Punjab

ਨਸ਼ਾ ਤੇ ਮਾਫ਼ੀਆ ਮੁਕਤ ਪੰਜਾਬ ਦੀ ਸਿਰਜਣਾ ਪੀ.ਐਮ ਮੋਦੀ ਦਾ ਪ੍ਰਮੁੱਖ ਏਜੰਡਾ

      *ਸੂਬੇ ਦੀ ਸਿਆਸਤ ਵਿੱਚੋਂ ਪਰਿਵਾਰਵਾਦ ਦੇ  ਪ੍ਰਭਾਵ ਨੂੰ ਨੂੰ ਰੋਕਣ ਦੀ ਭਰੀ ਹਾਮੀ   

 

                                                                                                                            ਲੇਖਕ ਹਰਦੀਪ ਸਿੰਘ ਅੰਮ੍ਰਿਤਸਰ   -9464120202

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਲੰਧਰ ਫੇਰੀ ਕਈ ਕਾਰਨਾਂ ਕਰਕੇ ਇਤਿਹਾਸਕ ਅਤੇ ਯਾਦਗਾਰੀ ਹੋ ਨਿਬੜੀ। ਰੈਲੀ ਦੌਰਾਨ  ਮੋਦੀ ਨੇ ਪੰਜਾਬ ਵਿਚ ਗੁਜ਼ਾਰੇ ਦਿਨ ਅਤੇ ਪੰਜਾਬ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ ਤੇ ਕਿਹਾ ਕਿ ਉਨ੍ਹਾਂ ਸਿਰ ਪੰਜਾਬੀਆਂ ਦਾ ਜੋ ਕਰਜ਼ ਹੈ ਉਹ ਉਸ ਨੂੰ ਉਤਾਰਨਾ ਚਾਹੁੰਦੇ ਹਨ । ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਦੂਜੀ ਵਾਰ ਪ੍ਰਧਾਨ ਮੰਤਰੀ ਬਣੇ ਹਨ  ਜੋ ਕਾਫੀ ਹੈ ।  ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਨਾਉਣ ਦੀ  ਉਨ੍ਹਾਂ ਦੀ ਸਿਆਸੀ ਮੰਸ਼ਾ ਨਹੀੰ ਬਲਕਿ ਪੰਜਾਬ ਦੇ ਵਿਕਾਸ ਨੂੰ ਗਤੀ ਦੇਣਾ ਹੈ। ਪ੍ਰਧਾਨ ਮੰਤਰੀ ਨੇ ਅੱਤਵਾਦ ਦੇ ਕਾਲੇ ਦੌਰ ਨੂੰ ਯਾਦ ਕਰਦਿਆਂ ਪੰਜਾਬੀਆਂ ਵੱਲੋਂ ਭੋਗੇ ਦੁਖਾਂਤ ਅਤੇ ਬਟਵਾਰੇ ਦੌਰਾਨ ਪੰਜਾਬੀਆਂ ਵੱਲੋਂ ਹੰਢਾਏ ਸੰਤਾਪ ਬਾਰੇ ਵੀ ਗੱਲ ਕੀਤੀ। ਉਨ੍ਹਾਂ ਨੇ ਪੰਜਾਬ ਦੀ ਸਿਆਸਤ ਵਿੱਚ ਪਰਿਵਾਰਵਾਦ ਦੇ ਵਧਦੇ ਪ੍ਰਭਾਵ ਨੂੰ ਸੂਬੇ ਲਈ ਖਤਰਨਾਕ ਦਸਦਿਆਂ ਇਸ ਨੂੰ ਰੋਕਣ ਦੀ ਹਾਮੀ ਭਰੀ।    ਉਨ੍ਹਾਂ ਕਿਹਾ ਕਿ ਜਦੋਂ ਉਹ ਰਾਸ਼ਟਰੀ ਸਵੈਮਸੇਵਕ ਸੰਘ ਦੇ ਪ੍ਰਚਾਰਕ ਵਜੋਂ ਪੰਜਾਬ ਵਿੱਚ ਕੰਮ ਕਰਦੇ ਸਨ ਤਾਂ ਉਸ ਸਮੇਂ ਤੋਂ ਹੀ ਪੰਜਾਬ ਦੀਆਂ ਮੁਸ਼ਕਲਾਂ ਅਤੇ ਪੰਜਾਬ ਦੇ ਲੋਕਾਂ ਦੇ ਸੁਭਾਅ ਤੋਂ ਭਲੀਭਾਂਤ ਜਾਣੂ ਹੋ ਗਏ ਸਨ। ਉਨ੍ਹਾਂ ਭਾਵੁਕ ਹੁੰਦਿਆਂ ਵੀ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੀ ਰੋਟੀ ਖਾਧੀ ਹੈ ਇਸ ਦਾ ਅਹਿਸਾਨ ਉਹ ਪੰਜਾਬ ਤੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਕੇ ਚੁਕਾਉਣਾ ਚਾਹੁੰਦੇ ਹਨ। ਪ੍ਰਧਾਨ ਮੰਤਰੀ ਦੇ ਐਲਾਨੇ ਪੰਜਾਬ  ਰੋਡ ਮੈਪ ਵਿੱਚ ਅੱਤਵਾਦ ਪੀੜਤਾਂ ਪ੍ਰਤੀ ਹਮਦਰਦੀ ਦਿਖਾਉਂਦਿਆਂ ਅੱਤਵਾਦ ਪੀੜਤ ਕਮਿਸ਼ਨ ਬਣਾਉਣ ਦਾ ਵੀ ਫੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਰਿਸ਼ੀਆਂ-ਮੁੰਨੀਆਂ ਤੇ ਗੁਰੂਆਂ , ਪੀਰਾਂ ਦੀ ਧਰਤੀ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਯਕੀਨ ਦਿਵਾਉਂਦਿਆਂ ਕਿਹਾ ਕਿ ਪਰਮਾਤਮਾ ਦੀ ਬਖਸ਼ਿਸ਼ ਨਾਲ ਪੰਜਾਬ ਦੇ ਹਰ ਪਰਿਵਾਰ ਕੋਲ ਸੁੱਖ ਸਹੂਲਤਾਂ ਹੋਣਗੀਆਂ ਪਰ ਜੇਕਰ ਉਨ੍ਹਾਂ ਦੀ ਔਲਾਦ ਨਸ਼ੇ ਦੀ ਦਲਦਲ ਵਿੱਚ ਫਸ ਗਈ ਤਾਂ ਪੰਜਾਬ ਦਾ ਭਵਿੱਖ ਧੁੰਦਲਾ ਹੋ ਜਾਵੇਗਾ। ਇਸ ਦੇ ਨਾਲ ਹੀ ਨਰਿੰਦਰ ਮੋਦੀ ਨੇ ਪੰਜਾਬ ਵਿਚ ਘੁਣ ਵਾਂਗ ਖਾ ਰਹੇ ਮਾਫੀਆ ਰਾਜ ‘ਤੇ ਨਕੇਲ ਪਾਉਣ ਦੀ ਵਚਨਬੱਧਤਾ ਵੀ ਦੁਹਰਾਈ । ਪੰਜਾਬ ਦੇ ਸੰਭਾਵੀ ਵਿਕਾਸ ਦੀ ਤਸਵੀਰ ਪੇਸ਼ ਕਰਦਿਆਂ ਪੰਜਾਬ ਵਿੱਚ ਉਦਯੋਗਾਂ ਨੂੰ ਪ੍ਰਫੁੱਲਤ ਕਰਨ , ਬੇਰੁਜ਼ਗਾਰੀ ਨੂੰ ਖਤਮ ਕਰਨ ਲਈ ਅਤੇ ਪੰਜਾਬ ਵਿਚ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ  ਉਦਯੋਗਿਕ ਕ੍ਰਾਂਤੀ ਲਾਉਣ ਦਾ ਵੀ ਭਰੋਸਾ ਦਿਵਾਇਆ।

 

ਭਾਵੇਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਪ੍ਰਚਾਰ ਕਾਰਨ ਜਲੰਧਰ ਰੈਲੀ ਹੋਈ ਹੈ ਪਰ ਜੇਕਰ ਇਸ ਨੂੰ ਸਕਾਰਾਤਮਕ ਤਰੀਕੇ ਨਾਲ ਦੇਖਿਆ ਜਾਵੇ ਤਾਂ ਕੇਂਦਰ ਵੱਲੋਂ ਪੰਜਾਬ ਲਈ ਖੁੱਲੇ ਦਿਲ ਨਾਲ ਕੀਤੀ ਜਾਣ ਵਾਲੀ ਸੰਭਾਵਿਤ ਮਦਦ ਸੂਬੇ ਦੀ ਤਕਰੀਰ ਬਦਲਣ ਵਿੱਚ ਸਹਾਈ ਸਿੱਧ ਹੋ ਸਕਦੀ ਹੈ। ਸਰਹੱਦੀ ਖੇਤਰ ਹੋਣ ਕਾਰਨ ਪੰਜਾਬ ਅੱਤਵਾਦ ਦੇ ਦੌਰ ਵਿੱਚੋਂ ਗੁਜਰਿਆ ਹੋਣ ਕਰਕੇ ਕਰਜ਼ੇ ਦੇ ਬੋਝ ਹੇਠਾਂ ਦੱਬਿਆ ਹੋਇਆ ਹੈ ਅਤੇ ਕੇਂਦਰੀ ਸਰਕਾਰ ਦੀ ਮਦਦ ਤੋਂ ਬਿਨਾਂ ਪੰਜਾਬ ਕਰਜ਼ਾ ਮੁਕਤ ਨਹੀਂ ਹੋ ਸਕਦਾ। ‌ ਲਗਭਗ ਪੌਣੇ 3 ਲੱਖ ਕਰੋੜ ਦਾ ਇਹ ਕਰਜ਼ਾ ਅੱਤਵਾਦ ਦੇ ਸਮੇਂ ਵਿਚ ਅਤੇ ਉਸ ਤੋਂ ਬਾਅਦ ਰਹੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਕੇਂਦਰੀ ਸਹਾਇਤਾ ਦੀ ਅਣਹੋਂਦ ਕਾਰਨ ਚੜ੍ਹਿਆ ਮੰਨ ਸਕਦੇ ਹਾਂ। ਤਤਕਾਲੀਨ ਪ੍ਰਧਾਨ ਮੰਤਰੀ ਸਵ. ਇੰਦਰ ਕੁਮਾਰ ਗੁਜਰਾਲ ਨੇ ਭਾਵੇਂ 8500 ਕਰੋੜ ਦੀ ਕਰਜ਼ਾ ਕਿਸ਼ਤ ਮੁਆਫ਼ ਕੀਤੀ ਸੀ ਪਰ ਇਹ ਨਾਕਾਫੀ ਸੀ।  ਇਸ ਤੋਂ ਬਾਅਦ ਕਾਂਗਰਸ ਸਰਕਾਰ ਦੇ 10 ਸਾਲਾਂ ਵਿਚ ਇਕ  ਸਿੱਖ ਪ੍ਰਧਾਨ ਮੰਤਰੀ ਹੋਣ ਦੇ ਬਾਵਜੂਦ ਵੀ ਪੰਜਾਬ ਦਾ ਕਰਜ਼ਾ ਜਿਉਂ ਦਾ ਤਿਉਂ ਹੀ ਰਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 5 ਜਨਵਰੀ ਦੀ ਫੇਰੀ ਸੂਬੇ ਦੀ ਕਾਂਗਰਸ ਸਰਕਾਰ ਦੇ ਰਾਜਸੀ ਹਿੱਤਾਂ ਅਤੇ ਵਿਰੋਧੀ ਸਰਕਾਰ ਹੋਣ ਕਾਰਨ ਉਨ੍ਹਾਂ ਦੀ ਸੁਰੱਖਿਆ ਵਿਵਸਥਾ ਦਾ ਉਚਿਤ ਪ੍ਰਬੰਧ ਨਾ ਹੋਣ ਕਰਕੇ ਰੱਦ ਹੋ ਗਈ ਪਰ  ਇਸ ਦਾ ਖਮਿਆਜ਼ਾ ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪਿਆ। ਚੋਣਾਂ ਤੋਂ ਪਹਿਲਾਂ ਹੋਣ ਵਾਲੀ ਇਸ ਰੈਲੀ ਵਿੱਚ ਪੰਜਾਬ ਨੂੰ ਕਈ ਸੌਗਾਤਾਂ ਤੇ ਤੋਹਫ਼ੇ ਮਿਲਣ ਦੀ ਸੰਭਾਵਨਾ ਸੀ ਅਤੇ  ਪਰ ਪੰਜਾਬ ਦੀ  ਬਦਕਿਸਮਤੀ ਨਾਲ ਕੁਝ ਭੁੱਲਕੜ ਲੋਕਾਂ ਵੱਲੋਂ ਵਿਰੋਧ ਪ੍ਰਦਰਸ਼ਨ ਕਰਨ ਦੀਆਂ ਘਟਨਾਵਾਂ ਅਤੇ ਸੂਬਾ ਸਰਕਾਰ ਵੱਲੋਂ ਪ੍ਰਦਰਸ਼ਨ ਕਾਰੀਆਂ ਨੂੰ ਸੁਰੱਖਿਆ ਦੇਣ ਕਾਰਨ ਸਭ ਆਸਾਂ ‘ਤੇ ਪਾਣੀ ਫਿਰ ਗਿਆ। ਕਾਂਗਰਸੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖੁਦ ਕਈ ਵਾਰ ਸਟੇਜਾਂ ਤੋਂ ਅਤੇ ਪ੍ਰੈਸ ਕਾਨਫਰੰਸਾਂ ਵਿਚ ਮੰਨਿਆ ਕਿ ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਕੋਈ ਯਤਨ ਨਹੀਂ ਕੀਤਾ,  ਸੂਬੇ ਦੇ ਮੁੱਖ ਮੰਤਰੀ ਦਾ ਅਜਿਹਾ ਬਿਆਨ ਗ਼ੈਰ ਜਿੰਮੇਵਾਰੀ ਵਾਲਾ ਅਤੇ ਰਾਜਸੀ ਹਿੱਤਾਂ ਤੋਂ ਪ੍ਰੇਰਿਤ ਮੰਨਿਆ ਜਾ ਸਕਦਾ ਹੈ।  ਪ੍ਰਧਾਨ ਮੰਤਰੀ ਮੋਦੀ ਦਾ ਸਿੱਖ ਭਾਈਚਾਰੇ ਅਤੇ ਪੰਜਾਬ ਪ੍ਰਤੀ ਪਿਆਰ ਅਤੇ ਸਤਿਕਾਰ ਕਿਸੇ ਤੋਂ ਲੁਕਿਆ ਨਹੀਂ। ਭਾਵੇਂ ਕਰਤਾਰਪੁਰ ਲਾਂਘੇ ਦੀ ਗੱਲ ਹੋਵੇ, ਕਾਲੀ ਸੂਚੀ ਖਤਮ ਕਰਨ, ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਨੂੰ ਜੀ.ਐਸ.ਟੀ ਤੋਂ ਮੁਕਤ ਕਰਨ, ਅਫ਼ਗ਼ਾਨਿਸਤਾਨ ਵਿਚ ਤਖ਼ਤਾਪਲਟ ਤੋਂ ਬਾਅਦ ਪੈਦਾ ਹੋਏ ਹਾਲਾਤਾਂ ਦੇ ਮੱਦੇਨਜ਼ਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਤੇ ਉਥੇ ਵੱਸਦੇ ਸਿੱਖ ਭਾਈਚਾਰੇ ਨੂੰ ਸਨਮਾਨ ਸਹਿਤ ਭਾਰਤ ਵਾਪਸ ਲਿਆਉਣ, ਪ੍ਰਧਾਨ ਮੰਤਰੀ ਮੋਦੀ ਵੱਲੋਂ ਆਪਣੇ ਸਿਰ ‘ਤੇ ਕਈ ਵਾਰ ਦਸਤਾਰ ਸਜਾਉਣੀ, ਵਿਦੇਸ਼ਾਂ ਵਿੱਚ ਬੈਠੇ ਸਿੱਖ ਭਾਈਚਾਰੇ ਅਤੇ ਪਗੜੀ ਦੇ ਮਾਣ ਸਨਮਾਨ ਦੀ ਬਹਾਲੀ ਦੀ ਗੱਲ, ਸਿੱਖੀ ਨੂੰ ਪ੍ਰਫੁਲਤ ਕਰਨ ਲਈ ਗੁਰੂ ਸਾਹਿਬਾਨਾਂ ਦੇ ਦਿਵਸ ਮਨਾਉਣ, ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਨੂੰ ਵੀਰ ਬਾਲ ਦਿਵਸ ਵਜੋਂ ਮਨਾਉਣ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਮੌਕੇ 3 ਖੇਤੀ ਕਾਨੂੰਨ ਵਾਪਸ ਲੈਣ ਵਾਪਸ ਲੈਣਾ ਪ੍ਰਧਾਨ ਮੰਤਰੀ ਅਤੇ ਕੇਂਦਰ ਸਰਕਾਰ ਦੇ ਉਪਰਾਲੇ ਹਨ ਜੋ ਉਨ੍ਹਾਂ ਦੇ ਸਿੱਖ ਕੌਮ ਅਤੇ ਪੰਜਾਬ ਪ੍ਰਤੀ ਹਮਦਰਦੀ ਨੂੰ ਪ੍ਰਗਟ ਕਰਦੇ ਹਨ। ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੱਤਾਧਾਰੀ ਕਾਂਗਰਸ , ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦਾ ਪੂਰਾ ਜ਼ੋਰ ਇਕ ਦੂਜੇ ਨੂੰ ਭੰਡਣ ਅਤੇ ਇਕ ਦੂਜੇ ਦੀ ਨਿੱਜੀ ਜ਼ਿੰਦਗੀ ‘ ਤੇ ਚਿੱਕੜ ਸੁੱਟਣ ਤੱਕ ਸੀਮਤ ਹੈ ਜਦੋਂ ਕਿ ਭਾਜਪਾ ਵੱਲੋਂ ਪੇਸ਼ ਕੀਤੇ ਗਏ ਚੋਣ ਮੈਨੀਫੈਸਟੋ ਪੰਜਾਬ ਦੇ ਭਵਿੱਖ ਦੀ ਝਲਕ ਸਪਸ਼ਟ ਨਜ਼ਰ ਆ ਰਹੀ ਹੈ।  ਭਾਜਪਾ ਵੱਲੋਂ ਪੰਜਾਬ ਵਿਚ ਪੰਜ ਸਾਲਾਂ ਵਿਚ ਇਕ ਲੱਖ ਕਰੋੜ ਰੁਪਏ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਲਈ ਖਰਚੇ ਜਾਣ ਦਾ ਐਲਾਨ ਕੀਤਾ ਗਿਆ ਹੈ। ਮੈਨੀਫੈਸਟੋ ਵਿੱਚ ਬੇਰੁਜ਼ਗਾਰੀ ਨੂੰ ਦੂਰ ਕਰਨ ਸਰਕਾਰੀ ਨੌਕਰੀਆਂ ਵਿੱਚ ਪੰਜਾਬੀਆਂ ਨੂੰ 75 ਫੀਸਦੀ ਰਾਖਵਾਂਕਰਨ, ਆਸ਼ਾ ਵਰਕਰਾਂ ਤੇ ਆਂਗਨਵਾੜੀ ਵਰਕਰਾਂ ਦੇ ਮਾਣਭੱਤੇ ਵਿਚ ਵਾਧਾ ਕਰਨ, ਗ੍ਰੈਜੂਏਟਸ ਨੂੰ 4 ਹਜ਼ਾਰ ਰੁਪਏ ਮਹੀਨਾ ਬੇਰੁਜ਼ਗਾਰੀ ਭੱਤਾ ਦੇਣ, ਧਾਰਮਿਕ ਬੇਅਦਬੀ ਨੂੰ ਰੋਕਣ ਲਈ ਫਾਸਟ ਟਰੈਕ ਅਦਾਲਤਾਂ, ਨਸ਼ੇ ਤੇ ਹਥਿਆਰਾਂ ਦੀ ਸਮੱਗਲਿੰਗ ਨੂੰ  ਰੋਕਣ, ਕਾਨੂੰਨ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ, ਸਾਈਬਰ ਕ੍ਰਾਈਮ ਦੀ ਰੋਕਥਾਮ,  ਸਸਤੀ ਬਿਜਲੀ ਮੁਹਈਆ ਕਰਵਾਉਣ,‌ ਸਭ ਨੂੰ ਭੋਜਨ ਦੇਣ ਲਈ ਗੁਰੂ ਕਿਰਪਾ ਕੰਟੀਨਾਂ ਖੁੱਲ੍ਹਣ ਤੋਂ ਇਲਾਵਾ ਐਸ.ਸੀ ਵਰਗ, ਕਿਸਾਨ ਵਰਗ, ਮਹਿਲਾਵਾਂ ਲਈ ਸਹੂਲਤਾਂ , ਉਦਮੀਆਂ ਅਤੇ ਵਪਾਰੀਆਂ ਨੂੰ ਸੂਬੇ ਵਿੱਚ ਨਿਵੇਸ਼ ਕਰਨ ਲਈ ਉਤਸ਼ਾਹਿਤ ਕਰਨ ਅਤੇ ਸਹੂਲਤਾਂ ਦੇਣ ਦੀ ਗੱਲ ਕੀਤੀ ਗਈ ਹੈ । ਜਲੰਧਰ ਰੈਲੀ ਦੌਰਾਨ ਪ੍ਰਧਾਨ ਮੰਤਰੀ ਨੇ ਪੂਰੇ ਸਮਾਗਮ ਦੌਰਾਨ ਸਿੱਖ ਸਮਾਜ ਅਤੇ ਪੰਜਾਬੀਆਂ ਪ੍ਰਤੀ ਆਪਣੀ ਹਮਦਰਦੀ ਤੇ ਦਿਲਚਸਪੀ ਦਾ ਪ੍ਰਗਟਾਵਾ ਕਰਦਿਆਂ ਕੇਸਰੀ ਰੰਗ ਦੀ ਦਸਤਾਰ ਸਜਾਈ ਰੱਖੀ ਅਤੇ ਆਪਣੇ ਭਾਸ਼ਣ ਦੀ ਸ਼ੁਰੂਆਤ ਵੀ ਸਿੱਖੀ ਪਰੰਪਰਾ ਅਨੁਸਾਰ ਗੁਰੂ ਦੀ ਫਤਹਿ ਬੁਲਾ ਵੀ ਕੀਤੀ। ਪੰਜਾਬ ਪ੍ਰਤੀ ਪ੍ਰਧਾਨ ਮੰਤਰੀ ਦੀ ਖਿੱਚ ਤੇ ਪਿਆਰ ਅਤੇ ਪੰਜਾਬ ਨਾਲ ਜੁੜੀਆਂ ਪੁਰਾਣੀਆਂ ਯਾਦਾਂ ਮੋਦੀ  ਨੂੰ ਪੰਜਾਬ ਪ੍ਰਤੀ ਉਸਾਰੂ ਫੈਸਲੇ ਲੈਣ ਦੀ ਪ੍ਰੇਰਨਾ ਦਿੰਦਾ ਹੈ,  ਅਜਿਹਾ ਪ੍ਰਤੀਤ ਹੁੰਦਾ ਹੈ।

Related Articles

Leave a Reply

Your email address will not be published. Required fields are marked *

Back to top button
error: Sorry Content is protected !!