#ਗ਼ੈਰ-ਕਾਨੂੰਨੀ ਖਣਨ, ਨਸ਼ਿਆਂ ਤੇ ਟਰਾਂਸਪੋਰਟ ਦੇ ਕਾਰੋਬਾਰਾਂ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸੀ ਵਿਧਾਇਕਾਂ ਨੇ ਚੋਖਾ ਮੁਨਾਫ਼ਾ ਕਮਾਇਆ: ਆਮ ਆਦਮੀ ਪਾਰਟੀ

Punjab
By Admin

 

ਆਮ ਲੋਕ ਗ਼ਰੀਬ ਤੇ ਹੋਰ ਗ਼ਰੀਬ ਹੁੰਦੇ ਗਏ, ਪਰ ਅਕਾਲੀ ਤੇ ਕਾਂਗਰਸੀ ਵਿਧਾਇਕਾਂ ਨੂੰ ਪੰਜ ਸਾਲਾਂ ’ਚ ਚੋਖੇ ਮੁਨਾਫ਼ੇ ਕਮਾਏ: ਵੜੈਚ

ਚੰਡੀਗੜ, 25 ਜਨਵਰੀ:
ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਪਿਛਲੇ ਪੰਜ ਵਰਿਆਂ ਦੌਰਾਨ ਕਾਂਗਰਸੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਦੀਆਂ ਆਮਦਨਾਂ ਵਿੱਚ ਤਾਂ ਚੋਖਾ ਵਾਧਾ ਹੋਇਆ ਹੈ ਕਿਉਕਿ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਦੇ ਕੁਝ ਮੁੱਠੀ ਭਰ ਆਗੂਆਂ ਨੇ ਆਪਸ ਵਿੱਚ ਮਿਲ ਕੇ ਗ਼ੈਰ-ਕਾਨੂੰਨੀ ਖਣਨ (ਮਾਈਨਿੰਗ), ਨਸ਼ਿਆਂ ਅਤੇ ਟਰਾਂਸਪੋਰਟ ਦੇ ਕਾਰੋਬਾਰਾਂ ਤੋਂ ਚੋਖਾ ਮੁਨਾਫ਼ਾ ਕਮਾਇਆ ਹੈ।
ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਇੱਥੇ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ‘ਐਸੋਸੀਏਸ਼ਨ ਫ਼ਾਰ ਡੈਮੋਕੈਟਿਕ ਰਾਈਟਸ’ (ਜਮਹੂਰੀ ਅਧਿਕਾਰਾਂ ਬਾਰੇ ਐਸੋਸੀਏਸ਼ਨ) ਵੱਲੋਂ ਕੀਤੇ ਇੱਕ ਵਿਸ਼ਲੇਸ਼ਣ ਵਿੱਚ ਇੱਕ ਸਨਸਨੀਖ਼ੇਜ਼ ਇੰਕਸ਼ਾਫ਼ ਕੀਤਾ ਗਿਆ ਹੈ ਕਿ 117 ਵਿਧਾਇਕਾਂ ਵਿੱਚੋਂ 94 ਦੀਆਂ ਔਸਤ ਸੰਪਤੀਆਂ ਵਿੱਚ 3-3 ਕਰੋੜ ਰੁਪਏ ਦਾ ਵਾਧਾ ਹੋਇਆ ਹੈ, ਜਦ ਕਿ ਇਨਾਂ ਪੰਜ ਸਾਲਾਂ ’ਚ 13 ਵਿਧਾਇਕਾਂ ਦੀਆਂ ਸੰਪਤੀਆਂ ਦੁੱਗਣੀਆਂ ਹੋ ਗਈਆਂ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਅਜਿਹੇ ਵਿਧਾਇਕਾਂ ਵਿੱਚ ਸ਼ਾਮਲ ਹਨ, ਜਿਨਾਂ ਦੀ ਸੰਪਤੀ ਪੰਜ ਵਰਿਆਂ ਦੌਰਾਨ 6.75 ਕਰੋੜ ਰੁਪਏ ਤੋਂ ਦੁੱਗਣੀ ਵਧ ਕੇ 14.88 ਕਰੋੜ ਰੁਪਏ ਹੋ ਗਈ ਹੈ।
ਉਨਾਂ ਕਿਹਾ ਕਿ ਇਹ ਵੀ ਦਿਲਚਸਪ ਤੱਥ ਹੈ ਕਿ ਜਿਹੜੇ ਕਾਂਗਰਸੀ ਵਿਧਾਇਕਾਂ ਕੋਲ 18.88 ਕਰੋੜ ਰੁਪਏ ਦੀਆਂ ਔਸਤ ਸੰਪਤੀਆਂ ਹਨ ਅਤੇ ਜਿਨਾਂ ਕੋਲ 2012 ’ਚ 13.88 ਕਰੋੜ ਰੁਪਏ ਦੀਆਂ ਸੰਪਤੀਆਂ ਸਨ, ਉਨਾਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕਾਂ ਦੇ ਮੁਕਾਬਲੇ ਵਧੇਰੇ ਧਨ ਕਮਾਇਆ ਹੈ। ਉਨਾਂ ਕਿਹਾ ਕਿ ਬਾਦਲ ਪਰਿਵਾਰ ਦੇ ਮੈਂਬਰਾਂ ਅਤੇ ਬਿਕਰਮ ਸਿੰਘ ਮਜੀਠੀਆ ਦੀਆਂ ਸੰਪਤੀਆਂ ਵਿੱਚ ਤਾਂ ਕਈ ਗੁਣਾ ਵਾਧਾ ਹੋਇਆ ਹੈ। ਉਨਾਂ ਕਿਹਾ ਕਿ ਸੂਬੇ ਦੀ ਜਨਤਾ ਤਾਂ ਗ਼ਰੀਬ ਅਤੇ ਹੋਰ ਗ਼ਰੀਬ ਹੁੰਦੀ ਜਾ ਰਹੀ ਹੈ ਅਤੇ ਸੂਬੇ ਦੀ ਅਰਥ ਵਿਵਸਥਾ ਦੀ ਹਾਲਤ ਵੀ ਇਸ ਵੇਲੇ ਠੀਕ ਨਹੀਂ ਹੈ, ਪਰ ਕੁਝ ਖ਼ਾਸ ਸਿਆਸੀ ਆਗੂਆਂ ਦੀਆਂ ਆਪਣੀਆਂ ਖ਼ੁਦ ਦੀਆਂ ਸੰਪਤੀਆਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ; ਇਸ ਤੋਂ ਸਭ ਦੇ ਮਨਾਂ ਵਿੱਚ ਕਈ ਤਰਾਂ ਦੇ ਸੁਆਲ ਪੈਦਾ ਹੋਣੇ ਸੁਭਾਵਕ ਹਨ।
ਵੜੈਚ ਨੇ ਕਿਹਾ ਕਿ ਜਲਾਲਾਬਾਦ ਹਲਕੇ ਤੋਂ ਉੱਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਿਰੁੱਧ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਦੇ ਮਾਮਲੇ ਵਿੱਚ ਉਲਟਾ ਹੈ; ਉਨਾਂ ਦੀ ਜਿਹੜੀ ਸੰਪਤੀ ਦੋ ਸਾਲ ਪਹਿਲਾਂ 4.60 ਕਰੋੜ ਰੁਪਏ ਦੀ ਸੀ, ਉਹ 54 ਫ਼ੀ ਸਦੀ ਘਟ ਕੇ 1.99 ਕਰੋੜ ਰੁਪਏ ਦੀ ਰਹਿ ਗਈ ਹੈ। ਉਨਾਂ ਕਿਹਾ ਕਿ ਇਸ ਦੇ ਉਲਟ ਸੁਖਬੀਰ ਬਾਦਲ ਕੋਲ ਕੁੱਲ 102 ਕਰੋੜ ਰੁਪਏ ਦੀ ਸੰਪਤੀ ਹੈ, ਜੋ ਮਾਨ ਤੋਂ ਲਗਭਗ 100 ਕਰੋੜ ਰੁਪਏ ਵੱਧ ਹੈ।
ਵੜੈਚ ਨੇ ਕਿਹਾ ਕਿ ਇਨਾਂ ਸਿਆਸੀ ਸ਼ਖ਼ਸੀਅਤਾਂ ਵੱਲੋਂ ਐਲਾਨੀ ਆਮਦਨ ਦੇ ਅੰਕੜੇ ਤਾਂ ਕੇਵਲ ਇੱਕ ਪੂਛ ਹਨ, ਅਸਲ ਹਾਥੀ ਦੇ ਰੂਪ ਵਿੱਚ ਉਨਾਂ ਨੇ ਆਪਣੀਆਂ ਵਧੇਰੇ ਆਮਦਨਾਂ ਤੇ ਜਾਇਦਾਦਾਂ ਤਾਂ ਜੱਗ-ਜ਼ਾਹਿਰ ਕੀਤੀਆਂ ਹੀ ਨਹੀਂ ਹਨ। ਉਨਾਂ ਕਿਹਾ ਕਿ ਕਾਨੂੰਨੀ ਕਾਰੋਬਾਰਾਂ ਵਿੱਚ ਲੱਗੇ ਵਿਅਕਤੀਆਂ ਨੇ ਗ਼ੈਰ-ਕਾਨੂੰਨੀ ਕਾਰੋਬਾਰਾਂ ਤੋਂ ਇਕੱਠੇ ਕੀਤੇ ਕਾਲੇ ਧਨ ਦਾ ਹਿੱਸਾ ਆਪਣੀਆਂ ਕੰਪਨੀਆਂ ਵਿੱਚ ਲਾ ਲਿਆ ਹੈ। ਜਿਸ ਤਰੀਕੇ ਨਾਲ ਚੋਣਾਂ ਵਿੱਚ ਇਹ ਆਗੂ ਧਨ ਖ਼ਰਚ ਕਰ ਰਹੇ ਹਨ, ਇਸ ਤੋਂ ਸਪੱਸ਼ਟ ਹੈ ਕਿ ਇਨਾਂ ਚੋਣਾਂ ਵਿੱਚ ਗ਼ੈਰ-ਕਾਨੂੰਨੀ ਤਰੀਕੇ ਨਾਲ ਇਕੱਠੇ ਕੀਤੇ ਧਨ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਅੰਮਿ੍ਰਤਸਰ ’ਚ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਇੱਕ ਮਾਮਲੇ ਵਿੱਚ ਗਿ੍ਰਫ਼ਤਾਰ ਹੋਏ ਜਗਜੀਤ ਸਿੰਘ ਚਾਹਲ ਨੇ ਇਨਫ਼ੋਰਸਮੈਂਟ ਡਾਇਰੈਕਟੋਰੇਟ ਨੂੰ ਪੁੱਛਗਿੱਛ ਦੌਰਾਨ ਦੱਸਿਆ ਸੀ ਕਿ ਉਸ ਵੱਲੋਂ ਦਿੱਤੇ ਗਏ 37 ਲੱਖ ਰੁਪਏ ਬਿਕਰਮ ਸਿੰਘ ਮਜੀਠੀਆ ਦੀਆਂ ਚੋਣ ਮੁਹਿੰਮਾਂ ਵਿੱਚ ਵਰਤੇ ਜਾ ਰਹੇ ਸਨ।
ਉਨਾਂ ਕਿਹਾ ਕਿ ਉਮੀਦਵਾਰਾਂ ਤੋਂ ਇਲਾਵਾ ਤਿੰਨ ਸਿਆਸੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਨੇ ਵੀ ਆਪਣੀ ਬਹੁਤੀ ਆਮਦਨ ਦੇ ਸਰੋਤਾਂ ਨੂੰ ‘ਅਗਿਆਤ’ ਹੀ ਰੱਖਿਆ ਹੈ ਅਤੇ ਦਾਨੀ ਸੱਜਣਾਂ ਦੇ ਨਾਂਅ ਨਹੀਂ ਦਿੱਤੇ। ਉਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ 94 ਫ਼ੀ ਸਦੀ ਲੁਕਵੀਂ ਆਮਦਨ ਹੈ, ਕਾਂਗਰਸ ਵਿੱਚ ਅਜਿਹੀ ਆਮਦਨ 823 ਫ਼ੀ ਸਦੀ ਅਤੇ ਭਾਰਤੀ ਜਨਤਾ ਪਾਰਟੀ ਵਿੱਚ 65 ਫ਼ੀ ਸਦੀ ਹੈ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇਸ਼ ਦੀਆਂ ਸਿਆਸੀ ਪਾਰਟੀਆਂ ਨੂੰ ਦਿੱਤੇ ਜਾਣ ਵਾਲੇ ਦਾਨ ਦੀਆਂ ਰਕਮਾਂ ਵਿੱਚ ਪਾਰਦਰਸ਼ਤਾ ਲਿਆਉਣ ਦੀ ਮੰਗ ਕਰਦੀ ਰਹੀ ਹੈ। ਆਮ ਆਦਮੀ ਪਾਰਟੀ ਨੇ ਭਾਰਤ ਦੇ ਚੋਣ ਕਮਿਸ਼ਨ ਕੋਲ ਪਹੁੰਚ ਕਰ ਕੇ ਸਿਆਸੀ ਪਾਰਟੀਆਂ ਨੂੰ ਮਿਲਣ ਵਾਲੇ ਦਾਨ ਦਾ ਹਿਸਾਬ ਜੱਗ ਜ਼ਾਹਿਰ ਕਰਨ ਦੀ ਮੰਗ ਕੀਤੀ ਸੀ ਪਰ ਦੋਵੇਂ ਮੁੱਖ ਪਾਰਟੀਆਂ ਕਾਂਗਰਸ ਤੇ ਭਾਜਪਾ ਨੇ ਇਸ ਦਾ ਵਿਰੋਧ ਕੀਤਾ ਸੀ।
ਵੜੈਚ ਨੇ ਕਿਹਾ ਕਿ ਸਿਆਸੀ ਪਾਰਟੀਆਂ ਦੀ ਪਿਛਲੇ ਇੱਕ ਸਾਲ ਦੌਰਾਨ ਅਗਿਆਤ ਸਰੋਤਾਂ ਤੋਂ ਆਮਦਨ 313 ਫ਼ੀ ਸਦੀ ਵਧ ਗਈ ਹੈ, ਜੋ ਚਿੰਤਾਜਨਕ ਅੰਕੜਾ ਹੈ। ਉਨਾਂ ਮੰਗ ਕੀਤੀ ਕਿ ਸਿਆਸੀ ਪਾਰਟੀਆਂ ਨੂੰ ਦਾਨ ਵਿੱਚ ਮਿਲਣ ਵਾਲੇ ਇੱਕ-ਇੱਕ ਪੈਸੇ ਦਾ ਹਿਸਾਬ ਰੱਖਿਆ ਜਾਣਾ ਚਾਹੀਦਾ ਹੈ ਅਤੇ ਦਾਨੀਆਂ ਦੇ ਨਾਂਅ ਐਲਾਨੇ ਜਾਣੇ ਚਾਹੀਦੇ ਹਨ। ਉਨਾਂ ਕਿਹਾ ਕਿ ਵੱਡੇ ਕਾਰਪੋਰੇਟ ਘਰਾਣੇ ਵੱਡੀਆਂ ਸਿਆਸੀ ਪਾਰਟੀਆਂ ਨੂੰ ਮੋਟੀਆਂ ਰਕਮਾਂ ਦਾਨ ਕਰਦੇ ਹਨ, ਤਾਂ ਜੋ ਉਹ ਚੋਣਾਂ ਉੱਤੇ ਆਪਣਾ ਪ੍ਰਭਾਵ ਕਾਇਮ ਕਰ ਸਕਣ, ਇਹ ਲੋਕਤੰਤਰ ਲਈ ਕੋਈ ਵਧੀਆ ਸੰਕੇਤ ਨਹੀਂ ਹੈ।


Leave a Reply