ਮੋਹਾਲੀ ਦੇ ਜ਼ਮੀਨ ਸੌਦੇ ਵਿੱਚ ਹਿੱਤਾਂ ਦਾ ਕੋਈ ਟਕਰਾਅ ਨਹੀਂ- ਮੁੱਖ ਮੰਤਰੀ

Punjab
By Admin

ਜ਼ਮੀਨ ਮਾਲਕ ਰਜ਼ਾਮੰਦ ਨਾ ਹੋਣ ’ਤੇ ਜ਼ਮੀਨ ਨੂੰ ਡੀ.ਸੀ. ਰੇਟ ਤੋਂ ਦੁੱਗਣੇ ਭਾਅ ’ਤੇ ਖਰੀਦਿਆ

ਚੰਡੀਗੜ, 3 ਫਰਵਰੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨਾਂ ਦੇ ਮੋਹਾਲੀ ’ਚ ਹੋਏ ਜ਼ਮੀਨ ਦੇ ਸੌਦੇ ਵਿਚ ਕਿਸੇ ਵੀ ਤਰਾਂ ਨਿਯਮਾਂ ਦੀ ਉਲੰਘਣਾ ਅਤੇ ਹਿੱਤਾਂ ਦੇ ਟਕਰਾਅ ਹੋਣ ਨੂੰ ਮੁਢੋਂ ਰੱਦ ਕਰਦਿਆਂ ਆਖਿਆ ਕਿ ਵਿਰੋਧੀ ਪਾਰਟੀਆਂ ਆਪਣੇ ਸੌੜੇ ਸਿਆਸੀ ਹਿੱਤ ਪੂਰਨ ਲਈ ਬੇਲੋੜਾ ਵਿਵਾਦ ਖੜਾ ਕਰ ਰਹੀਆਂ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਹਿੱਤਾਂ ਦੇ ਟਕਰਾਅ ਦੇ ਨਿਰਆਧਾਰ ਦੋਸ਼ ਲਾ ਕੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਵਿਰੋਧੀਆਂ ’ਤੇ ਨਿਸ਼ਾਨਾ ਸਾਧਦਿਆਂ ਆਖਿਆ ਕਿ ਕੀ ਮੁੱਖ ਮੰਤਰੀ ਨੂੰ ਜ਼ਮੀਨ ਖਰੀਦਣ ਦੀ ਇਜਾਜ਼ਤ ਨਹੀਂ ਹੈ।

ਮੁੱਖ ਮੰਤਰੀ ਨੇ ਆਖਿਆ ਕਿ ਉਨਾਂ ਨੇ ਤਾਂ ਮੋਹਾਲੀ ਸਥਿਤ ਸਿਸਵਾਂ ਵਿਖੇ ਇਸ ਜ਼ਮੀਨ ਦੀ ਖਰੀਦ ਲਈ ਡੀ.ਸੀ. ਰੇਟ ਤੋਂ ਵੀ ਵੱਧ ਭਾਅ ਦਿੱਤਾ ਹੈ ਕਿਉਂਕਿ ਜ਼ਮੀਨ ਦਾ ਮਾਲਕ ਇਸ ਨੂੰ ਵੇਚਣ ਲਈ ਤਿਆਰ ਨਹੀਂ ਸੀ। ਮੁੱਖ ਮੰਤਰੀ ਨੇ ਕੁਝ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਦੌਰਾਨ ਆਖਿਆ ਕਿ ਇਸ ਜ਼ਮੀਨ ਦਾ ਡੀ.ਸੀ. ਰੇਟ 30 ਲੱਖ ਰੁਪਏ ਪ੍ਰਤੀ ਏਕੜ ਹੈ ਪਰ ਉਨਾਂ ਨੇ ਇਸ ਤੋਂ ਦੁੱਗਣੀ ਰਕਮ 60 ਲੱਖ ਰੁਪਏ ਪ੍ਰਤੀ ਏਕੜ ਅਦਾ ਕੀਤੀ ਹੈ।

ਮੁੱਖ ਮੰਤਰੀ ਨੇ ਆਖਿਆ ਕਿ ਇਸ ਜ਼ਮੀਨ ਦਾ ਪੀ.ਐਲ.ਪੀ.ਏ ਨਾਲ ਕੋਈ ਵਾਹ-ਵਾਸਤਾ ਨਹੀਂ ਹੈ ਅਤੇ ਉਨਾਂ ਨੇ ਇੱਥੇ ਇਕ ਛੋਟਾ ਜਿਹਾ ਫਾਰਮ ਹਾਊਸ ਬਣਾਉਣ ਦੀ ਯੋਜਨਾ ਬਣਾਈ ਹੈ ਕਿਉਂਕਿ ਉਨਾਂ ਕੋਲ ਚੰਡੀਗੜ ਵਿਖੇ ਆਪਣਾ ਘਰ ਨਹੀਂ ਹੈ। ਉਨਾਂ ਦੱਸਿਆ ਕਿ ਇਸ ਜ਼ਮੀਨ ਵਿਚ 32 ਕਿਸਮਾਂ ਦੇ ਫਲਦਾਰ ਬੂਟੇ ਲਾਏ ਜਾ ਰਹੇ ਹਨ।

ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਪੀ.ਐਲ.ਪੀ.ਏ ਦੇ ਘੇਰੇ ਵਿਚ ਆਉਂਦੀ ਜੰਗਲਾਤ ਜ਼ਮੀਨ ਨੂੰ ਵਰਤਣ ਲਈ ਉਨਾਂ ਦੀ ਕੋਈ ਮਨਸ਼ਾ ਨਹੀਂ ਹੈ। ਇਸ ਐਕਟ ਤਹਿਤ ਦੋ ਖਸਰੇ ਇਸ ਦੇ ਘੇਰੇ ਵਿਚ ਆ ਗਏ ਹਨ ਜਿਨਾਂ ਨੂੰ ਬਿਨਾਂ ਕਿਸੇ ਵਲਗਣ ਤੋਂ ਛੱਡ ਦਿੱਤਾ ਗਿਆ ਹੈ ਜਦਕਿ ਬਾਕੀ ਜ਼ਮੀਨ ਨੂੰ ਪਿਛਲੀ ਸਰਕਾਰ ਨੇ ਬਹੁਤ ਪਹਿਲਾਂ ਸਾਲ 2011 ਵਿਚ ਡੀ-ਨੋਟੀਫਾਈ ਕਰ ਦਿੱਤਾ ਸੀ।

ਮੁੱਖ ਮੰਤਰੀ ਨੇ ਖੁਲਾਸਾ ਕੀਤਾ ਕਿ ਉਨਾਂ ਕੋਲ ਪਿੰਡ ਮਾਜਰੀ ਵਿਚ ਪਹਿਲਾਂ ਹੀ 15 ਏਕੜ ਜ਼ਮੀਨ ਹੈ ਜਿਸ ਨੂੰ ਉਨਾਂ ਨੇ 25 ਸਾਲ ਪਹਿਲਾਂ ਖਰੀਦਿਆ ਸੀ। ਇਹ ਜ਼ਮੀਨੀ ਰਕਬਾ ਪੀ.ਐਲ.ਪੀ.ਏ ਦੀਆਂ ਬੰਦਿਸ਼ਾਂ ਨਾਲ ਸਬੰਧਤ ਹੈ ਜੋ ਇਸੇ ਤਰਾਂ ਜਾਰੀ ਰਹੇਗਾ।

ਮੁੱਖ ਮੰਤਰੀ ਨੇ ਆਖਿਆ ਕਿ ਉਨਾਂ ਵੱਲੋਂ ਹਾਲ ਹੀ ਵਿਚ ਸਿਸਵਾਂ ਪਿੰਡ ਵਿਚ ਖਰੀਦੀ ਜ਼ਮੀਨ ਵਿਚ ਉਸਾਰੀ ਲਈ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ।

ਇਕ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਦਾ ਬਜਟ ਸੈਸ਼ਨ ਮਾਰਚ ਦੇ ਦੂਜੇ ਮਹੀਨੇ ਵਿਚ ਹੋਵੇਗਾ। ਇਕ ਹੋਰ ਸਵਾਲ ਦੇ ਜਵਾਬ ਵਿਚ ਉਨਾਂ ਦੱਸਿਆ ਕਿ ਮਾਰਚ ਦੇ ਆਰੰਭ ਵਿਚ ਨਿਰਧਾਰਤ ਅਗਲੇ ਰੁਜ਼ਗਾਰ ਮੇਲੇ ਦੌਰਾਨ ਲਗਪਗ 1.50 ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ।

Leave a Reply