ਸਿੱਧੂ ਵੱਲੋਂ ਲੁਧਿਆਣਾ ਦੇ ਪ੍ਰੋਲਾਈਫ ਹਸਪਤਾਲ ਨੂੰ ਬਲੱਡ ਬੈਂਕ ਦੀਆਂ ਜਰੂਰੀ ਸ਼ਰਤਾਂ ਦੀ ਪਾਲਣਾ ਨਾ ਕਰਨ ਸਬੰਧੀ ਕਾਰਨ ਦੱਸੋ ਨੋਟਿਸ ਜਾਰੀ

Punjab
By Admin

ਬਲੱਡ ਬੈਂਕ ਦੇ ਕੰਮਕਾਜ ਤੇ ਤੁਰੰਤ ਪ੍ਰਭਾਵ ਨਾਲ ਲਗਾਈ ਰੋਕ

ਚੰਡੀਗੜ੍ਹ, 13 ਫਰਵਰੀ:

ਲੁਧਿਆਣਾ ਦੇ ਇੱਕ ਪ੍ਰਾਈਵੇਟ ਬਲੱਡ ਬੈਂਕ ਵੱਲੋਂ ਜਰੂਰੀ ਸ਼ਰਤਾਂ ਦੀ ਉਲੰਘਣਾ ਦਾ ਸਖਤ ਨੋਟਿਸ ਲੈਂਦਿਆਂ, ਪੰਜਾਬ ਦੇ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਪ੍ਰੋਲਾਈਫ ਹਸਪਤਾਲਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੇ ਆਦੇਸ਼ ਦਿੱਤੇ ਹਨ, ਜਿਥੇ ਇਹ ਸਹੂਲਤ ਦਿੱਤੀ ਜਾ ਰਹੀ ਸੀ।

ਸਿਹਤ ਵਿਭਾਗ ਦੇ ਸਰਕਾਰੀ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਦੇ ਨਿਰਦੇਸ਼ਾਂ ‘ਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਰਕਾਰੀ ਅਤੇ ਪ੍ਰਾਇਵੇਟ ਹਸਪਤਾਲਾਂ ਵਿੱਚ ਦਿੱਤੀਆਂ ਜਾ ਰਹੀਆਂ ਬਲੱਡ ਬੈਂਕ ਸਹੂਲਤਾਂ ਦਾ ਆਡਿਟ ਕਰਵਾਉਣ ਲਈ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨ ਲਈ ਟੀਮਾਂ ਦਾ ਗਠਨ ਕੀਤਾ ਸੀ। ਜਿਸ ਤਹਿਤ ਅਗਲੇ ਹੁਕਮਾਂ ਤੱਕ ਇਸ ਬਲੱਡ ਬੈਂਕ ਦੇ ਕੰਮ-ਕਾਜ ਤੇ ਰੋਕ ਲਗਾ ਦਿੱਤੀ ਹੈ।

ਬੁਲਾਰੇ ਨੇ ਦੱਸਿਆ ਕਿ ਜਾਂਚ ਦੌਰਾਨ, ਇੰਚਾਰਜ ਬੀਟੀਓ ਵੱਲੋਂ ਖੂਨ ਇਕੱਠਾ ਕਰਨ ਵਾਲੀਆਂ ਥੈਲੀਆਂ ਦਾ ਖਰੀਦ ਰਿਕਾਰਡ ਦਿਖਾਉਣ ਵਿੱਚ ਅਸਫਲ ਰਹਿਣ ਤੋਂ ਬਾਅਦ ਖੂਨ ਇਕੱਠਾ ਕਰਨ ਵਾਲੀਆਂ 43 ਥੈਲੀਆਂ ਨੂੰ ਜ਼ਬਤ ਕਰ ਲਿਆ ਗਿਆ। ਉਹਨਾਂ ਅੱਗੇ ਦੱਸਿਆ ਕਿ ਸਟਾਕ ਰਜਿਸਟਰ ਵਿਚ ਇਨ੍ਹਾਂ ਥੈਲੀਆਂ ਦੀ ਕੋਈ ਐਂਟਰੀ ਦਰਜ ਨਹੀਂ ਕੀਤੀ ਗਈ ਸੀ।

ਸੁਰੱਖਿਅਤ ਅਤੇ ਮਿਆਰੀ ਸਿਹਤ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਆਪਣੀ ਨਿੱਜੀ ਵਚਨਬੱਧਤਾ ਨੂੰ ਦੁਹਰਾਉਂਦਿਆਂ, ਸਿਹਤ ਮੰਤਰੀ ਨੇ ਚੇਤਾਵਨੀ ਦਿੱਤੀ ਕਿ ਇਸ ਸਬੰਧੀ ਕੋਈ ਵੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਵਿਭਾਗ ਨੂੰ ਇਹ ਮੁਹਿੰਮ ਹੋਰ ਤੇਜ਼ ਕਰਨ ਲਈ ਕਿਹਾ ਤਾਂ ਜੋ ਮੈਡੀਕਲ ਪ੍ਰੋਟੋਕੋਲ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਵਾਲਿਆਂ ਦਾ ਪਤਾ ਲਗਾਇਆ ਜਾ ਸਕੇ।

ਜ਼ੋਨਲ ਲਾਇਸੈਂਸਿੰਗ ਅਥਾਰਟੀ (ਡਰੱਗਜ਼) ਲੁਧਿਆਣਾ ਕੁਲਵਿੰਦਰ ਸਿੰਘ ਅਤੇ ਡਰੱਗਜ਼ ਕੰਟਰੋਲਰ ਅਫਸਰ ਰੁਪਿੰਦਰ ਕੌਰ ਦੀ ਅਗਵਾਈ ਵਾਲੀ ਟੀਮ ਵੱਲੋਂ  ਦੂਹਰੀ ਪਰਤ ਦੀਆਂ ਖੂਨ ਇਕੱਠਾ ਕਰਨ ਵਾਲੀਆਂ 37 ਥੈਲੀਆਂ ਵੀ ਜ਼ਬਤ ਕੀਤੀਆਂ ਗਈਆਂ। ਇਹਨਾਂ ਖੂਨ ਇਕੱਠਾ ਕਰਨ ਵਾਲੀਆਂ ਥੈਲੀਆਂ ਦੀ ਮਿਆਦ ਖ਼ਤਮ ਹੋ ਚੁੱਕੀ ਸੀ ਅਤੇ ਸਟਾਕ ਰਜਿਸਟਰ ਵਿਚ ਇਨ੍ਹਾਂ ਥੈਲੀਆਂ ਦੀ ਵੀ ਕੋਈ ਐਂਟਰੀ ਨਹੀਂ ਮਿਲੀ।

Leave a Reply