Punjab

ਮੁਖਮੰਤਰੀ ਨੇ ਭਾਜਪਾ ਵਫਦ ਨੂੰ ਸੁਰਖਿਆ ਯਕੀਨੀ ਬਣਾਉਣ ਦਾ ਦਿੱਤਾ ਭਰੋਸਾ

ਮੁਖਮੰਤਰੀ ਨੇ ਭਾਜਪਾ ਵਫਦ ਨੂੰ ਸੁਰਖਿਆ ਯਕੀਨੀ ਬਣਾਉਣ ਦਾ ਦਿੱਤਾ ਭਰੋਸਾ

 

ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਭਾਜਪਾ ਦੇ ਵਫ਼ਦ ਨੇ ਮੁੱਖ ਮੰਤਰੀ ਨਿਵਾਸ ਦੇ ਬਾਹਰ ਦਿੱਤਾ ਧਰਨਾ।

 

ਭਾਜਪਾ ਨੇਤਾਵਾਂ ‘ਤੇ ਹਮਲੇ ਅਤੇ ਬੰਧਕ ਬਣਾਉਣ ਸੰਬੰਧੀ ਅਸ਼ਵਨੀ ਸ਼ਰਮਾ ਨੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ, ਦਿੱਤਾ ਮੰਗਪੱਤਰ।

 

ਚੰਡੀਗੜ੍ਹ: 12 ਜੁਲਾਈ ( ), ਪਟਿਆਲਾ ਅਤੇ ਰਾਜਪੁਰਾ ਵਿੱਚ, ਕਿਸਾਨਾਂ ਦੇ ਭੇਸ ਵਿੱਚ ਆਏ ਗੈਂਗਸਟਰਾਂ ਵਲੋਂ ਪੁਲਿਸ ਦੀਆਂ ਅੱਖਾਂ ਸਾਹਮਣੇ ਭਾਜਪਾ ਨੇਤਾਵਾਂ ‘ਤੇ ਕੀਤੇ ਜਾਨਲੇਵਾ ਹਮਲੇ ਅਤੇ ਸੂਬੇ ‘ਚ ਭਾਜਪਾ ਆਗੂਆਂ ‘ਤੇ ਹੋਏ ਜਾਨਲੇਵਾ ਹਮਲਿਆਂ ਬਾਰੇ ਪ੍ਰਦੇਸ਼ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕੋਰ ਗਰੁੱਪ ਦੇ ਵਫ਼ਦ ਨੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਰਿਹਾਇਸ਼ ਦੇ ਬਾਹਰ ਧਰਨਾ ਦਿੱਤਾ। ਰਿਹਾਇਸ਼ ਦੇ ਬਾਹਰ ਭਾਜਪਾ ਦੇ ਧਰਨੇ ਨੂੰ ਵੇਖਦਿਆਂ ਮੁੱਖ ਮੰਤਰੀ ਨੇ ਵਫਦ ਨੂੰ ਅੰਦਰ ਆਉਣ ਅਤੇ ਦਸ ਮਿੰਟ ਇੰਤਜ਼ਾਰ ਕਰਨ ਲਈ ਕਿਹਾ, ਪਰ ਅਸ਼ਵਨੀ ਸ਼ਰਮਾ ਨੇ ਧਰਨਾ ਨਹੀਂ ਚੁੱਕਿਆ। ਆਖਰਕਾਰ 15-20 ਮਿੰਟਾਂ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ ਨਿਵਾਸ ਵਿੱਚ ਬਣੇ ਆਪਣੇ ਦਫ਼ਤਰ ਵਿੱਚ ਪੁੱਜੇ ਅਤੇ ਫਿਰ ਅਸ਼ਵਨੀ ਸ਼ਰਮਾ ਦੀ ਅਗਵਾਈ ਵਿੱਚ ਭਾਜਪਾ ਦੇ ਵਫ਼ਦ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਸੂਬੇ ਵਿੱਚ ਭਾਜਪਾ ਨੇਤਾਵਾਂ ਤੇ ਜਾਨਲੇਵਾ ਹਮਲਿਆਂ ਅਤੇ ਸੂਬੇ ‘ਚ ਢਹਿ-ਢੇਰੀ ਹੋਏ ਕਾਨੂੰਨ ਵਿਵਸਥਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਅਸ਼ਵਨੀ ਸ਼ਰਮਾ ਨੇ ਮੁੱਖ ਮੰਤਰੀ ਨੂੰ ਆਪਣਾ ਮੰਗ ਪੱਤਰ ਵੀ ਸੌਂਪਿਆ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪਿਛਲੇ ਇੱਕ ਸਾਲ ਤੋਂ ਭਾਜਪਾ ਨੇਤਾਵਾਂ ਉਪਰ ਪੰਜਾਬ ਵਿੱਚ ਪੁਲਿਸ ਦੀਆਂ ਨਜ਼ਰਾਂ ਸਾਹਮਣੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ ਅਤੇ ਹਮਲੇ ਦੌਰਾਨ ਪੁਲਿਸ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖਦੀ ਰਹਿੰਦੀ ਹੈ। ਇਸ ਸਬੰਧ ਵਿਚ ਪੁਲਿਸ ਨੇ ਕਈ ਥਾਵਾਂ ‘ਤੇ ਮਾਮਲੇ ਵੀ ਦਰਜ ਕੀਤੇ ਹਨ ਪਰ ਉਹ ਵੀ ਅਣਪਛਾਤੇ ਲੋਕਾਂ ਦੇ ਖ਼ਿਲਾਫ਼ ਹੈI ਪਰ ਅੱਜ ਤੱਕ ਭਾਜਪਾ ਨੇਤਾਵਾਂ, ਵਰਕਰਾਂ, ਭਾਜਪਾ ਦਫਤਰਾਂ ਅਤੇ ਬੀਜੇਪੀ ਵਿੱਚ ਜਾਨਲੇਵਾ ਹਮਲੇ ਕੀਤੇ ਅਤੇ ਤੋੜਬਾਜ਼ੀ ਕਰਨ ਦੇ ਮਾਮਲਿਆਂ ‘ਚ ਪੁਲਿਸ ਨੇ ਕਿਸੇ ਨੂੰ ਗਿਰਫਤਾਰ ਨਹੀਂ ਕੀਤਾI ਇਨ੍ਹਾਂ ਮਾਮਲਿਆਂ ‘ਤੇ ਸਮੇਂ ਸਮੇਂ’ ਤੇ ਪੰਜਾਬ ਦੇ ਰਾਜਪਾਲ ਮਾਨਯੋਗ ਵੀ.ਪੀ. ਸਿੰਘ ਬਦਨੌਰ, ਡੀ.ਜੀ.ਪੀ. ਪੰਜਾਬ ਅਤੇ ਹਮਲੇ ਦੀ ਜਗ੍ਹਾ ਦੇ ਪੁਲਿਸ ਅਧਿਕਾਰੀਆਂ ਨੂੰ ਸ਼ਿਕਾਇਤਾਂ ਦੇਣ ਦੇ ਬਾਵਜੂਦ ਵੀ ਪੁਲਿਸ ਨੇ ਕਿਸੇ ਦੋਸ਼ੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੱਲ੍ਹ ਪਟਿਆਲਾ ਅਤੇ ਰਾਜਪੁਰਾ ਵਿੱਚ ਕਥਿਤ ਕਿਸਾਨਾਂ ਨੇ ਪੁਲਿਸ ਦੀਆਂ ਨਜ਼ਰਾਂ ਸਾਹਮਣੇ ਜਮ ਕੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਅਤੇ ਭਾਜਪਾ ਨੇਤਾਵਾਂ ਨੂੰ 15 ਘੰਟਿਆਂ ਤੱਕ ਬੰਧਕ ਬਣਾ ਕੇ ਰਖਿਆ ਅਤੇ ਜਿਥੇ ਭਾਜਪਾ ਆਗੂ ਬੈਠੇ ਸਨ ਉਥੋਂ ਦੀ ਬਿਜਲੀ ਵੀ ਕੱਟ ਦਿੱਤੀ ਗਈ। ਇਸ ਸਾਰੀ ਘਟਨਾ ਦੌਰਾਨ ਪੁਲਿਸ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖਦੀ ਰਹੀ। ਉਨ੍ਹਾਂ ਕਿਹਾ ਕਿ ਆਖਰਕਾਰ ਰਾਤ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਖੁਲਵਾ ਕੇ ਪੁਲਿਸ ਨੇ ਮਾਨਯੋਗ ਅਦਾਲਤ ਦੇ ਆਦੇਸ਼ਾਂ ‘ਤੇ ਕਾਰਵਾਈ ਕਰਦਿਆਂ ਭਾਜਪਾ ਦੇ ਆਗੂਆਂ ਨੂੰ ਛੁਡਵਾਇਆ। ਸ਼ਰਮਾ ਨੇ ਕਿਹਾ ਕਿ ਪੁਲਿਸ ਨੂੰ ਹੀ ਭਾਜਪਾ ਨੇਤਾਵਾਂ ਦੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਹੁੰਦੀ ਹੈ, ਤਾਂ ਇਹ ਜਾਣਕਾਰੀ ਕਥਿਤ ਕਿਸਾਨਾਂ ਤੱਕ ਕਿਵੇਂ ਪਹੁੰਚਦੀ ਹੈ। ਇਸ ਦਾ ਸਪਸ਼ਟ ਅਰਥ ਹੈ ਕਿ ਇਹ ਸਭ ਸਰਕਾਰ ਅਤੇ ਪੁਲਿਸ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ। ਸ਼ਰਮਾ ਨੇ ਕਿਹਾ ਕਿ ਲੋਕਾਂ ਵਿਚ ਭਾਜਪਾ ਦੀ ਵੱਧ ਰਹੀ ਲੋਕਪ੍ਰਿਅਤਾ ਦੇ ਕਾਰਨ ਵਿਰੋਧੀ ਧਿਰ ਜਾਣਦੀ ਹੈ ਕਿ ਇਸ ਵਾਰ ਲੋਕ ਉਨ੍ਹਾਂ ਨੂੰ ਸੱਤਾ ਤੋਂ ਹਟਾ ਦੇਣਗੇ। ਇਸੇ ਲਈ ਉਹ ਭਾਜਪਾ ਨੂੰ ਲੋਕਾਂ ਨੂੰ ਮਿਲਣ ਤੋਂ ਰੋਕਣ ਲਈ ਅਜਿਹੀਆਂ ਨੀਚ ਚਾਲਾਂ ਦਾ ਸਹਾਰਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਡਰਨ ਵਾਲੀ ਨਹੀਂ ਹੈ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਨੇਤਾਵਾਂ ‘ਤੇ ਹਮਲੇ ਅਤੇ ਸੂਬੇ ਵਿਚ ਢਹਿ-ਢੇਰੀ ਹੋ ਚੁੱਕੀ ਅਮਨ-ਕਾਨੂੰਨ ਵਿਵਸਥਾ ਬਾਰੇ ਮੁੱਖ ਮੰਤਰੀ ਦੇ ਕੰਨਾਂ ਤੱਕ ਆਵਾਜ਼ ਪਹੁੰਚਾਣ ਲਈ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਧਰਨਾ ਦਿੱਤਾ ਗਿਆ ਸੀ, ਜਿਸ’ ਤੇ ਆਖਰਕਾਰ ਮੁੱਖ ਮੰਤਰੀ ਨੇ ਭਾਜਪਾ ਦੇ ਵਫ਼ਦ ਨੂੰ ਬੁਲਾਇਆ ਅਤੇ ਭਾਜਪਾ ਵਫ਼ਦ ਨੇ ਉਹਨਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਦੇਣ ਤੋਂ ਬਾਅਦ ਉਨ੍ਹਾਂ ਨੂੰ ਆਪਣਾ ਮੰਗ ਪੱਤਰ ਵੀ ਦਿੱਤਾ ਹੈ। ਜਾਣਕਾਰੀ ਮਿਲਣ ਤੋਂ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਡੀ.ਜੀ.ਪੀ. ਪੰਜਾਬ ਨੂੰ ਭਾਜਪਾ ਨੇਤਾਵਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਪ੍ਰੋਗਰਾਮਾਂ ਦੀ ਸੁਰਖਿਆ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਉਹ ਭਵਿੱਖ ਵਿੱਚ ਨਿੱਜੀ ਤੌਰ ‘ਤੇ ਇਸ ਮਾਮਲੇ ਦੀ ਦੇਖਭਾਲ ਕਰਨਗੇ ਅਤੇ ਸੂਬੇ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਨੂੰ ਯਕੀਨੀ ਬਣਾਇਆ ਜਾਵੇਗਾ।

ਇਸ ਵਫ਼ਦ ਵਿੱਚ ਕੌਮੀ ਭਾਜਪਾ ਦੇ ਬੁਲਾਰੇ ਇਕਬਾਲ ਸਿੰਘ ਲਾਲਪੁਰਾ, ਸਾਬਕਾ ਮੰਤਰੀ ਮਦਨ ਮੋਹਨ ਮਿੱਤਲ, ਮਨੋਰੰਜਨ ਕਾਲੀਆ, ਸੁਰਜੀਤ ਜਿਆਣੀ, ਪ੍ਰੋ. ਰਾਜਿੰਦਰ ਭੰਡਾਰੀ, ਤੀਕਸ਼ਣ ਸੂਦ, ਸੂਬਾ ਭਾਜਪਾ ਜਨਰਲ ਸਕੱਤਰ ਜੀਵਨ ਗੁਪਤਾ, ਡਾ: ਸੁਭਾਸ਼ ਸ਼ਰਮਾ, ਰਾਜੇਸ਼ ਬਾਗਾ, ਦਿਆਲ ਸਿੰਘ ਸੋਢੀ, ਅਨਿਲ ਸਰੀਨ, ਹਰਜੀਤ ਸਿੰਘ ਗਰੇਵਾਲ, ਬਿਕਰਮਜੀਤ ਸਿੰਘ ਚੀਮਾ, ਐਨ. ਕੇ. ਵਰਮਾ ਆਦਿ ਹਾਜਰ ਸਨI

Related Articles

Leave a Reply

Your email address will not be published. Required fields are marked *

Back to top button
error: Sorry Content is protected !!