ਰਫੇਲ ਸਕੈਂਡਲ ਇਤਿਹਾਸ ਦਾ ਸਭ ਤੋਂ ਵੱਡਾ ਸਕੈਂਡਲ- ਮਾਕਨ

Punjab
By Admin

·        ਭਾਜਪਾ ਰਾਸ਼ਟਰੀ ਹਿੱਤਾਂ ਦੀ ਥਾਂ ਆਪਣਿਆਂ ਨੂੰ ਲਾਭ ਪਹੁੰਚਾਉਣ ਵਾਲੇ ‘ਘੋਰ ਪੂੰਜੀਵਾਦ’ ‘ਚ ਲਿਪਤ

·        ਜਾਖੜ ਵੱਲੋਂ ਅਨਿਲ ਅੰਬਾਨੀ ਨੂੰ ਵਿਰੋਧੀ ਕੰਪਨੀ ਦੇ ਨਾਂ ਦਾ ਪ੍ਰਗਟਾਵਾ ਕਰਨ ਦੀ ਚਿਤਾਵਨੀ

·        ਪ੍ਰਧਾਨ ਮੰਤਰੀ ਨੂੰ ਕੇਰਲ ਦੇ ਹੜ੍ਹਾਂ ਦਾ ਸਿਆਸੀਕਰਨ ਨਾ ਕਰਨ ਦੀ ਸਲਾਹ

ਚੰਡੀਗੜ੍ਹ, 25 ਅਗਸਤ: ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਉੱਤੇ ਦੇਸ਼ ਦੀ ਸੁਰੱਖਿਆ ਨੂੰ ਖਤਰੇ ਵਿਚ ਪਾਉਣ ਦਾ ਦੋਸ਼ ਲਾਉਂਦੇ ਹੋਏ ਸੀਨੀਅਰ ਕਾਂਗਰਸੀ ਆਗੂ ਅਤੇ ਦਿੱਲੀ ਪ੍ਰਦੇਸ਼ ਕਾਂਰਗਸ ਕਮੇਟੀ ਦੇ ਪ੍ਰਧਾਨ ਅਜੇ ਮਾਕਨ ਨੇ ਸ਼ਨੀਵਾਰ ਨੂੰ ਨਰੇਂਦਰ ਮੋਦੀ ਉੱਤੇ ਸਿੱਧਾ ਹਮਲਾ ਕੀਤਾ ਅਤੇ ਕਿਹਾ ਕਿ ਰਫੇਲ ਸਕੈਂਡਲ ਦੇਸ਼ ਦੇ ਇਤਿਹਾਸ ਵਿਚ ਸਭ ਤੋਂ ਵੱਡਾ ਸਕੈਂਡਲ ਹੈ |

ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦੇਸ਼ ਦੇ ਸੁਰੱਖਿਆ ਹਿੱਤਾਂ ਨਾਲ ਖੇਡ ਰਹੀ ਹੈ ਅਤੇ ਇਹ ਦੇਸ਼ ਦੇ ਹਿੱਤਾਂ ਦੇ ਸਬੰਧ ਵਿਚ ਸਮਝੌਤਾ ਕਰ ਰਹੀ ਹੈ | ਕੇਂਦਰ ਸਰਕਾਰ ਦੀ ਇਸ ਪਹੁੰਚ ਨੂੰ ਗੰਭੀਰ ਅਤੇ ਖਤਰਨਾਕ ਦੱਸਦੇ ਹੋਏ ਮਾਕਨ ਨੇ ਕਿਹਾ ਕਿ ਭਾਰਤੀ ਹਵਾਈ ਫੌਜ ਲਈ ਲੜਾਕੇ ਜਹਾਜ ਖਰੀਦਣ ਲਈ ਵੱਡਾ ਸਕੈਂਡਲ ਕੀਤਾ ਗਿਆ ਹੈ |

ਅੱਜ ਦੁਪਹਿਰ ਪੰਜਾਬ ਭਵਨ ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨਾਲ ਇੱਕ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਮਾਕਨ ਨੇ ਕਿਹਾ ਕਿ ਯੂ.ਪੀ.ਏ ਦੇ ਸਾਸ਼ਨ ਦੌਰਾਨ ਅਗਸਤ 2007 ‘ਚ ਭਾਰਤੀ ਹਵਾਈ ਫੌਜ ਨੇ ਮੀਡੀਅਮ ਮਲਟੀ ਰੋਲ ਕੰਬੈਟ ਏਅਰਕਰਾਫਟ (ਐਮ.ਐਮ.ਆਰ.ਸੀ.ਏ) ਦੀ ਜ਼ਰੂਰਤ ਸਬੰਧੀ ਇੱਕ ਬੇਨਤੀ ਸਰਕਾਰ ਨੂੰ ਭੇਜੀ ਸੀ ਅਤੇ ਇਸ ਵਿਚ 126 ਜਹਾਜ ਖਰੀਦਣ ਦਾ ਪ੍ਰਸਤਾਵ ਸੀ | ਉਨ੍ਹਾਂ ਦੱਸਿਆ ਕਿ 18 ਲੜਾਕੇ ਜਹਾਜ ਉਡਣ ਵਾਲੀ ਸਥਿਤੀ ਵਿਚ ਭਾਰਤ ਪਹੁੰਚ ਗਏ ਸਨ ਅਤੇ 108 ਹੋਰ ਜਹਾਜ ਤਕਨਾਲੋਜੀ ਦੇ ਤਬਾਦਲੇ ਨਾਲ ਐਚ.ਏ.ਐਲ ਬੰਗਲੁਰੂ ਵੱਲੋਂ ਭਾਰਤ ਵਿਚ ਤਿਆਰ ਕਰਨੇ ਸਨ |

ਉਨ੍ਹਾਂ ਦੱਸਿਆ ਕਿ ਯੂ.ਪੀ.ਏ ਸਰਕਾਰ ਨਾਲ ਹੋਏ 126 ਜਹਾਜਾਂ ਦੇ ਸਮਝੌਤੇ ਦੀ ਥਾਂ ਮੋਦੀ ਸਰਕਾਰ ਹੁਣ ਸਿਰਫ 36 ਲੜਾਕੇ ਜਹਾਜ ਖਰੀਦ ਰਹੀ ਹੈ ਜਿਨ੍ਹਾਂ ਦੀ ਕੀਮਤ ਬਹੁਤ ਜ਼ਿਆਦਾ ਰੱਖੀ ਗਈ ਹੈ ਅਤੇ ਇਹ ਆਮ ਲੋਕਾਂ ਦੀ ਜੇਬ ਉੱਤੇ ਡਾਕਾ ਹੈ | ਉਨ੍ਹਾਂ ਦੱਸਿਆ ਕਿ ਯੂ.ਪੀ.ਏ ਸਰਕਾਰ ਸਮੇਂ ਇਨ੍ਹਾਂ ਲੜਾਕੇ ਜਹਾਜ਼ਾਂ ਦੀ ਕੀਮਤ ਪ੍ਰਤੀ ਜਹਾਜ਼ ਸਿਰਫ 526.10 ਕਰੋੜ ਰੁਪਏ ਤੈਅ ਹੋਈ ਸੀ ਪਰ ਮੋਦੀ ਸਰਕਾਰ ਨੇ ਇਹ ਕੀਮਤ ਪ੍ਰਤੀ ਜਹਾਜ਼ 1670 ਕਰੋੜ ਰੁਪਏ ਤੱਕ ਵਧਾ ਦਿੱਤੀ ਹੈ |

ਉਨ੍ਹਾਂ ਨੇ ਇਸ ਸਬੰਧ ਵਿਚ ਪ੍ਰਧਾਨ ਮੰਤਰੀ ਉੱਤੇ ਆਪਣਿਆਂ ਨੂੰ ਲਾਭ ਪਹੁੰਚਾਉਣ ਲਈ ‘ਘੋਰ ਪੂੰਜੀਵਾਦ’ ਨੂੰ ਬੜ੍ਹਾਵਾ ਦੇਣ ਲਈ ਹਮਲਾ ਕੀਤਾ ਹੈ | ਉਨ੍ਹਾਂ ਕਿਹਾ ਕਿ ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਡਿਫੈਂਸ ਸਰਵਿਸ ਲਿਮਟਿਡ ਨੂੰ 30 ਹਜ਼ਾਰ ਕਰੋੜ ਰੁਪਏ ਦਾ ਦਰਾਮਦੀ ਠੇਕਾ ਦਿੱਤਾ ਜੋ ਕਿ 10 ਅਪ੍ਰੈਲ, 2015 ਨੂੰ ਫਰਾਂਸ ਨਾਲ ਮੋਦੀ ਵੱਲੋਂ ਸਮਝੌਤੇ ਦਾ ਐਲਾਨ ਕਰਨ ਤੋਂ ਕੇਵਲ 15 ਦਿਨ ਪਹਿਲਾਂ ਬਣਾਈ ਗਈ ਸੀ | ਉਨ੍ਹਾਂ ਕਿਹਾ ਕਿ ਜੇ ਇਹ ਠੇਕਾ ਪਹਿਲਾਂ ਵਾਂਗ ਐਚ.ਏ.ਐਲ ਕੋਲ ਰਹਿੰਦਾ ਤਾਂ ਇਸ ਨਾਲ ਦੇਸ਼ ਨੂੰ ਲਾਭ ਹੋਣਾ ਸੀ ਅਤੇ ਭਾਰਤ ਨੂੰ ਇਨ੍ਹਾਂ ਜਹਾਜ਼ਾਂ ਦੀ ਤਕਨਾਲੋਜੀ ਵੀ ਮਿਲਣੀ ਸੀ | ਇਸ ਤੋਂ ਇਲਾਵਾ ਅਨੇਕਾਂ ਨੌਕਰੀਆਂ ਵੀ ਪੈਦਾ ਹੋਣੀਆਂ ਸਨ |

ਲੋਕਪਾਲ ਦੀ ਨਿਯੁਕਤੀ ਵਿਚ ਦੇਰੀ ਕਰਨ ਲਈ ਕੇਂਦਰ ਸਰਕਾਰ ਦੀ ਤਿੱਖੀ ਆਲੋਚਨਾ ਕਰਦੇ ਹੋਏ ਮਾਕਨ ਨੇ ਕਿਹਾ ਕਿ ਮੋਦੀ ਸਰਕਾਰ ਰਫੇਲ ਸਕੈਂਡਲ ਦੀ ਪੜਤਾਲ ਦੇ ਡਰੋਂ ਲੋਕਪਾਲ ਦੇ ਮੁੱਦੇ ਨੂੰ ਟਾਲ ਰਹੀ ਹੈ | ਉਨ੍ਹਾਂ ਕਿਹਾ ਕਿ ਇਹ ਧੋਖਾਧੜੀ ਦਾ ਬਹੁਤ ਵੱਡਾ ਮਾਮਲਾ ਹੈ ਅਤੇ ਪ੍ਰਧਾਨ ਮੰਤਰੀ ਖੁਦ ਇਸ ਵਿਚ ਸ਼ਾਮਲ ਹੈ |

ਪ੍ਰਧਾਨ ਮੰਤਰੀ ਉੱਤੇ ਸਿੱਧਾ ਹਮਲਾ ਕਰਦੇ ਹੋਏ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਰਫੇਲ ਸੌਦੇ ਬਾਰੇ ਕੀਤੇ ਸਿੱਧੇ ਰੂਪ ਵਿਚ ਸਵਾਲ ਉੱਤੇ ਮੋਦੀ ਨੇ ਸੰਸਦ ਵਿਚ ਕੋਈ ਜਵਾਬ ਨਹੀਂ ਦਿੱਤਾ |

ਜਾਖੜ ਨੂੰ ਕਾਨੂੰਨੀ ਨੋਟਿਸ ਭੇਜੇ ਜਾਣ ਦੇ ਮੁੱਦੇ ਉੱਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਨੇ ਕਿਹਾ ਕਿ ਇਨ੍ਹਾਂ ਜਹਾਜ਼ਾਂ ਦੇ ਸੌਦੇ ਬਾਰੇ ਉਨ੍ਹਾਂ ਕੋਲ ਪੂਰੇ ਕਾਗਜ਼ ਹਨ | ਉਨ੍ਹਾਂ ਕਿਹਾ ਕਿ ਇਹ ਮਾਮਲਾ ਕੋਈ ਬੱਚਿਆਂ ਦੀ ਖੇਡ ਨਹੀਂ ਸਗੋਂ ਇਹ ਬਹੁਤ ਗੰਭੀਰ ਮੁੱਦਾ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪ੍ਰਾਪਤ ਹੋਏ ਨੋਟਿਸ ਵਿਚ ਕਿਹਾ ਗਿਆ ਹੈ ਕਿ ਕਾਂਗਰਸ ਪਾਰਟੀ ਅਨਿਲ ਅੰਬਾਨੀ ਦੀ ਰਿਲਾਇੰਸ ਡਿਫੈਂਸ ਲਿਮਿਟਡ ਦੀ ਵਿਰੋਧੀ ਕੰਪਨੀ ਨੂੰ ਲਾਭ ਪਹੁੰਚਾਉਣ ਲਈ ਅਜਿਹਾ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਅੰਬਾਨੀ ਅਤੇ ਅਡਾਨੀ ਪ੍ਰਧਾਨ ਮੰਤਰੀ ਦੇ ਚਹੇਤੇ ਹਨ ਅਤੇ ਇਨ੍ਹਾਂ ਨੇ 10 ਅਪ੍ਰੈਲ, 2015 ਨੂੰ ਫਰਾਂਸ ਨਾਲ ਸਮਝੌਤੇ ਦੇ ਐਲਾਨ ਤੋਂ 15 ਦਿਨ ਪਹਿਲਾਂ ਕੰਪਨੀਆਂ ਰਜਿਸਟਰ ਕਰਵਾਈਆਂ ਸਨ | ਇਹ ਦੋਵੇਂ ਕੰਪਨੀਆਂ ਦਰਾਮਦੀ ਠੇਕਾ ਲੈਣਾ ਚਾਹੁੰਦੀਆਂ ਸਨ | ਪਰ ਆਖਿਰ ਅਨਿਲ ਅੰਬਾਨੀ ਇਸ ਕੰਮ ਵਿਚ ਸਫਲ ਹੋਈਆ |

ਜਾਖੜ ਨੇ ਕਿਹਾ ਕਿ ਉਹ ਸਿਰਫ ਰਾਸ਼ਟਰੀ ਹਿੱਤਾਂ ਦੀ ਰਖਵਾਲੀ ਲਈ ਇਹ ਮੁੱਦਾ ਉਠਾ ਰਹੇ ਹਨ | ਉਨ੍ਹਾਂ ਨੇ ਕੇਰਲ ਵਿਚ ਆਏ ਹੜ੍ਹਾਂ ਦੇ ਮੁੱਦੇ ਉੱਤੇ ਪ੍ਰਧਾਨ ਮੰਤਰੀ ਨੂੰ ਵੱਖਰੀ ਪਹੁੰਚ ਨਾ ਅਪਣਾਉਣ ਦੀ ਸਲਾਹ ਦਿੱਤੀ | ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਹੜ੍ਹਾਂ ਦੇ ਮੁੱਦੇ ਉੱਤੇ ਸਿਆਸਤ ਨਾ ਕਰਨ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਇੱਕ ਪਾਸੇ ਤਾਂ ਬਿਹਾਰ ਨੂੰ 1 ਲੱਖ ਕਰੋੜ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਹੈ ਅਤੇ ਦੂਜੇ ਪਾਸੇ ਕੇਰਨ ਨੂੰ ਅਣਗੌਲਿਆ ਜਾ ਰਿਹਾ ਹੈ | ਉਨ੍ਹਾਂ ਨੇ ਹੜ੍ਹਾਂ ਨਾਲ ਪ੍ਰਭਾਵਿਤ ਕੇਰਲਾ ਨੂੰ ਤੁਰੰਤ 20 ਹਜ਼ਾਰ ਕਰੋੜ ਰੁਪਏ ਜਾਰੀ ਕਰਨ ਦੀ ਮੰਗ ਕੀਤੀ |

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਵੋਟਾਂ ਦੇ ਵਾਸਤੇ ਬਿਹਾਰ ਨੂੰ ਭਾਰੀ ਭਰਕਮ ਪੈਕੇਜ ਦੇਣ ਦਾ ਵਾਅਦਾ ਕੀਤਾ ਸੀ ਜਦਕਿ ਹੜ੍ਹਾਂ ਦੀ ਤਬਾਹੀ ਝੱਲ ਰਹੇ ਕੇਰਲ ਦੇ ਲੋਕਾਂ ਨੂੰ ਇਸ ਵਾਸਤੇ ਸਿਰਫ 700 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਕੇਰਲ ਦੇ ਸਬੰਧ ਵਿਚ ਪ੍ਰਧਾਨ ਮੰਤਰੀ ਨੂੰ ਖੁਲ੍ਹ ਦਿਲੀ ਦਿਖਾਉਣੀ ਚਾਹੀਦੀ ਹੈ ਅਤੇ ਚੰਗਾ ਪੈਕੇਜ ਐਲਾਨਣਾ ਚਾਹੀਦਾ ਹੈ |

ਕੇਰਲ ਨੂੰ ਹੜ੍ਹਾਂ ਦੇ ਸਬੰਧ ਵਿਚ ਤੁਰੰਤ ਰਾਹਤ ਸਮੱਗਰੀ ਭੇਜਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਸਰਾਹਨਾ ਕਰਦੇ ਹੋਏ ਸ੍ਰੀ ਜਾਖੜ ਨੇ ਕਿਹਾ ਕਿ ਕਾਂਗਰਸ ਕੇਰਲ ਨੂੰ ਹੋਰ ਸੰਭਵ ਸਹਾਇਤਾ ਮੁਹੱਈਆ ਕਰਵਾਏਗੀ |

ਇਕ ਹੋਰ ਸਵਾਲ ਦੇ ਜਵਾਬ ਵਿਚ ਸ੍ਰੀ ਜਾਖੜ ਨੇ ਕਿਹਾ ਕਿ 1984 ਦੇ ਦੰਗਿਆਂ ਨੂੰ ਕੋਈ ਵੀ ਜਾਇਜ਼ ਨਹੀਂ ਠਹਿਰਾਉਂਦਾ | ਉਨ੍ਹਾਂ ਨੇ ਇਸ ਸਬੰਧ ਵਿਚ ਝੂਠੀਆਂ ਖਬਰਾਂ ਫੈਲਾਉਣ ਲਈ ਭਾਜਪਾ ਅਤੇ ਆਰ.ਐਸ.ਐਸ ਦੀ ਤਿੱਖੀ ਆਲੋਚਨਾ ਕੀਤੀ | ਉਨ੍ਹਾਂ ਨੇ ਆਰ.ਐਸ.ਐਸ ਦੀ ਫੁੱਟ ਪਾਊ ਵਿਚਾਰਧਾਰਾ ਤੋਂ ਸਾਵਧਾਨ ਰਹਿਣ ਦੀ ਵੀ ਗੱਲ ਆਖੀ | ਉਨ੍ਹਾਂ ਕਿਹਾ ਕਿ ਭਾਜਪਾ ਝੂਠੇ ਭੰਡੀ ਪ੍ਰਚਾਰ ਨਾਲ ਦੇਸ਼ ਵਿਚ ਫਿਰਕਾਪ੍ਰਸਤੀ ਫੈਲਾ ਰਹੀ ਹੈ |

Leave a Reply