੍ਹਾਂ ਨੇ ਪ੍ਰਧਾਨ ਮੰਤਰੀ ਵੱਲੋਂ ਕੀਤੇ ਗਏ ਇਸ ਚੋਣਵੇਂ ਅਤੇ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਹਮਲੇ ਦੀ ਨਿਖੇਧੀ ਕੀਤੀ ਹੈ |
ਅੱਜ ਇੱਥੇ ਜਾਰੀ ਇੱਕ ਤਾਬੜ-ਤੋੜ ਬਿਆਨ ਵਿੱਚ ਮੁੱਖ ਮੰਤਰੀ ਨੇ ਪੁੱਛਿਆ,”ਕਿਉਂ ਮੋਦੀ ਇਸ ਪ੍ਰਮੁੱਖ ਸਮਾਰੋਹ ਵਿੱਚ ਹਾਜ਼ਰ ਨਾ ਹੋਇਆ? ਕਿਉਂ ਬਾਦਲ ਇੱਥੇ ਆਉਣ ਵਿੱਚ ਅਸਫ਼ਲ ਰਹੇ ਅਤੇ ਕਿਉਂ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਗੈਰਹਾਜ਼ਰੀ ਨੂੰ ਜਾਣਬੁੱਝ ਕੇ ਅਣਗੌਲਿਆ?”
ਪੰਜਾਬ ਵਿੱਚ ਕਾਂਗਰਸ ਸਰਕਾਰ ਨਾਲ ਲਗਾਤਾਰ ਵਿਤਕਰਾ ਕਰਨ ਦੀ ਮੋਦੀ ਦੀ ਕਾਰਵਾਈ ਦਾ ਵਿਸ਼ਲੇਸ਼ਣ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਲਿ੍ਹਆਂਵਾਲਾ ਬਾਗ਼ ਸ਼ਤਾਬਦੀ ਸਮਾਰੋਹ ਦੇ ਮੌਕੇ ਸੂਬਾ ਸਰਕਾਰ ਦਾ ਸਮਰਥਨ ਕਰਨ ਦੀ ਬਜਾਏ ਮੋਦੀ ਨੇ ਇਸ ਦੇ ਮੁਕਾਬਲੇ ਵਿੱਚ ਆਪਣਾ ਸਮਾਰੋਹ ਰੱਖਿਆ ਜਿਸ ਦੇ ਨਾਲ ਪ੍ਰਧਾਨ ਮੰਤਰੀ ਦੀ ਅਸਲ ਮਨਸ਼ਾ ਜੱਗ ਜਾਹਰ ਹੋ ਗਈ ਹੈ |
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਲਿ੍ਹਆਂਵਾਲਾ ਬਾਗ਼ ਦੇ ਮੁੱਦੇ ਦੇ ਸਬੰਧ ਵਿੱਚ ਉਨ੍ਹਾਂ ‘ਤੇ ਮੋਦੀ ਦੇ ਹਮਲੇ ਦੀ ਇਕ ਸਪਸ਼ਟ ਸ਼ੈਲੀ ਝਲਕਦੀ ਹੈ | ਮੋਦੀ ਵੱਲੋਂ ਆਪਣੀਆਂ ਸਿਆਸੀ ਖਾਹਿਸ਼ਾਂ ਦੇ ਵਾਸਤੇ ਪੰਜਾਬੀ ਭਾਈਚਾਰੇ ਨੂੰ ਲੁਭਾਉਣ ਦੀ ਸ਼ਰਮਨਾਕ ਕਾਰਵਾਈ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਪੰਜਾਬੀ ਭਾਈਚਾਰਾ ਮੋਦੀ ਦੀਆਂ ਇਨ੍ਹਾਂ ਸੌੜੀਆਂ ਕਾਰਵਾਈਆਂ ਦੇ ਭੁਚਲਾਵਾ ਵਿੱਚ ਨਹੀਂ ਆਵੇਗਾ | ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਸੂੁਬੇ ਵਿੱਚੋਂ ਵੋਟਾਂ ਪ੍ਰਾਪਤ ਕਰਨ ਲਈ ਉਸਾਰੂ ਏਜੰਡੇ ਨਾਲ ਅੱਗੇ ਆਉਣ ਲਈ ਕਿਹਾ ਹੈ |
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੀ ਸ਼ਕਤੀਸ਼ਾਲੀ ਸਰਕਾਰ ਹੈ ਜਿਸ ਨੇ ਮੋਦੀ ਦੀਆਂ ਖਾਹਿਸ਼ਾਂ ਨੂੰ ਗੰਭੀਰ ਚੁਣੌਤੀ ਪੈਦਾ ਕੀਤੀ ਹੈ | ਇਸ ਕਰਕੇ ਉਹ ਸੂਬਾ ਸਰਕਾਰ ‘ਤੇ ਹੇਠਲੇ ਪੱਧਰ ‘ਤੇ ਹਮਲੇ ਕਰ ਰਿਹਾ ਹੈ | ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਲਗਾਤਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਵਾਸਤੇ ਉਪਲੱਭਦ ਫੰਡ ਦੇਣ ਤੋਂ ਇਨਕਾਰ ਕੀਤਾ ਹੈ ਜੋ ਕਿ ਇਸ ਸਾਲ ਨਵੰਬਰ ਵਿੱਚ ਮਨਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਮੋਦੀ ਵਿਤਕਰੇ ਵਾਲੀ ਪਹੁੰਚ ਅਪਣਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇ ਮੋਦੀ ਸਰਕਾਰ ਪ੍ਰਕਾਸ਼ ਪੁਰਬ ਮੌਕੇ ਵੀ ਵੱਖਰਾ ਸਮਾਗਮ ਕਰਨ ਦੀ ਯੋਜਨਾ ਬਣਾਉਂਦੀ ਹੈ ਤਾਂ ਉਨ੍ਹਾਂ ਨੂੰ ਇਸ ਦੀ ਹੈਰਾਨੀ ਨਹੀਂ ਹੋਵੇਗੀ |
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੋਦੀ ਲੋਕ ਸਭਾ ਚੋਣਾਂ ਜਿੱਤਣ ਦੀ ਨਿਰਾਸ਼ਾਜਨਕ ਕੋਸ਼ਿਸ਼ ਕਰ ਰਿਹਾ ਹੈ ਜਿਸ ਦੇ ਹੇਠ ਉਹ ਵੱਖ-ਵੱਖ ਸੂਬਿਆਂ ਵਿੱਚ ਕਾਂਗਰਸ ਦੀ ਅਗਵਾਈ ਵਾਲੀਆਂ ਸਰਕਾਰਾਂ ਦੀਆਂ ਲਗਾਤਾਰ ਜੜ੍ਹਾਂ ਕੱਟਣ ਦੀ ਕੋਸ਼ਿਸ਼ ਕਰ ਰਿਹਾ ਹੈ ਜਦਕਿ ਇਨ੍ਹਾਂ ਸੂਬਿਆਂ ਵਿੱਚ ਭਾਰਤੀ ਜਨਤਾ ਪਾਰਟੀ ਸਪਸ਼ਟ ਤੌਰ ‘ਤੇ ਫਿਸਲ ਰਹੀ ਹੈ |
ਮੋਦੀ ਨੂੰ ਹਰ ਗੱਲ ਦਾ ਸਿਹਰਾ ਆਪਣੇ ਸਿਰ ਬੰਨਣ ਵਾਲਾ ਦੱਸਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਵਾਰ ਵਾਰ ਇਸ ਸਬੰਧ ਵਿੱਚ ਨੰਗਾ ਹੋਇਆ ਹੈ | ਪਿੱਛਲੇ ਸਾਲ ਨਵੰਬਰ ਵਿੱਚ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਣ ਦੇ ਸਮਾਰੋਹ ਵਿੱਚ ਵੀ ਉਸ ਨੇ ਅਜਿਹਾ ਹੀ ਕੀਤਾ ਸੀ | ਉਨ੍ਹਾਂ ਕਿਹਾ ਕਿ ਅਸਲ ਵਿੱਚ ਇਹ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਇਕ ਆਦਤ ਹੈ ਜੋ ਕਿ ਪਿਛਲੇ ਸ਼ਾਸਨ ਦੌਰਾਨ ਸ਼ੁਰੂ ਹੋਈਆਂ ਵੱਖ-ਵੱਖ ਪਹਿਲਕਦਮੀਆਂ ਅਤੇ ਵਿਕਾਸ ਕੰਮਾਂ ਦਾ ਸਿਹਰਾ ਆਪਣੇ ਸਿਰ ਬੰਨਣ ਦੀ ਕੋਸ਼ਿਸ਼ ਵਿੱਚ ਰਹੀ ਹੈ |
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਕੋਲ ਇਨ੍ਹਾਂ ਚੋਣਾਂ ਦੌਰਾਨ ਵੋਟਰਾਂ ਕੋਲ ਜਾਣ ਲਈ ਕੋਈ ਵੀ ਹਾਂ-ਪੱਖੀ ਏਜੰਡਾ ਨਹੀਂ ਹੈ ਜਿਸ ਕਰਕੇ ਉਹ ਵੱਖ-ਵੱਖ ਕੰਮਾਂ ਦਾ ਆਪਣੇ ਸਿਰ ‘ਤੇ ਸਿਹਰਾ ਬੰਨਣ ਦੀ ਕੋਸ਼ਿਸ਼ ਕਰ ਰਿਹਾ ਹੈ | ਇਸ ਦੇ ਰਾਹੀਂ ਉਹ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਵਿੱਚ ਹੈ | ਉਨ੍ਹਾਂ ਕਿਹਾ ਕਿ ਪੰਜਾਬ ਅਤੇ ਦੇਸ਼ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਦੇ ਅਜਿਹੇ ਬਦਹਵਾਸੀ ਦਾਅ-ਪੇਚਾਂ ਨੂੰ ਦੇਖ ਲਿਆ ਹੈ ਜਿਸ ਕਰਕੇ ਉਹ ਇਸ ਸਰਕਾਰ ਨੂੰ ਸੱਤਾ ਤੋਂ ਹਟਾਉਣ ਲਈ ਪੂਰੀ ਤਰ੍ਹਾਂ ਉਤਾਵਲੇ ਹਨ |

Leave a Reply