ਵੋਟਰ ਨੂੰ ਘਰ ਤੋਂ ਬੂਥ ਤੱਕ ਲੈ ਕੇ ਜਾਣ ਵਾਲੀ ਕੜੀ ਨੂੰ ਮਜਬੂਤ ਕਰੇਗੀ ਪਾਰਟੀ- ਭਗਵੰਤ ਮਾਨ

Punjab
By Admin


‘ਆਪ’ ਦੀ ਸੂਬਾ ਪੱਧਰੀ ਬੈਠਕ ਵਿਚ ਮਾਨ, ਖਹਿਰਾ, ਅਮਨ ਅਰੋੜਾ ਅਤੇ ਪ੍ਰੋ. ਸਾਧੂ ਸਿੰਘ ਹੋਏ ਸ਼ਾਮਲ 

ਚੰਡੀਗੜ, 12 ਜਨਵਰੀ 2018 
ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਸੂਬਾ ਪੱਧਰੀ ਬੈਠਕ ਪਾਰਟੀ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਅੱਜ ਚੰਡੀਗੜ ਵਿਚ ਹੋਈ। ਜਿਸ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ, ਫਰੀਦਕੋਟ ਤੋਂ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ, ਸੂਬਾ ਸਹਿ ਪ੍ਰਧਾਨ ਅਤੇ ਵਿਧਾਇਕ ਅਮਨ ਅਰੋੜਾ, ਵਿਧਾਨ ਸਭਾ ਵਿਚ ਉਪ ਨੇਤਾ ਬੀਬੀ ਸਰਬਜੀਤ ਕੌਰ ਸਮੇਤ ਪਾਰਟੀ ਦੇ ਵਿਧਾਇਕ, ਜਿਲਾ ਪ੍ਰਧਾਨਾਂ ਅਤੇ ਸੂਬਾ ਪੱਧਰੀ ਆਗੂਆਂ ਨੇ ਹਿੱਸਾ ਲਿਆ। ‘ਆਪ’ ਵਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਬੈਠਕ ਵਿਚ ਹਾਜਰ ਸਮੁੱਚੀ ਲੀਡਰਸ਼ਿਪ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਨੂੰ ਪੰਜਾਬ ਮਾਮਲਿਆਂ ਦਾ ਇੰਚਾਰਜ ਲਗਾਉਣ ਉਤੇ ਸਵਾਗਤ ਕੀਤਾ ਗਿਆ। ਇਸ ਮੌਕੇ ਸਹਿ-ਪ੍ਰਧਾਨ ਅਮਨ ਅਰੋੜਾ ਨੇ ਦੱਸਿਆ ਕਿ ਮੁਨੀਸ਼ ਸਿਸੋਦੀਆ ਛੇਤੀ ਹੀ ਪੰਜਾਬ ਦੇ ਵਿਧਾਇਕਾਂ, ਸੂਬਾਈ ਆਗੂਆਂ ਅਤੇ ਜਿਲਾ ਪ੍ਰਧਾਨਾਂ ਨਾਲ ਵਨ-ਟੂ-ਵਨ ਫੀਡਬੈਕ ਬੈਠਕਾਂ ਦਾ ਸਿਲਸਿਲਾ ਸ਼ੁਰੂ ਕਰਨ ਜਾ ਰਹੇ ਹਨ।
ਇਸ ਮੌਕੇ ਹਾਜਰ ਸਮੁੱਚੀ ਲੀਡਰਸ਼ਿਪ ਵਲੋਂ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦੇ ਸਵ. ਸਰਦਾਰਨੀ ਮੋਹਿੰਦਰ ਕੌਰ ਦੇ ਦੇਹਾਂਤ ਉਤੇ ਦੁਖ ਜਤਾਉਦੇ ਹੋਏ 2 ਮਿਨਟ ਦਾ ਮੌਨ ਰੱਖ ਕੇ ਉਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।


ਬੈਠਕ ਦੌਰਾਨ ਪਾਰਟੀ ਦੇ ਭਵਿੱਖ ਦੇ ਪ੍ਰੋਗਰਾਮ ਉਤੇ ਚਰਚਾ ਉਪਰੰਤ ਬੂਥ ਅਤੇ ਬਲਾਕ ਪੱਧਰ ਦੀਆਂ ਨਿਯੁਕਤੀਆਂ ਅਤੇ ਸਰਗਰਮੀਆਂ ਬਾਰੇ ਰੂਪ ਰੇਖਾ ਉਲੀਕੀ ਗਈ। ਸੂਬਾ ਪੱਧਰ ਦੇ ਸਾਰੇ ਅਹੁਦੇਦਾਰਾਂ ਨੂੰ ਸਨਾਖਤੀ ਪੱਤਰ ਦੇਣ ਦਾ ਵੀ ਫੈਸਲਾ ਲਿਆ ਗਿਆ।
ਇਸ ਮੌਕੇ ਸੰਬੋਧਨ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਪਾਰਟੀ ਦੀ ਬੂਥ ਪੱਧਰ ਤੱਕ ਮਜਬੂਤੀ ਲਈ ਸੂਬਾ ਪੱਧਰੀ ਮਹਿੰਮ ਵਿੱਢੀਆਂ ਜਾਣਗੀਆਂ।  ਉਨਾਂ ਕਿਹਾ ਕਿ ਵੋਟਰ ਨੂੰ ਬੂਥ ਤੱਕ ਲੈ ਕੇ ਜਾਣ ਵਾਲੀ ਕੜੀ ਨੂੰ ਮਜਬੂਤ ਕੀਤਾ ਜਾਵੇਗਾ। ਉਨਾਂ ਇਸ ਤਰਾਂ ਦੀਆਂ ਮਹੀਨਾਵਰ ਮੀਟਿੰਗਾਂ ਜੋਨ, ਜਿਲਾ ਅਤੇ ਬਲਾਕ ਪੱਧਰ ਉਤੇ ਕੀਤੀਆਂ ਜਾਣਗੀਆਂ। ਉਨਾਂ ਕਿਹਾ ਕਿ ਵੱਖ-ਵੱਖ ਮੁੱਦਿਆਂ ਉਤੇ ਮਾਹਿਰ ਕਮੇਟੀਆਂ ਵੀ ਨਿਯੁਕਤ ਕੀਤੀਆਂ ਜਾਣਗੀਆਂ। ਉਨਾਂ ਕਿਹਾ ਕਿ ਪੂਰੇ ਪੰਜਾਬ ਵਿਚ ‘ਆਪ’ ਦੇ ਵਲੰਟੀਅਰਾਂ ਅਤੇ ਸਮਰੱਥਕਾਂ ਨਾਲ ਸੱਤਾਧਾਰੀ ਧਿਰਾਂ ਬੇਇਨਸਾਫੀ ਜਾਂ ਧੱਕੇਸ਼ਾਹੀ ਕਰਦੀਆਂ ਹਨ ਤਾਂ ਪਾਰਟੀ ਵਲੋ ਉਸਦਾ ਮੂੰਹਤੋੜਵਾਂ ਜਵਾਬ ਦਿੱਤਾ ਜਾਵੇਗਾ। ਉਨਾਂ ਇਹ ਵੀ ਕਿਹਾ ਕਿ ਵਿਸ਼ੇਸ਼ ਪ੍ਰੋਗਰਾਮ ਤਹਿਤ ਪਾਰਟੀ ਵਲੋਂ ਨਰਾਜ ਅਤੇ ਹੌਂਸਲਾ ਢਾਹ ਚੁੱਕੇ ਵਲੰਟੀਅਰਾਂ ਅਤੇ ਸਥਾਨਕ ਆਗੂਆਂ ਨੂੰ ਮਨਾ ਕੇ ਪਾਰਟੀ ਦੀ ਤਾਕਤ ਵਧਾਈ ਜਾਵੇਗੀ।
ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਬਕਾਇਆ ਰਹਿੰਦੇ ਢਾਂਚੇ ਨੂੰ ਮੈਰਿਟ ਦੇ ਅਧਾਰ ਉਤੇ ਜਲਦੀ ਹੀ ਮੁਕੰਮਲ ਕੀਤਾ ਜਾਵੇਗਾ। ਉਨਾਂ ਕਿਹਾ ਕਿ ਪਾਰਟੀ ਕਿਸਾਨੀ ਕਰਜਿਆਂ ਸਮੇਤ ਸੂਬੇ ਦੇ ਭਖਵੇਂ ਮੁੱਦਿਆਂ ਉਤੇ ਜਮੀਨੀ ਗਤੀਵੀਧਿਆਂ ਵਧਾਵੇਗੀ। ਇਸ ਮੌਕੇ ਸੰਸਦ ਮੈਂਬਰ ਪ੍ਰੌ. ਸਾਧੂ ਸਿੰਘ ਅਤੇ ਬੀਬੀ ਸਰਬਜੀਤ ਕੌਰ ਮਾਣੂਕੇ ਨੇ ਵੀ ਸੰਬੋਧਨ ਕੀਤਾ।

Leave a Reply