ਰੇਤ ਖਣਨ ਬਾਰੇ ਕੈਬਨਿਟ ਸਬ ਕਮੇਟੀ ਨੇ ਰਿਪੋਰਟ ਮੁੱਖ ਮੰਤਰੀ ਨੂੰ ਸੌਂਪੀ

re
By Admin

• ਰੇਤੇ ਦੀਆਂ ਕੀਮਤਾਂ 1000 ਰੁਪਏ ਪ੍ਰਤੀ ਟਰਾਲੀ (100 ਕਿਊਬਿਕ ਫੁੱਟ) ਕਰਨ ਦੀ ਸਿਫਾਰਸ਼
• ਪੰਜਾਬ ਕੋਲ ਆਉਂਦੇ 100 ਸਾਲਾਂ ਲਈ ਰੇਤੇ ਅਤੇ 170 ਸਾਲਾਂ ਲਈ ਬਜਰੀ ਦੇ ਭੰਡਾਰ ਮੌਜੂਦ: ਨਵਜੋਤ ਸਿੰਘ ਸਿੱਧੂ
• ਦਰਿਆਵਾਂ ਵਿੱਚ ਰੇਤੇ ਦੇ 184 ਕਰੋੜ ਟਨ ਅਤੇ ਪਥਰੀਲੇ ਟਿੱਬਿਆਂ ਵਿੱਚ ਬਜਰੀ ਦੇ 170 ਕਰੋੜ ਟਨ ਭੰਡਾਰ ਮੌਜੂਦ
ਚੰਡੀਗੜ•, 7 ਮਈ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰੇਤ ਖਣਨ ਬਾਰੇ ਵਿਆਪਕ ਤੇ ਕਾਰਗਰ ਨੀਤੀ ਬਣਾਉਣ ਲਈ ਕੈਬਨਿਟ ਸਬ ਕਮੇਟੀ ਨੇ ਆਪਣੀ ਰਿਪੋਰਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪ ਦਿੱਤੀ ਹੈ। ਸ.ਸਿੱਧੂ ਜੋ ਇਸ ਕਮੇਟੀ ਦੇ ਮੁੱਖੀ ਸਨ, ਨੇ ਅੱਜ ਪੰਜਾਬ ਭਵਨ ਵਿਖੇ ਮੁੱਖ ਮੰਤਰੀ ਜੀ ਨੂੰ ਇਹ ਰਿਪੋਰਟ ਸੌਂਪੀ।
ਰਿਪੋਰਟ ਸੌਂਪਣ ਉਪਰੰਤ ਪ੍ਰੈਸ ਦੇ ਨਾਂ ਜਾਰੀ ਬਿਆਨ ਵਿੱਚ ਸ. ਸਿੱਧੂ ਨੇ ਕਿਹਾ ਕਿ ਕਮੇਟੀ ਵੱਲੋਂ ਕੀਤੀਆਂ ਮੀਟਿੰਗਾਂ ਅਤੇ ਫੀਲਡ ਦੌਰਿਆਂ ਵਿੱਚ ਪਤਾ ਲਗਾਇਆ ਕਿ ਪੰਜਾਬ ਵਿੱਚ ਰੇਤੇ ਦੇ ਆਉਣ ਵਾਲੇ 100 ਸਾਲਾਂ ਅਤੇ ਬਜਰੀ ਦੇ 170 ਸਾਲਾਂ ਦੇ ਭੰਡਾਰ ਮੌਜੂਦ ਹਨ। ਕਮੇਟੀ ਨੇ ਰੇਤੇ ਦੀ ਕੀਮਤ 1000 ਰਪਏ ਪ੍ਰਤੀ 100 ਕਿਊਬਿਕ ਫੁੱਟ ਕਰਨ ਦੀ ਸਿਫਾਰਸ਼ ਕੀਤੀ ਹੈ। ਇਕ ਟਰਾਲੀ ਦੀ ਸਮਰੱਥਾ 100 ਕਿਊਬਿਕ ਫੁੱਟ ਹੁੰਦੀ ਹੈ ਜਿਸ ਦਾ ਭਾਰ 4 ਟਨ ਹੁੰਦਾ ਹੈ।
ਸ. ਸਿੱਧੂ ਨੇ ਕਿਹਾ ਕਿ ਕੈਬਨਿਟ ਸਬ ਕਮੇਟੀ ਨੇ ਇਹ ਪਤਾ ਲਗਾਇਆ ਕਿ ਪੰਜਾਬ ਵਿੱਚ ਇਸ ਤੋਂ ਪਹਿਲਾਂ ਰੇਤੇ ਦੀ ਕੋਈ ਕੀਮਤ ਤੈਅ ਨਹੀਂ ਸੀ ਅਤੇ ਸਪਲਾਈ ਦੀ ਵੀ ਘਾਟ ਸਨ। ਸਪਲਾਈ ਟੁੱਟਣ ਨਾਲੇ ਰੇਤੇ ਦੀਆਂ ਕੀਮਤਾਂ ਅਸਮਾਨ ਚੜ• ਜਾਂਦੀਆਂ ਸਨ ਜਿਸ ਕਾਰਨ ਲੋਕਾਂ ਨੂੰ ਮਹਿੰਗੀਆਂ ਕੀਮਤਾਂ ‘ਤੇ ਰੇਤਾ ਮਿਲਦਾ ਸੀ। ਉਨ•ਾਂ ਕਿਹਾ ਕਿ ਕੈਬਨਿਟ ਸਬ ਕਮੇਟੀ ਵੱਲੋਂ ਹੁਣ ਪੰਜਾਬ ਵਿੱਚ ਰੇਤੇ ਅਤੇ ਬਜਰੀ ਦੇ ਮੌਜੂਦ ਭੰਡਾਰਾਂ ਨੂੰ ਦੇਖਦਿਆਂ ਰੇਤੇ ਦਾ ਭਾਅ ਘੱਟ ਕਰ ਕੇ ਇਕ ਤੈਅ ਕੀਮਤ ‘ਤੇ ਨਿਸ਼ਚਿਤ ਕਰਨ ਦੀ ਸਿਫਾਰਸ਼ ਕੀਤੀ ਜਾ ਰਹੀ ਹੈ। ਸਿਫਾਰਸ਼ਾਂ ਅਨੁਸਾਰ ਸਪਲਾਈ ਦੀ ਵੀ ਘਾਟ ਨਹੀਂ ਰਹੇਗੀ ਅਤੇ ਲੋਕਾਂ ਨੂੰ ਇਕ ਤੈਅ ਕੀਮਤ ‘ਤੇ ਰੇਤਾ ਮਿਲੇਗਾ ਜੋ ਕਿ ਪਹਿਲਾਂ ਨਾਲੋਂ ਕਾਫੀ ਘੱਟ ਕੀਮਤ ‘ਤੇ ਮਿਲੇਗਾ।
ਸ. ਸਿੱਧੂ ਨੇ ਕਿਹਾ ਕਿ ਕਮੇਟੀ ਵੱਲੋਂ ਇਹ ਪਤਾ ਲਗਾਇਆ ਗਿਆ ਕਿ ਪੰਜਾਬ ਅੰਦਰ ਸਾਰੇ ਦਰਿਆਵਾਂ ਨੂੰ ਮਿਲਾ ਕੇ ਕੁੱਲ ਲੰਬਾਈ 1150 ਕਿਲੋ ਮੀਟਰ ਬਣਦੀ ਹੈ ਅਤੇ ਇਨ•ਾਂ ਦੀ 500 ਮੀਟਰ (ਅੱਧਾ ਕਿਲੋ ਮੀਟਰ) ਚੌੜਾਈ ਹੈ। ਕੁੱਲ ਖੇਤਰਫਲ 575 ਵਰਗ ਕਿਲੋਮੀਟਰ ਬਣਦਾ ਹੈ। ਭਾਰਤ ਸਰਕਾਰ ਦੇ ਅੰਕੜਿਆਂ ਅਨੁਸਾਰ 10 ਫੁੱਟ ਡੂੰਘੇ ਇਕ ਵਰਗ ਕਿਲੋ ਮੀਟਰ ਖੇਤਰਫਲ ਵਿੱਚੋਂ 32 ਲੱਖ ਟਨ ਰੇਤਾ ਨਿਕਲ ਸਕਦਾ ਹੈ। ਇਸ ਤਰ•ਾਂ ਪੰਜਾਬ ਅੰਦਰ 575 ਵਰਗ ਕਿਲੋ ਮੀਟਰ ਖੇਤਰਫਲ ਵਿੱਚੋਂ ਕੁੱਲ 184 ਕਰੋੜ ਟਨ ਰੇਤੇ ਦੇ ਭੰਡਾਰ ਮੌਜੂਦ ਹਨ। ਦਰਿਆਵਾਂ ਵਿੱਚੋਂ ਹਰ ਸਾਲ ਰੇਤਾ ਕੱਢਣ ਨਾਲ ਦਰਿਆਵਾਂ ਵਿੱਚ ਪਹਾੜਾਂ ਤੋਂ ਹੋਰ ਰੇਤਾ ਆ ਜਾਂਦਾ ਹੈ। ਪੰਜਾਬ ਵਿੱਚ ਪ੍ਰਤੀ ਸਾਲ ਰੇਤੇ ਦੀ ਮੰਗ 2 ਕਰੋੜ ਟਨ ਹੈ। ਇਸ ਤਰ•ਾਂ ਪੰਜਾਬ ਕੋਲ ਆਉਣ ਵਾਲੇ 91 ਸਾਲਾਂ ਲਈ ਰੇਤੇ ਦਾ ਭੰਡਾਰ ਪਿਆ ਹੈ। ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬ ਦੇ ਦਰਿਆ ਹਿਮਾਲਿਆ ਤੋਂ ਨਿਕਲਦੇ ਹੋਣ ਕਰ ਕੇ ਰੇਤੇ ਦੀ ਕੁਆਲਟੀ ਤੇਲੰਗਾਨਾ ਵਿੱਚ ਗੋਦਵਾਰੀ ਵਾਲੇ ਦਰਿਆ ਤੋਂ ਨਿਕਲਣ ਵਾਲੇ ਰੇਤੇ ਤੋਂ ਵਧੀਆ ਹੈ।
ਸ. ਸਿੱਧੂ ਨੇ ਅੱਗੇ ਦੱਸਿਆ ਕਿ ਬਜਰੀ ਦੇ ਸਟਾਕ ਦਾ ਪਤਾ ਲਗਾਉਣ ਲਈ ਕਰੱਸ਼ਰਾਂ ਦਾ ਦੌਰਾ ਕਰਨ ਉਪਰੰਤ ਕਮੇਟੀ ਨੂੰ ਇਹ ਪਤਾ ਲੱਗਿਆ ਕਿ ਕੰਢੀ ਖੇਤਰ ਵਿੱਚ 30 ਕਿਲੋ ਮੀਟਰ ਤੱਕ ਦੇ ਖੇਤਰ ਵਿੱਚ ਛੋਟੇ ਪਥਰੀਲੇ ਟਿੱਬੇ ਹਨ ਅਤੇ ਕੁੱਲ 500 ਵਰਗ ਕਿਲੋ ਮੀਟਰ ਖੇਤਰਫਲ ਬਣਦਾ ਹੈ। ਭਾਰਤ ਸਰਕਾਰ ਦੇ ਅੰਕੜਿਆਂ ਅਨੁਸਾਰ 30 ਫੁੱਟ ਡੂੰਘਾਈ ਤੱਕ ਤਿੰਨ ਵਰਗ ਕਿਲੋ ਮੀਟਰ ਦੇ ਖੇਤਰਫਲ ਵਿੱਚ 1 ਕਰੋੜ ਟਨ ਭੰਡਾਰ ਮੌਜੂਦ ਹਨ ਜੋ ਕਿ ਪੰਜਾਬ ਦੀ ਇਕ ਸਾਲ ਦੀ ਮੰਗ ਪੂਰੀ ਕਰ ਸਕਦੇ ਹਨ। ਇਸ ਤਰ•ਾਂ 500 ਵਰਗ ਕਿਲੋ ਮੀਟਰ ਖੇਤਰਫਲ ਵਿੱਚ ਪਏ 170 ਕਰੋੜ ਟਨ ਦੇ ਭੰਡਾਰ ਪੰਜਾਬ ਦੀ ਆਉਣ ਵਾਲੇ 170 ਸਾਲ ਦੀ ਮੰਗ ਪੂਰੀ ਕਰ ਸਦੇ ਹਨ।
ਸ. ਸਿੱਧੂ ਨੇ ਇਸ ਕਮੇਟੀ ਦੇ ਮੈਂਬਰ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਵਿਸ਼ੇਸ਼ ਤੌਰ ‘ਤੇ ਕਮੇਟੀ ਦੀਆਂ ਮੀਟਿੰਗਾਂ ਵਿੱਚ ਸ਼ਾਮਲ ਹੋਏ ਜਲ ਸ੍ਰੋਤ ਪ੍ਰਬੰਧਨ ਮੰਤਰੀ ਸ. ਸੁਖਬਿੰਦਰ ਸਿੰਘ ਸਰਕਾਰੀਆ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸੇ ਤਰ•ਾਂ ਉਨ•ਾਂ ਕਮੇਟੀ ਵਿੱਚ ਸ਼ਾਮਲ ਅਧਿਕਾਰੀਆਂ ਦਾ ਵੀ ਧੰਨਵਾਦ ਕੀਤਾ ਜਿਨ•ਾਂ ਸਦਕਾ ਇਹ ਰਿਪੋਰਟ ਮੁਕੰਮਲ ਹੋਈ।
ਮੁੱਖ ਮੰਤਰੀ ਜੀ ਨੂੰ ਰਿਪੋਰਟ ਸੌਂਪਣ ਮੌਕੇ ਸ. ਸਿੱਧੂ ਦੇ ਨਾਲ ਸਬ ਕਮੇਟੀ ਵਿੱਚ ਸ਼ਾਮਲ ਅਧਿਕਾਰੀ ਵੀ ਹਾਜ਼ਰ ਸਨ ਜਿਨ•ਾਂ ਵਿੱਚ ਪ੍ਰਮੁੱਖ ਸਕੱਤਰ, ਜਲ ਸ੍ਰੋਤ ਪ੍ਰਬੰਧਨ ਸ੍ਰੀ ਜਸਪਾਲ ਸਿੰਘ, ਡਾਇਰੈਕਟਰ, ਜਲ ਸ੍ਰੋਤ ਪ੍ਰਬੰਧਨ ਸ੍ਰੀ ਕੁਮਾਰ ਰਾਹੁਲ ਤੇ ਚੀਫ ਇੰਜਨੀਅਰ ਵਿਨੋਦ ਚੌਧਰੀ ਸ਼ਾਮਲ ਸਨ।
ਜ਼ਿਕਰਯੋਗ ਹੈ ਕਿ ਕਮੇਟੀ ਵੱਲੋਂ ਨਿਰੰਤਰ ਮੀਟਿੰਗਾਂ ਕਰਨ ਤੋਂ ਇਲਾਵਾ ਸ. ਸਿੱਧੂ ਦੀ ਅਗਵਾਈ ਹੇਠ ਉਚ ਅਧਿਕਾਰੀਆਂ ਦੇ ਵਫਦ ਨੇ ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ਾ ਦਾ ਮਾਡਲ ਦੇਖਣ ਲਈ ਹੈਦਾਰਾਬਾਦ ਦਾ ਦੌਰਾ ਕੀਤਾ ਜਿੱਥੇ ਦੋਵਾਂ ਸਰਕਾਰਾਂ ਦੇ ਅਧਿਕਾਰੀਆਂ ਵੱਲੋਂ ਪੇਸ਼ਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਤੇਲੰਗਾਨਾ ਮਾਡਲ ਨੂੰ ਜ਼ਮੀਨੀ ਪੱਧਰ ‘ਤੇ ਦੇਖਣ ਲਈ ਗੋਦਾਵਰੀ ਦੇ ਕੰਢੇ ਦਾ ਦੌਰਾ ਵੀ ਕੀਤਾ ਗਿਆ ਜਿੱਥੋਂ ਰੇਤ ਕੱਢੀ ਜਾਂਦੀ ਹੈ। ਇਸ ਵਫਦ ਵੱਲੋਂ ਕਰੱਸ਼ਰਾਂ ਬਾਰੇ ਜ਼ਮੀਨੀ ਹਕੀਕਤਾਂ ਜਾਨਣ ਲਈ ਪੰਜਾਬ ਵਿੱਚ ਹੁਸ਼ਿਆਰਪੁਰ ਜ਼ਿਲੇ ਅੰਦਰ ਕੰਢੀ ਖੇਤਰ ਦਾ ਵੀ ਦੌਰਾ ਕੀਤਾ ਗਿਆ।