ਸੀਨੀਅਰ ਕਾਂਗਰਸੀ ਆਗੂ ਤੇ ਟਰੱਕ ਯੂਨੀਅਨ ਮੁਹਾਲੀ ਦੇ ਬਾਨੀ ਰਾਜਪਾਲ ਸਿੰਘ ਵਿਲਖੂ ਨਹੀਂ ਰਹੇ

Punjab
By Admin


ਸਿਹਤ ਮੰਤਰੀ ਬਲਬੀਰ ਸਿੱਧੂ ਵਲੋਂ  ਡੂੰਘੇ ਦੁੱਖ ਦਾ ਪ੍ਰਗਟਾਵਾ
ਐਸ ਏ ਐਸ ਨਗਰ, 18 ਜਨਵਰੀ
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਸੀਨੀਅਰ ਕਾਂਗਰਸੀ ਆਗੂ, ਟਰੱਕ ਯੂਨੀਅਨ ਮੁਹਾਲੀ ਦੇ ਬਾਨੀ ਤੇ ਰਾਮਗੜ੍ਹੀਆ ਸਭਾ ਮੁਹਾਲੀ ਦੇ ਸਾਬਕਾ ਪ੍ਰਧਾਨ ਸ. ਰਾਜਪਾਲ ਸਿੰਘ ਵਿਲਖੂ ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। 
ਜਿਕਰਯੋਗ ਹੈ ਕਿ ਸ. ਰਾਜਪਾਲ ਸਿੰਘ ਦਾ ਸੰਖੇਪ ਬਿਮਾਰੀ ਮਗਰੋਂ ਅੱਜ ਸਵੇਰੇ ਆਈ ਵੀ ਵਾਈ ਹਸਪਤਾਲ ਮੁਹਾਲੀ ਵਿੱਚ ਦੇਹਾਂਤ ਹੋ ਗਿਆ।ਉਨ੍ਹਾਂ ਦਾ ਸਸਕਾਰ ਭਲਕੇ 19 ਜਨਵਰੀ 2020 ਨੂੰ ਬਾਅਦ ਦੁਪਹਿਰ 12 ਵਜੇ ਮੁਹਾਲੀ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।
ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸ. ਰਾਜਪਾਲ ਸਿੰਘ ਜ਼ਿਲ੍ਹਾ ਐਸ ਏ ਐਸ ਨਗਰ ਵਿੱਚ ਕਾਂਗਰਸ ਦੇ ਮੋਹਰੀ ਆਗੂਆਂ ਵਿੱਚੋਂ ਸਨ ਅਤੇ ਉਨ੍ਹਾਂ ਜਿੱਥੇ ਲੰਮਾ ਸਮਾਂ ਪਾਰਟੀ ਦੀ ਸੇਵਾ ਕੀਤੀ, ਉਥੇ ਮੁਹਾਲੀ ਵਿੱਚ ਟਰੱਕ ਯੂਨੀਅਨ ਕਾਇਮ ਕਰਵਾ ਕੇ ਟਰੱਕ ਅਪਰੇਟਰਾਂ ਦੇ ਹਿੱਤਾਂ ਦੀ ਰਾਖੀ ਲਈ ਪਹਿਲਕਦਮੀ ਕੀਤੀ। ਉਹ ਲੰਮਾ ਸਮਾਂ ਰਾਮਗੜ੍ਹੀਆ ਸਭਾ ਮੁਹਾਲੀ ਦੇ ਪ੍ਰਧਾਨ ਰਹੇ। ਸ. ਬਲਬੀਰ ਸਿੰਘ ਸਿੱਧੂ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਪ੍ਰਧਾਨ ਰਾਮਗੜ੍ਹੀਆ ਸਭਾ ਮੁਹਾਲੀ ਡਾ. ਸਤਵਿੰਦਰ ਸਿੰਘ ਭੰਵਰਾ, ਨਗਰ ਕੌਂਸਲ ਮੁਹਾਲੀ ਦੇ ਸਾਬਕਾ ਪ੍ਰਧਾਨ ਰਾਜਿੰਦਰ ਸਿੰਘ ਰਾਣਾ, ਅਮਰੀਕ ਸਿੰਘ ਸੋਮਲ ਐਮ ਸੀ, ਮਨਿੰਦਰ ਸਿੰਘ ਮਨੀ ਪ੍ਰਧਾਨ ਟਰੱਕ ਯੂਨੀਅਨ ਮੁਹਾਲੀ, ਮਾਸਟਰ ਰਾਮ ਸਰੂਪ ਜੋਸ਼ੀ, ਠੇਕੇਦਾਰ ਯੂਨੀਅਨ ਮੁਹਾਲੀ ਦੇ ਪ੍ਰਧਾਨ ਨਿਰਮਲ ਸਿੰਘ ਸੱਭਰਵਾਲ, ਕਰਮ ਸਿੰਘ ਬਵਰਾ ਸਕੱਤਰ ਰਾਮਗੜ੍ਹੀਆ ਸਭਾ ਮੁਹਾਲੀ, ਬਾਲਾ ਸਿੰਘ ਰਾਂਗੋ, ਦਸਮੇਸ਼ ਵੈਲਫੇਅਰ ਕੌਂਸਲ ਦੇ ਪ੍ਰਧਾਨ ਮਨਜੀਤ ਸਿੰਘ ਮਾਨ, ਰਾਮਗੜ੍ਹੀਆ ਸਭਾ ਚੰਡੀਗੜ੍ਹ ਦੇ ਪ੍ਰਧਾਨ ਜਸਵੰਤ ਸਿੰਘ ਭੁੱਲਰ, ਭਾਈ ਲਾਲੋ ਕੋਆਪ੍ਰੇਟਿਵ ਬੈਂਕ ਦੇ ਪ੍ਰਧਾਨ ਹਰਦੀਪ ਸਿੰਘ ਭਾਰਜ ਤੋਂ ਇਲਾਵਾ ਵੱਖ ਵੱਖ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਨੇ ਸ. ਰਾਜਪਾਲ ਸਿੰਘ ਦੇ ਦੇਹਾਂਤ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Leave a Reply