# ਰਾਜੌਰੀ ਗਾਰਡਨ ਹਲਕੇ ਨੂੰ ਨਮੂਨੇ ਦੇ ਹਲਕੇ ਵਜੋਂ ਵਿਕਸਤ ਕੀਤਾ ਜਾਵੇਗਾ : ਮਨਜਿੰਦਰ ਸਿੰਘ ਸਿਰਸਾ

Web Location
By Admin


ਬੁਨਿਆਦੀ ਢਾਂਚਾ ਮਜ਼ਬੂਤ ਕਰਨ ਤੇ ਬਜ਼ੁਰਗਾਂ ਤੇ ਗਰੀਬ ਦੀ ਭਲਾਈ ਵਾਸਤੇ ਯੋਜਨਾਵਾਂ ਲਾਗੂ ਕਰਨ ਦਾ ਵਾਅਦਾ

ਨਵੀਂ ਦਿੱਲੀ, 2 ਅਪ੍ਰੈਲ : ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਗਠਜੋੜ ਦੇ ਉਮੀਦਵਾਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਆਖਿਆ ਹੈ ਕਿ ਰਾਜੌਰੀ ਗਾਰਡਨ ਵਿਧਾਨ ਸਭਾ ਹਲਕੇ ਦੀ ਮੌਜੂਦਾ ਜ਼ਿਮਨੀ ਚੋਣ ਵਿਚ ਗਠਜੋੜ ਦੀ ਜਿੱਤ ਮਗਰੋਂ ਇਸ ਹਲਕੇ ਨੂੰ ਨਮੂਨੇ ਦੇ ਹਲਕੇ ਵਜੋਂ ਵਿਕਸਤ ਕੀਤਾ ਜਾਵੇਗਾ ਜਿਸ ਵਿਚ ਸਾਫ ਸੁਥਰੇ ਪੀਣ ਵਾਲਾ ਪਾਣੀ, ਸੜਕੀ ਬੁਨਿਆਦੀ ਢਾਂਚੇ ਵਿਚ ਸੁਧਾਰ, ਨਵੀਂਆਂ ਸੀਵਰੇਜ ਤੇ ਜਲ ਸਪਲਾਈ ਲਾਈਨਾਂ ਸਮੇਤ ਸਾਰੀਆਂ ਬੁਨਿਆਦੀ ਸਹੂਲਤਾਂ ਉਪਲਬਧ ਹੋਣਗੀਆਂ ਤੇ ਇਸ ਤੋਂ ਇਲਾਵਾ ਬਜੁਰਗਾਂ ਤੇ ਗਰੀਬਾਂ ਦੀ ਭਲਾਈ ਵਾਸਤੇ ਵੱਖ ਵੱਖ ਯੋਜਨਾਵਾਂ ਲਾਗੂ ਕੀਤੀਆਂ ਜਾਣਗੀਆਂ।6
ਹਲਕੇ ਵਿਚ ਵਿਕਾਸ ਕਾਰਜ ਕਰਵਾਉਣ ਦਾ ਆਪਣਾ ਏਜੰਡਾ ਜਾਰੀ ਕਰਦਿਆਂ ਸ੍ਰੀ ਸਿਰਸਾ ਨੇ ਕਿਹਾ ਕਿ ਉਹ ਹਲਕੇ ਦੇ ਲੋਕਾਂ ਲਈ ਇਕ ਨਵਾਂ ਕਾਲਜ ਤੇ ਸਪੋਰਟਸ ਕੰਪਲੈਕਸ ਅਤੇ ਇਕ ਓਲਡ ਏਜ ਹੋਮ ਉਸਾਰਨ ਦੀ ਯੋਜਨਾ ਰੱਖਦੇ ਹਨ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਉਹ ਇਲਾਕੇ ਦੇ ਸਾਰੇ ਪਾਰਕਾਂ ਦਾ ਸੁੰਦਰੀਕਰਨ ਯਕੀਨੀ ਬਣਾਉਣਗੇ, ਹਲਕੇ ਵਿਚ ਨਵੀਂਆਂ ਸੀਵਰੇਜ ਲਾਈਨ ਵਿਛਾਈਆਂ ਜਾਣਗੀਆਂ, ਪੁਰਾਣੇ ਗੰਦੇ ਨਾਲੇ ਨੂੰ ਢਕਣ ਦੇ ਰੁਕੇ ਹੋਏ ਕੰਮ ਨੂੰ ਮੁੜ ਸ਼ੁਰੂ ਕਰਵਾ ਕੇ ਪੂਰਾ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ ਉਹ ਲੋਕਾਂ ਨੂੰ 20 ਵਰਿਆਂ ਤੋਂ ਮਿਲ ਰਹੇ ਪੀਣ ਵਾਲੇ ਗੰਦੇ ਪਾਣੀ ਦੀ ਸਪਲਾਈ ਤੋਂ ਛੁਟਕਾਰਾ ਦੁਆਉਣਗੇ ਤੇ ਸਾਫ ਸੁਥਰੇ ਤੇ ਸੁਰੱਖਿਅਤ ਪੀਣ ਵਾਲੇ ਪਾਣੀ ਦੀ ਸਪਲਾਈ ਸਭ ਨੂੰ ਮਿਲਣੀ ਯਕੀਨੀ ਬਣਾਉਣਗੇ ਤੇ ਇਸਦੇ ਨਾਲ ਹੀ ਇਲਾਕੇ ਲਈ ਨਾਸੂਰ ਬਣੇ ਗੰਦਗੀ ਦੇ ਢੇਰ ਵੀ ਖਤਮ ਕਰਵਾਉਣਗੇ।

ਸ੍ਰੀ ਸਿਰਸਾ ਨੇ ਕਿਹਾ ਕਿ ਭਾਜਪਾ ਤੇ ਅਕਾਲੀ ਦਲ ਗਠਜੋੜ ਦੇ ਪਾਰਦਰਸ਼ਤਾ ਤੇ ਜਵਾਬਦੇਹੀ ਦੇ ਏਜੰਡੇ ‘ਤੇ ਚਲਦਿਆਂ ਉਹ ਸਰਕਾਰੀ ਪਾਰਕਾਂ ਤੇ ਹੋਰ ਸਰਕਾਰੀ ਜਾਇਦਾਦਾਂ ਉਪਰ ਹੋਏ ਨਜਾਇਜ਼ ਕਬਜ਼ੇ ਖਤਮ ਕਰਵਾਉਣਗੇ। ਉਹ ਵਿਸ਼ਨੂੰ ਗਾਰਡਨ, ਚਾਂਦ ਲਗਰ ਤੇ ਖਿਆਲਾ ਇਲਾਕਿਆਂ ਲਈ ਡੀ ਟੀ ਸੀ ਬੱਸ ਸੇਵਾ ਮੁੜ ਸ਼ੁਰੂ ਕਰਵਾਉਣਗੇ ਜਦਕਿ ਇਹਨਾਂ ਇਲਾਕਿਆਂ ਵਿਚ ਪਾਰਕਿੰਗ ਦੀ ਸਮੱਸਿਆ ਖਤਮ ਕਰਨ ਦਾ ਵੀ ਹੱਲ ਲੱਭਣਗੇ।

ਆਪਣੇ ਭਲਾਈ ਏਜੰਡੇ ਦੀ ਗੱਲ ਕਰਦਿਆਂ ਸਿਰਸਾ ਨੇ ਦੱਸਿਆ ਕਿ ਗਰੀਬ ਤੇ ਦਬੇ ਕੁਚਲੇ ਵਰਗ ਦੇ ਬੱਚਿਆਂ ਲਈ ਮੁਫਤ ਸਿੱਖਿਆ ਯਕੀਨੀ ਬਣਾਈ ਜਾਵੇਗੀ, ਬਜੁਰਗਾਂ ਨੂੰ ਪੈਨਸ਼ਨ ਮਿਲਣੀ ਯਕੀਨੀ ਬਣਾਈ ਜਾਵੇਗੀ ਜਦਕਿ ਮਹਿਲਾਵਾਂ ਲਈ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਜਾਣਗੇ ਤੇ ਇਕ 24 ਘੰਟੇ 7 ਦਿਨ ਚੱਲਣ ਵਾਲੀ ਹੈਲਪਲਾਈਨ ਸ਼ੁਰੂ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਉਹ ਆਪ ਹਰ ਵੇਲੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਵਾਸਤੇ ਉਪਲਬਧ ਰਹਿਣਗੇ ਤੇ ਇਲਾਕੇ ਨੂੰ ਨਮੂਨੇ ਦੇ ਹਲਕੇ ਵਜੋਂ ਵਿਕਸਤ ਕਰਨ ਵਾਸਤੇ ਜੋ ਲੋੜੀਂਦਾ ਹੋਵੇਗਾ, ਉਹ ਕਰਨਗੇ। ਉਹਨਾਂ ਕਿਹਾ ਕਿ ਇਸ ਜ਼ਿਮਨੀ ਚੋਣ ਵਿਚ ਭਾਜਪਾ ਤੇ ਅਕਾਲੀ ਦਲ ਗਠਜੋੜ ਦੀ ਜਿੱਤ ਮਗਰੋਂ ਲੋਕਾਂ ਨੂੰ ਆਪਣੀ ਵੋਟ ਦੀ ਕੀਮਤ ਦਾ ਅਹਿਸਾਸ ਹੋ ਜਾਵੇਗਾ।

ਸਿਰਸਾ ਨੇ ਕਿਹਾ ਕਿ ਜੋ ਵਾਅਦੇ ਅੱਜ ਉਹ ਕਰ ਰਹੇ ਹਨ ਉਹ ਚੋਣਾਂ ਲਈ ਏਜੰਡਾ ਨਹੀਂ ਬਲਕਿ ਚੋਣ ਪ੍ਰਕਿਰਿਆ ਖਤਮ ਹੁੰਦੇ ਸਾਰ ਹੀ ਇਹ ਕੰਮ ਲੋੜੀਂਦੀ ਪ੍ਰਕਿਰਿਆ ਪੂਰੀ ਕਰਨ ਮਗਰੋਂ ਬਕਾਇਦਾ ਸ਼ੁਰੂ ਹੋ ਜਾਣਗੇ। ਉਹਨਾਂ ਕਿਹਾ ਕਿ ਦੂਜੀਆਂ ਪਾਰਟੀਆਂ ਨਾਲੋਂ ਵੱਖਰੇ ਤੌਰ ‘ਤੇ ਭਾਜਪਾ ਤੇ ਅਕਾਲੀ ਦਲ ਗਠਜੋੜ ਦੀਆਂ ਨੀਤੀਆਂ ਤੇ ਪ੍ਰੋਗਰਾਮ ਦਾ ਕੇਂਦਰ ਸਰਵ ਪੱਖੀ ਵਿਕਾਸ ਤੇ ਲੋਕਾਂ ਦੇ ਭਲੇ ਲਈ ਕੰਮ ਕਰਨਾ ਹੈ।

Leave a Reply