ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵਾਂ ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕਬੱਡੀ ਮੁਕਾਬਲੇ 23 ਜੁਲਾਈ ਤੋਂ 

Punjab
By Admin

ਐਂਟਰੀਆਂ ਸਿਰਫ ਪਹਿਲੇ ਦਿਨ ਹੀ ਸਵੇਰੇ 11 ਵਜੇ ਤੱਕ ਹੋਣਗੀਆਂ
ਬਠਿੰਡਾ, 18 ਜੁਲਾਈ: ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਦੇਖ ਰੇਖ ਹੇਠ ਅਤੇ ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਖੇਡ ਵਿਭਾਗ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ  ਕਬੱਡੀ ਮੁਕਾਬਲੇ 23 ਜੁਲਾਈ ਤੋਂ ਕਰਵਾਏ ਜਾ ਰਹੇ ਹਨ। ਮਿਸ਼ਨ ਤੰਦਰੁਸਤ ਪੰਜਾਬ ਅਧੀਨ ਇਹ ਮੁਕਾਬਲੇ ਜ਼ਿਲੇ ਵਿੱਚ ਸਬ ਡਵੀਜਨ ਪੱਧਰ ‘ਤੇ 26 ਜੁਲਾਈ 2019 ਤੱਕ ਹੋਣਗੇ। ਇਸ ਦੌਰਾਨ ਲੜਕੇੇ-ਲੜਕੀਆਂ ਅੰਡਰ 14, 18 ਅਤੇ 25 ਵਰਗ ਦੇ ਕਬੱਡੀ ਮੁਕਾਬਲੇ ਕਰਵਾਏ ਜਾਣਗੇ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲਾ ਖੇਡ ਅਫ਼ਸਰ ਸ਼੍ਰੀ ਵਿਜੇ ਕੁਮਾਰ ਨੇ ਦੱਸਿਆ ਕਿ ਬਠਿੰਡਾ ਸਬ ਡਵੀਜਨ ਦੇ ਮੁਕਾਬਲੇ ਸਥਾਨਕ ਬਹੁਮੰਤਵੀ ਸਪੋਰਟਸ ਸਟੇਡੀਅਮ ਵਿਖੇ ਅਤੇ  ਰਾਮਪੁਰਾ ਫੂਲ ਸਬ ਡਵੀਜਨ ਦੇ ਮੁਕਾਬਲੇ ਸਰਵ ਹਿੱਤਕਾਰੀ ਸਕੂਲ ਰਾਮਪੁਰਾ ਵਿਖੇ 23 ਅਤੇ 24 ਜੁਲਾਈ ਨੂੰ ਹੋਣਗੇ। ਇਸੇ ਤਰਾ ਤਲਵੰਡੀ ਸਾਬੋ ਸਬ ਡਵੀਜਨ ਦੇ ਮੁਕਾਬਲੇ ਸਰਕਾਰੀ ਹਾਈ ਸਕੂਲ ਪਿੰਡ ਲਾਲੇਆਣਾ ਵਿਖੇੇ ਅਤੇ ਮੌੜ ਸਬ ਡਵੀਜਨ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਈਸਰਖਾਨਾ ਵਿਖੇ 25 ਅਤੇ 26 ਜੁਲਾਈ ਨੂੰ ਕਰਵਾਏ ਜਾਣਗੇ।
ਜ਼ਿਲਾ ਖੇਡ ਅਫ਼ਸਰ ਨੇ ਦੱਸਿਆ ਕਿ ਇਨਾਂ ਮੁਕਾਬਲਿਆਂ ਦੌਰਾਨ ਅੰਡਰ 14 ਵਿਚ 48 ਤੋਂ 50 ਕਿਲੋਗ੍ਰਾਮ ਭਾਰ ਵਰਗ ਦੇ ਲੜਕੇ, ਲੜਕੀਆਂ, ਅੰਡਰ 18 ਵਿਚ 58 ਤੋਂ 60 ਕਿਲੋਗ੍ਰਾਮ ਭਾਰ ਵਰਗ ਦੇ ਲੜਕੇ, ਲੜਕੀਆਂ ਅਤੇ ਅੰਡਰ 25 ਭਾਰ ਵਰਗ ਵਿਚ 85 ਕਿਲੋ ਤੋਂ ਵੱਧ ਭਾਰ ਦੇ ਲੜਕੇ ਅਤੇ 75 ਕਿਲੋ ਤੋਂ ਵੱਧ ਭਾਰ ਦੀਆਂ ਲੜਕੀਆਂ ਭਾਗ ਲੈ ਸਕਣਗੀਆਂ।
ਜ਼ਿਲਾ ਖੇਡ ਅਫ਼ਸਰ ਨੇ ਦੱਸਿਆ ਕਿ ਅੰਡਰ 14 ਮੁਕਾਬਲੇ ਲਈ ਖਿਡਾਰੀ ਦੀ ਜਨਮ ਮਿਤੀ 01-01-2006 ਜਾਂ ਇਸ ਤੋਂ ਬਾਅਦ, ਅੰਡਰ 18 ਮੁਕਾਬਲੇ ਲਈ ਜਨਮ ਮਿਤੀ 01-01-2002 ਜਾਂ ਇਸ ਤੋਂ ਬਾਅਦ ਅੰਡਰ 25 ਮੁਕਾਬਲੇ ਲਈ ਖਿਡਾਰੀ ਦੀ ਜਨਮ ਮਿਤੀ 01-01-1995 ਜਾਂ ਇਸ ਤੋਂ ਬਾਅਦ ਦੀ ਹੋਣੀ ਚਾਹੀਦੀ ਹੈ। ਉਨਾਂ ਨੇ ਦੱਸਿਆ ਕਿ ਜਿਲੇ ਦੇ ਸਾਰੇ ਪਿੰਡਾਂ, ਕਲੱਬਾਂ, ਯੂਥ ਕਲੱਬਾਂ ਤੇ ਅਕੈਡਮੀਆ ਦੀਆਂ ਟੀਮਾਂ ਇਸ ਟੂਰਨਾਮੈਂਟ ਵਿਚ ਭਾਗ ਲੈ ਸਕਦੀਆਂ ਹਨ। ਟੀਮਾਂ ਦੀ ਐਂਟਰੀ ਸਿਰਫ ਪਹਿਲੇ ਦਿਨ 23 ਜੁਲਾਈ ਨੂੰ ਸਵੇਰੇ 11 ਵਜੇ ਤੱਕ ਹੀ ਹੋਵੇਗੀ, ਇਸ ਤੋਂ ਬਾਅਦ ਆਉਣ ਵਾਲੀਆਂ ਟੀਮਾਂ ਦੀ ਐਂਟਰੀ ਸਵੀਕਾਰ ਨਹੀਂ ਕੀਤੀ ਜਾਵੇਗੀ।

Leave a Reply