ਬਾਦਲ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਚਿੱਠੀ ਲਿਖੀ

Punjab REGIONAL
By Admin

ਕਿਹਾ ਕਿ ਸਰਕਾਰ ਆਪਣੀਆਂ ਨਾਕਾਮੀਆਂ ਤੋਂ ਧਿਆਨ ਲਾਂਭੇ ਕਰਨ ਲਈ ਗਰਮਖ਼ਿਆਲੀਆਂ ਦਾ ਇਸਤੇਮਾਲ ਕਰ ਰਹੀ ਹੈ
ਸਰਕਾਰ ਵੱਲੋਂ ਦਿੱਤਾ ਜਾ ਰਿਹਾ ਸਿਆਸੀ ਸਮਰਥਨ ਪੰਜਾਬ ਦੀ ਸ਼ਾਂਤੀ ਦੇ ਦੁਸ਼ਮਣਾ ਦਾ ਹੌਂਸਲਾ ਵਧਾ ਰਿਹਾ ਹੈ
ਚੰਡੀਗੜ•/21 ਨਵੰਬਰ: ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਅੱਜ ਕੇਂਦਰ ਸਰਕਾਰ ਨੂੰ ਸਾਵਧਾਨ ਕਰਦਿਆਂ ਕਿਹਾ ਹੈ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਉਹਨਾਂ ਖ਼ਤਰਨਾਕ ਅਨਸਰਾਂ ਨਾਲ ਮਿਲੀ ਹੋਈ ਹੈ, ਜਿਹੜੇ ਸੂਬੇ ਦੀ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਲਈ ਖਤਰਾ ਹਨ।
ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਇਸ ਬਾਰੇ ਚਿੱਠੀ ਲਿਖਦਿਆਂ ਸਰਦਾਰ ਬਾਦਲ ਨੇ ਕਿਹਾ ਹੈ ਕਿ ਸਭ ਤੋਂ ਖਤਰਨਾਲ ਗੱਲ ਇਹ ਹੈ ਕਿ ਸੱਤਾਧਾਰੀ ਪਾਰਟੀ ਨੇ ਸਰਕਾਰੀ ਮਸ਼ੀਨਰੀ ਨੂੰ ਉਹਨਾਂ ਲੋਕਾਂ ਦੀ ਸੇਵਾ ਵਿਚ ਲਾ ਦਿੱਤਾ ਹੈ, ਜਿਹੜੇ ਸ਼ਰੇਆਮ ਸੂਬੇ ਅੰਦਰ ਖੂਨ-ਖਰਾਬੇ ਅਤੇ ਨਫਰਤ ਭਰੇ ਉਸ ਖਤਰਨਾਕ ਡੇਢ ਦਹਾਕੇ ਦੀ ਵਾਪਸੀ ਦੀਆਂ ਗੱਲਾਂ ਕਰਦੇ ਹਨ। ਉਹਨਾਂ ਕਿਹਾ ਕਿ ਸਾਡੇ ਦੇਸ਼ ਖ਼ਿਲਾਫ ਬਾਹਰੀ ਸਾਜ਼ਿਸ਼ਾਂ, ਅਪਰਾਧਿਕ ਢਿੱਲ ਅਤੇ ਲਾਪਰਵਾਹੀ ਤੋਂ ਇਲਾਵਾ ਪੰਜਾਬ ਅੰਦਰ ਅਮਨ ਦੀ ਰਾਖੀ ਲਈ ਜ਼ਿੰਮੇਵਾਰ ਲੋਕਾਂ ਵੱਲੋਂ ਦਿੱਤੀ ਹੱਲਾਸ਼ੇਰੀ ਨੇ ਪੰਜਾਬ ਨੂੰ ਤਬਾਹੀ ਦੀ ਕੰਢੇ ਉੱਤੇ ਲਿਆ ਕੇ ਖੜ•ਾ ਕਰ ਦਿੱਤਾ ਹੈ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਅੰਦਰ ਉਹਨਾਂ ਤਾਕਤਾਂ ਨੂੰ ਕਾਬੂ ਕਰਨ ਦੀ ਸਿਆਸੀ ਇੱਛਾ ਅਤੇ ਸਮਰੱਥਾ ਦੀ ਘਾਟ ਨਜ਼ਰ ਆਉਂਦੀ ਹੈ, ਜਿਹੜੇ ਸੂਬੇ ਦੀ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਲਈ ਖਤਰਾ ਖੜ•ਾ ਕਰ ਰਹੇ ਹਨ।

ਬਾਦਲ ਨੇ ਕਿਹਾ ਕਿ ਹਾਲ ਹੀ ਵਿਚ ਸ਼ਾਂਤੀ ਨੂੰ ਵਧ ਰਹੇ ਖ਼ਤਰੇ ਦੇ ਕਈ ਸੰਕੇਤ ਸਾਹਮਣੇ ਆ ਰਹੇ ਹਨ। ਇਸ ਸਾਲ ਸਿਰਫ ਨਵੰਬਰ ਵਿਚ ਖੁਫੀਆ ਏਜੰਸੀਆਂ ਨੂੰ ਸੂਬੇ ਅੰਦਰ ਸਿਆਸੀ ਕਤਲ ਕਰਵਾਉਣ ਬਾਰੇ ਰਚੀਆਂ ਸਾਜ਼ਿਸ਼ਾਂ ਸੰਬੰਧੀ ਭਰੋਸੇਯੋਗ ਸੂਚਨਾ ਮਿਲੀ ਹੈ। ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ ਬਾਦਲ ਉੁੱਤੇ ਹਮਲਾ ਕਰਨ ਦੀ ਕੋਸ਼ਿਸ਼ ਹੋਈ ਸੀ। ਹੈਰਾਨੀ ਦੀ ਗੱਲ ਹੈ ਕਿ ਪੁਲਿਸ ਇਸ ਮਾਮਲੇ ਵਿਚ ਦੋਸ਼ੀਆਂ ਖ਼ਿਲਾਫ ਕੇਸ ਵੀ ਦਰਜ ਨਹੀਂ ਕਰ ਰਹੀ ਸੀ। ਇਹ ਕੇਸ ਵੀ  ਸੁਖਬੀਰ ਸਿੰਘ ਬਾਦਲ ਦੀ ਸੁਰੱਖਿਆ ਨਾਲ ਜੁੜੇ ਐਸਪੀ ਦੇ ਜ਼ੋਰ ਪਾਉਣ ਉੱਤੇ ਦਰਜ ਕੀਤਾ ਗਿਆ। ਇਸ ਮਾਮਲੇ ਵਿਚ ਅਧਿਕਾਰੀਆਂ ਦਾ ਵਤੀਰਾ ਸੂਬੇ ਦੀ ਮੌਜੂਦਾ ਹਕੂਮਤ ਦੁਆਰਾ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਖ਼ਤਰੇ ਪ੍ਰਤੀ ਅਪਣਾਈ ਪਹੁੰਚ ਦਾ ਪ੍ਰਤੀਕ ਹੈ।
ਉਹਨਾਂ ਕਿਹਾ ਕਿ ਪਿਛਲੇ ਦਿਨੀਂ ਅੰਮ੍ਰਿਤਸਰ ਵਿਚ ਇੱਕ ਬੰਬ ਧਮਾਕਾ ਹੋਇਆ ਹੈ, ਜਿਸ ਵਿਚ ਕੀਮਤੀ ਜਾਨਾਂ ਚਲੀਆਂ ਗਈਆਂ ਹਨ। ਇਸ ਸਾਲ ਅਪ੍ਰੈਲ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਇਹ ਗੱਲ ਸਭ ਦੇ ਸਾਹਮਣੇ ਮੰਨੀ ਸੀ ਕਿ ਸੂਬੇ ਅੰਦਰ ਦਹਿਸ਼ਤਵਾਦ ਨੇ ਸਿਰ ਚੁੱਕਿਆ ਹੈ। ਉਹਨਾਂ ਕਿਹਾ ਕਿ ਇਸ ਅਹਿਸਾਸ ਦੇ ਬਾਵਜੂਦ ਸੱਤਾਧਾਰੀ ਪਾਰਟੀ ਅਤੇ ਸਰਕਾਰ ਦਾ ਵਤੀਰਾ ਉੁਹਨਾਂ ਤਾਕਤਾਂ ਪ੍ਰਤੀ ਦੋਸਤਾਨਾ ਹੀ ਰਿਹਾ ਹੈ, ਜਿਹਨਾਂ ਨੇ ਅਸਲ ਵਿਚ ਇਹ ਖ਼ਤਰਾ ਖੜ•ਾ ਕੀਤਾ ਹੈ। ਅਸਲ ਵਿਚ ਜਿਹਨਾਂ ਜਥੇਬੰਦੀਆਂ ਵੱਲੋਂ ਦਹਿਸ਼ਤਵਾਦ ਦੇ ਖ਼ਤਰੇ ਖੜ•ੇ ਕੀਤੇ ਜਾ ਰਹੇ ਹਨ, ਉਹ ਕਾਂਗਰਸ ਪਾਰਟੀ ਦੀ ਮੁੱਖ ਵਿਰੋਧੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਮੁੱਖ ਮੰਤਰੀ ਨਾਲ ਗੁਪਤ ਮੀਟਿੰਗਾਂ ਕਰ ਰਹੀਆਂ ਹਨ।
ਬਾਦਲ ਨੇ ਕਿਹਾ ਕਿ ਇਸ ਵਿਚ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਸੂਬਾ ਸਰਕਾਰ ਨੇ ਇਸ ਆ ਰਹੀ ਤਬਾਹੀ ਬਾਰੇ ਉੱਚ ਪੱਧਰੀ ਸੂਤਰਾਂ ਵੱਲੋਂ ਦਿੱਤੀਆਂ ਚੇਤਾਵਨੀਆਂ ਨੂੰ ਵੀ ਪੂਰੀ ਤਰ•ਾਂ ਨਜ਼ਰਅੰਦਾਜ਼ ਕਰ ਦਿੱਤਾ ਹੈ। ਹਾਲ ਹੀ ਵਿਚ ਫੌਜ ਦੇ ਮੁਖੀ ਬਿਪਿਨ ਰਾਵਤ ਨੇ ਇਸ ਆ ਰਹੇ ਤੂਫਾਨ ਦਾ ਇਹ ਕਹਿੰਦਿਆਂ ਹਵਾਲਾ ਦਿੱਤਾ ਸੀ ਕਿ ਪੰਜਾਬ ਵਿਚ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਹਨਾਂ ਕਿਹਾ ਕਿ ਖੁਫੀਆ ਏਜੰਸੀਆਂ ਵੱਲੋਂ ਇਹ ਰਿਪੋਰਟਾਂ ਵੀ ਦਿੱਤੀਆਂ ਗਈਆਂ ਹਨ ਕਿ ਪੰਜਾਬ ਸਰਕਾਰ ਦੀ ਲਾਪਰਵਾਹੀ ਦਾ ਫਾਇਦਾ ਚੁੱਕਣ ਲਈ ਪੰਜਾਬ ਦੀ ਸ਼ਾਂਤੀ ਨੂੰ ਲਾਂਬੂੰ ਲਾਉਣ ਵਾਸਤੇ ਪਾਕਿਸਤਾਨ ਸਿਖਲਾਈ ਪ੍ਰਾਪਤ ਅੱਤਵਾਦੀ ਭੇਜ ਰਿਹਾ ਹੈ। ਇਹ ਸਾਰੀਆਂ ਚਿਤਾਵਨੀਆਂ ਪੰਜਾਬ ਸਰਕਾਰ ਦੇ ਬੋਲੇ ਕੰਨਾਂ ਨੂੰ ਸੁਣਾਈ ਨਹੀਂ ਦਿੱਤੀਆਂ ਹਨ, ਕਿਉਂਕਿ ਸੱਤਾਧਾਰੀ ਪਾਰਟੀ ਵੱਲੋਂ ਉਹਨਾਂ ਅਨਸਰਾਂ ਨੂੰ ਹੱਲਾਸ਼ੇਰੀ ਦੇ ਕੇ ਸੂਬੇ ਅੰਦਰ ਹਿੰਸਾ ਭੜਕਾਉਣਾ ਜਾਰੀ ਹੈ, ਜਿਹਨਾਂ ਦਾ ਐਲਾਨੀਆ ਉਦੇਸ਼ ਫਿਰਕੂ ਨਫਰਤ ਫੈਲਾਉਣਾ, ਪੰਜਾਬੀਆਂ ਵਿਚ ਵੰਡੀਆਂ ਪਾਉਣਾ ਅਤੇ ਸੂਬੇ ਅੰਦਰ ਖੂਨ-ਖਰਾਬੇ ਵਾਲੇ ਦਹਿਸ਼ਤਵਾਦ ਨੂੰ ਫੈਲਾਉਣਾ ਹੈ। ਇਹ ਸਭ ਕੁੱਝ ਸਿਰਫ ਸਿਆਸੀ ਫਾਇਦਾ ਲੈਣ ਅਤੇ ਵਿਰੋਧੀਆਂ ਦਾ ਅਕਸ ਖ਼ਰਾਬ ਕਰਨ ਲਈ ਕੀਤਾ ਜਾ ਰਿਹਾ ਹੈ।
ਬਾਦਲ ਨੇ ਕਿਹਾ ਕਿ 1980 ਦਾ ਦੁਖਾਂਤ ਵੱਲੋਂ ਕਾਂਗਰਸੀ ਆਗੂਆਂ ਦੀ ਅਜਿਹੀ ਹੀ ਰਣਨੀਤੀ ਵਿਚੋਂ ਪੈਦਾ ਹੋਇਆ ਸੀ, ਜਿਸ ਦਾ ਉਦੇਸ਼ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਤੀਨਿਧਤਾ ਵਾਲੀਆਂ ਵਿਵੇਕਪੂਰਨ ਆਵਾਜ਼ਾਂ ਨੂੰ ਦਬਾਉਣਾ ਸੀ। ਪਰੰਤੂ ਕਾਂਗਰਸ ਪਾਰਟੀ ਉਸ ਭਿਆਕ ਦੁਖਾਂਤ ਵਿਚੋਂ ਕੋਈ ਸਬਕ ਨਹੀਂ ਸਿੱਖੀ ਜਾਪਦੀ, ਜਿਸ ਦੀ ਪੰਜਾਬ ਨੂੰ , ਸਿੱਖਾਂ ਨੂੰ ਅਤੇ ਦੇਸ਼ ਨੂੰ ਭਾਰੀ ਕੀਮਤ ਚੁਕਾਉਣੀ ਪਈ ਸੀ। ਕਾਂਗਰਸ ਪਾਰਟੀ ਦੁਬਾਰਾ ਫਿਰ ਉਸੇ ਨੀਤੀ ਉੱਤੇ ਚੱਲ ਰਹੀ ਹੈ, ਜੇਕਰ ਇਸ ਨੂੰ ਸਮੇਂ ਸਿਰ ਰੋਕਿਆ ਨਾ ਗਿਆ ਤਾਂ ਸੂਬੇ ਦੇ ਮੁੜ ਤੋਂ 1980ਵਿਆਂ ਅਤੇ 1990ਵਿਆਂ ਵਾਲੇ ਹਾਲਾਤਾਂ ਵਿਚ ਧੱਕੇ ਜਾਣ ਸਦਕਾ ਪੰਜਾਬ ਅਤੇ ਦੇਸ਼ ਨੂੰ ਇਸ ਦਾ ਖ਼ਤਰਨਾਕ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ।
ਉਹਨਾਂ ਕਿਹਾ ਕਿ ਮੈਂ ਸਮਝਦਾ ਹਾਂ ਕਿ ਸੂਬੇ ਅੰਦਰ ਮੁੜ ਤੋਂ ਹਿੰਸਾ ਅਤੇ ਦਹਿਸ਼ਤਵਾਦ ਦੇ ਵਧ ਰਹੇ ਖ਼ਤਰੇ ਬਾਰੇ ਦੇਸ਼ ਅਤੇ ਭਾਰਤ ਸਰਕਾਰ ਨੂੰ ਸਾਵਧਾਨ ਕਰਨਾ ਮੇਰਾ ਫਰਜ਼ ਹੈ। ਮੈਨੂੰ ਉਮੀਦ ਹੈ ਕਿ  ਸਰਕਾਰ ਵੱਲੋਂ ਇਸ ਆ ਰਹੀ ਆਫਤ ਵੱਲ ਧਿਆਨ ਦਿੱਤਾ ਜਾਵੇਗਾ ਅਤੇ ਇਸ ਨੂੰ ਰੋਕਣ ਲਈ ਜਰੂਰੀ ਕਦਮ ਉਠਾਏ ਜਾਣਗੇ।

Leave a Reply