ਕਰੋੜਾਂ ਨੌਕਰੀਆਂ ਦੇਣਾ ਵਾਲੇ ਛੋਟੇ-ਵੱਡੇ ਦੁਕਾਨਦਾਰਾਂ ਨੂੰ ਮੁਹੱਈਆ ਹੋਵੇ ਵਰਕਿੰਗ ਕੈਪੀਟਲ ਲੋਨ-ਅਮਨ ਅਰੋੜਾ

punjab Web Location
By Admin

ਲੌਕਡਾੳੂਨ ਖੁੱਲਣ ਤੋਂ ਬਾਅਦ ਦੁਕਾਨਦਾਰਾਂ ਨੂੰ ਆਪਣਾ ਕਾਰੋਬਾਰ ਫਿਰ ਤੋਂ ਸ਼ੁਰੂ ਕਰਨ ਵਿੱਚ ਕਾਫ਼ੀ ਦਿੱਕਤਾਂ ਦਾ ਕਰਨਾ ਪੈ ਰਿਹਾ ਹੈ ਸਾਹਮਣਾ
ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ ਲਿਖ ਕੇ ‘ਆਪ’ ਵਿਧਾਇਕ ਨੇ ਦਿੱਤੇ ਸੁਝਾਅ

ਚੰਡੀਗੜ, 4 ਜੂਨ (ਗੀਤਿਕਾ): ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਕਰੋੜਾਂ ਦੀ ਗਿਣਤੀ ਵਿਚ ਰੋਜਗਾਰ ਮੁਹੱਈਆ ਕਰ ਰਹੇ ਛੋਟੇ-ਵੱਡੇ ਦੁਕਾਨਦਾਰਾਂ ਨੂੰ ਲੌਕਡਾਉਨ ਪ੍ਰਕੋਪ ਤੋਂ ਉਭਰਨ ਲਈ ਵਰਕਿੰਗ ਕੈਪੀਟਲ ਲੋਨ ਮੁਹੱਈਆ ਕੀਤਾ ਜਾਵੇ। 
    ‘ਆਪ’ ਹੈੱਡਕੁਆਟਰ ਰਾਹੀਂ ਜਾਰੀ ਪੱਤਰ ਵਿੱਚ ਅਮਨ ਅਰੋੜਾ ਨੇ ਕਿਹਾ ਕਿ ਦੇਸ਼ ਦਾ ਸੰਗਠਿਤ ਅਤੇ ਗੈਰ ਸੰਗਠਿਤ ਪਰਚੂਨ ਬਾਜਾਰ 1300 ਬਿਲੀਅਨ ਯੂ.ਐਸ. ਡਾਲਰ ਦਾ ਕਾਰੋਬਾਰ ਕਰ ਰਿਹਾ ਹੈ। 2 ਕਰੋੜ ਦੇ ਕਰੀਬ ਛੋਟੇ-ਵੱਡੇ ਦੁਕਾਨਦਾਰ ਲਗਭਗ 5 ਕਰੋੜ ਤੋਂ ਜ਼ਿਆਦਾ ਨੌਕਰੀਆਂ ਮਹੱਈਆਂ ਕਰ ਰਹੇ ਹਨ। ਲੌਕਡਾੳੂਨ ਦੇ ਮਾਰੂ ਪ੍ਰਭਾਵ ਤੋਂ ਬਚਾਉਣ ਲਈ ਇਨਾਂ ਦੁਕਾਨਦਾਰਾਂ ਦੀ ਬਾਂਹ ਫੜਨਾ ਸੂਬਾ ਅਤੇ ਕੇਂਦਰ ਸਰਕਾਰਾਂ ਦਾ ਫਰਜ ਹੈ। ਉਨਾਂ ਦੱਸਿਆ ਕਿ ਦੇਸ਼ ਵਿਚ ਖੇਤੀਬਾੜੀ ਅਤੇ ਉਦਯੋਗਿਕ ਖੇਤਰ ਤੋਂ ਬਾਅਦ ਪਰਚੂਨ (ਰਿਟੇਲ) ਬਾਜਾਰ ਹੀ ਸਭ ਤੋਂ ਵੱਧ ਰੋਜਗਾਰ ਅਤੇ ਟੈਕਸ ਦੇਣ ਵਾਲਾ ਖੇਤਰ ਹੈ। ਜਿਸਨੂੰ ਅਜਿਹੇ ਮੌਕੇ ਨਜ਼ਰਅੰਦਾਜ ਕਰਨਾ ਦੇਸ਼ ਅਤੇ ਦੇਸ਼ ਵਾਸੀਆਂ ਲਈ ਠੀਕ ਨਹੀਂ ਹੋਵੇਗਾ।  
    ਅਮਨ ਅਰੋੜਾ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਸੁਝਾਅ ਦਿੱਤੇ ਹਨ ਤਾਂ ਕਿ ਗਲੀ, ਮੁਹੱਲਿਆਂ, ਬਾਜ਼ਾਰਾਂ ਅਤੇ ਮਾੱਲਸ ਵਿੱਚ ਦੁਕਾਨ ਚਲਾ ਰਹੇ ਛੋਟੇ ਦੁਕਾਨਦਾਰਾਂ ਨੂੰ ਵਰਕਿੰਗ ਕੈਪੀਟਲ ਕਰਜ਼/ਫ਼ੰਡ ਉਪਲਬਧ ਕਰਵਾਇਆ ਜਾਵੇ। 
    ਅਮਨ ਅਰੋੜਾ ਨੇ ਅਫਸੋਸ ਜਤਾਉਦਿਆਂ ਕਿਹਾ ਕੋਰੋਨਾ-ਵਾਇਰਸ ਮਹਾਂਮਾਰੀ ਦੌਰਾਨ ਇਸ ਖੇਤਰ ਨੂੰ ਪੂਰੀ ਤਰਾਂ ਨਜ਼ਰਅੰਦਾਜ਼ ਕੀਤਾ ਗਿਆ ਹੈ। ਖੇਤੀਬਾੜੀ ਅਤੇ ਉਦਯੋਗ ਖੇਤਰਾਂ ਲਈ ਕੀਤੇ ਗਏ ਐਲਾਨਾਂ ਦੇ ਦੌਰਾਨ ਵੀ ਰਿਟੇਲ ਖੇਤਰ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ। ਜਿਸ ਦੀ ਵਜਾ ਨਾਲ ਪਿਛਲੇ 2 ਮਹੀਨੇ ਦੇ ਲੌਕਡਾੳੂਨ ਅਤੇ ਕਰਫ਼ਿਊ ਕਾਰਨ ਗਲੀ, ਮੁਹੱਲਿਆਂ, ਬਾਜ਼ਾਰਾਂ ਅਤੇ ਮਾੱਲਸ ਵਿੱਚ ਆਪਣੀ ਛੋਟੀ-ਮੋਟੀ ਸੰਪਤੀ ਜੋੜ ਕੇ ਕਾਰੋਬਾਰ ਚਲਾ ਰਹੇ ਕਰੋੜਾਂ ਕਾਰੋਬਾਰੀ ਬੇਹੱਦ ਮੁਸ਼ਕਲ ਸਮੇਂ ਵਿਚੋਂ ਦੀ ਗੁਜ਼ਰ ਰਹੇ ਹਨ। ਜਦੋਂਕਿ ਛੋਟੇ-ਵੱਡੇ ਦੁਕਾਨਦਾਰ ਗ਼ਰੀਬ ਲੋਕਾਂ ਨੂੰ ਉਧਾਰ ਦਿੱਤੇ ਹੋਏ ਸਾਮਾਨ ਦੀ ਉਗਰਾਹੀ ਵੀ ਨਹੀਂ ਕਰ ਪਾ ਰਹੇ, ਆਪਣੀ ਸਾਕ ਬਚਾਉਣ ਲਈ ਥੋਕ ਦੇ ਵਪਾਰੀਆਂ ਤੋਂ ਖ਼ਰੀਦੇ ਹੋਏ ਮਾਲ ਦੀ ਅਦਾਇਗੀ ਕਰਨ ਦੇ ਭਾਰੀ ਦਬਾਅ ਹੇਠ ਹਨ ਅਤੇ ਦੁਕਾਨਾਂ ਵਿੱਚ ਪਿਆ ਮਾਲ ਵੀ ਖ਼ਰਾਬ ਅਤੇ ਐਕਸਪਾਇਰੀ ਹੋ ਰਿਹਾ ਹੈ। 
    ਅਮਨ ਅਰੋੜਾ ਨੇ ਕਿਹਾ ਕਿ ਲੌਕਡਾੳੂਨ ਖੁੱਲਣ ਤੋਂ ਬਾਅਦ ਇਨਾਂ ਕਾਰੋਬਾਰੀਆਂ ਨੂੰ ਆਪਣਾ ਕਾਰੋਬਾਰ ਫਿਰ ਤੋਂ ਸ਼ੁਰੂ ਕਰਨ ਵਿੱਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਉਨਾਂ (ਅਮਨ ਅਰੋੜਾ) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗੁਜ਼ਾਰਿਸ਼ ਕੀਤੀ ਕਿ ਖੇਤੀਬਾੜੀ ਅਤੇ ਉਦਯੋਗਾਂ ਦੀ ਤਰਜ਼ ਉੱਤੇ ਬਿਨਾਂ ਕਿਸੇ ਕੋਲੇਟਰਲ ਦੇ ਸਕੀਮ ਦੀ ਤਰਜ਼ ਉੱਤੇ ਉਕਤ ਵਪਾਰੀ ਵਰਗ ਨੂੰ ਵੀ ਕਰਜ਼ਾ ਦਿੱਤਾ ਜਾਵੇ। 
    ਅਮਨ ਅਰੋੜਾ ਨੇ ਆਪਣੇ ਪੱਤਰ ਵਿਚ ਸੁਝਾਅ ਦਿੱਤਾ ਕਿ ਅਜਿਹੇ ਅਸੰਗਠਿਤ (ਅਨ-ਰਜਿਸਟਰਡ) ਦੁਕਾਨਦਾਰਾਂ ਨੂੰ ਮਹੀਨਾਵਾਰ ਕਿਸ਼ਤ ਉੱਤੇ 2.5 ਸਾਲ ਲਈ 3 ਲੱਖ ਰੁਪਏ ਬਿਨਾਂ ਵਿਆਜ ਦੇ ਅਤੇ 5 ਸਾਲ ਲਈ 3 ਲੱਖ ਰੁਪਏ ਰੇਪੋ ਰੇਟ ਉੱਤੇ ਦਿੱਤੇ ਜਾਣ। ਇਸੇ ਤਰਾਂ ਹੀ ਸੰਗਠਿਤ (ਰਜਿਸਟਰਡ) ਕਾਰੋਬਾਰੀਆਂ ਨੂੰ ਉਨਾਂ ਦੀ ਸਾਲਾਨਾ ਟਰਨ ਓਵਰ/ਸਮਰੱਥਾ ਦੇ ਅਨੁਸਾਰ ਅੱਧਾ ਕਰਜ਼ਾ 2.5 ਸਾਲ ਲਈ ਬਿਨਾਂ ਵਿਆਜ ਅਤੇ ਅੱਧਾ 5 ਸਾਲ ਲਈ ਰੇਪੋ ਰੇਟ ਦੇ ਅਨੁਸਾਰ ਦਿੱਤਾ ਜਾਵੇ। ਅਰੋੜਾ ਨੇ ਕਿਹਾ ਕਿ ਅਜਿਹੇ ਛੋਟੇ ਦੁਕਾਨਦਾਰਾਂ ਵੱਲੋਂ ਪਹਿਲਾਂ ਤੋਂ ਹੀ ਲਈ ਹੋਏ ਪੰਜ ਲੱਖ ਤੱਕ ਦੇ ਕਰਜ਼ ਨੂੰ ਵੀ ਇੱਕ ਸਾਲ ਲਈ ਵਿਆਜ ਮੁਕਤ ਕਰ ਦਿੱਤਾ ਜਾਵੇ ਤਾਂ ਇਨਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰ ਵਿਚ ਕਾਫ਼ੀ ਆਸਾਨੀ ਹੋ ਜਾਵੇਗੀ।    

Leave a Reply