ਮੁੱਖ ਮੰਤਰੀ ਨੇ ਸਿਹਤ ਮੰਤਰੀ ਨੂੰ ਮੁਹਾਲੀ ਦੇ ਪ੍ਰਸਤਾਵਿਤ ਮੈਡੀਕਲ ਕਾਲਜ ਨੂੰ ਸੰਗਰੂਰ ’ਚ ਤਬਦੀਲ ਕਰਨ ਦਾ ਮਾਮਲਾ ਕੇਂਦਰ ਨਾਲ ਵਿਚਾਰਨ ਲਈ ਕਿਹਾ

Punjab
By Admin

ਬਠਿੰਡਾ ਦੇ ਏਮਜ਼ ਪ੍ਰਾਜੈਕਟ ਦੇ ਕੰਮ ’ਚ ਤੇਜ਼ੀ ਲਈ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਮੰਤਰੀ ਨੂੰ ਲਿਖਣਗੇ ਪੱਤਰ

ਚੰਡੀਗੜ, 13 ਫਰਵਰੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਸਿਹਤ ਮੰਤਰੀ ਨੂੰ ਮੁਹਾਲੀ ਵਿੱਚ ਪ੍ਰਸਤਾਵਿਤ ਮੈਡੀਕਲ ਕਾਲਜ ਨੂੰ ਸਰਹੱਦੀ ਖੇਤਰ, ਸੰਭਾਵੀ ਤੌਰ ’ਤੇ ਸੰਗਰੂਰ, ਵਿੱਚ ਤਬਦੀਲ ਕਰਨ ਦਾ ਮਾਮਲਾ ਕੇਂਦਰ ਸਰਕਾਰ ਕੋਲ ਉਠਾਉਣ ਦਾ ਨਿਰਦੇਸ਼ ਦਿੱਤਾ ਹੈ। ਮੁੱਖ ਮੰਤਰੀ ਨੇ ਸਾਰੇ ਭਵਿੱਖੀ ਸਿਹਤ ਪ੍ਰਾਜੈਕਟ ਮੈਡੀਕਲ ਸਹੂਲਤਾਂ ਦੀ ਘਾਟ ਵਾਲੇ ਇਲਾਕਿਆਂ ਵਿੱਚ ਲਾਉਣ ਦੀ ਯੋਜਨਾ ਤਿਆਰ ਕਰਨ ਲਈ ਕਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਉਹ ਖ਼ੁਦ ਵੀ ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਢਾ ਨਾਲ ਮੁਲਾਕਾਤ ਕਰ ਕੇ ਇਸ ਮੈਡੀਕਲ ਕਾਲਜ ਦੀ ਜਗਾ ਤਬਦੀਲ ਕਰਨ ਬਾਰੇ ਚਰਚਾ ਕਰਨ ਤੋਂ ਇਲਾਵਾ ਏਮਜ਼ ਬਠਿੰਡਾ ਪ੍ਰਾਜੈਕਟ, ਜਿਸ ਲਈ ਪੰਜਾਬ ਸਰਕਾਰ ਨੇ ਸਾਰੀਆਂ ਲੋੜੀਦੀਂ ਕਾਰਵਾਈਆਂ ਮੁਕੰਮਲ ਕਰ ਲਈਆਂ ਹਨ, ਵਿੱਚ ਤੇਜ਼ੀ ਲਈ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਣਗੇ।

800 ਕਰੋੜ ਦੀ ਲਾਗਤ ਵਾਲਾ ਏਮਜ਼ ਬਠਿੰਡਾ ਸੌ ਫੀਸਦ ਕੇਂਦਰੀ ਸਪਾਂਸਰ ਪ੍ਰਾਜੈਕਟ ਹੈ ਜਦੋਂਕਿ 300 ਕਰੋੜ ਦੀ ਲਾਗਤ ਵਾਲਾ ਮੈਡੀਕਲ ਕਾਲਜ ਦਾ ਪ੍ਰਾਜੈਕਟ 70:30 ਦੇ ਅਨੁਪਾਤ ਨਾਲ ਕੇਂਦਰ ਤੇ ਰਾਜ ਦੀ ਹਿੱਸੇਦਾਰੀ ਵਾਲਾ ਪ੍ਰਾਜੈਕਟ ਹੈ।

ਸੂਬੇ ਵਿੱਚ ਵਧੀਆ ਸਿਹਤ ਢਾਂਚਾ ਮੁਹੱਈਆ ਕਰਾਉਣ ਲਈ ਮੁੱਖ ਮੰਤਰੀ ਨੇ ਇਹ ਨਿਰਦੇਸ਼ ਇਨਾਂ ਦੋ ਪ੍ਰਾਜੈਕਟਾਂ ਦੀ ਸਮੀਖਿਆ ਬਾਰੇ ਮੰਗਲਵਾਰ ਨੂੰ ਇੱਥੇ ਹੋਈ ਮੀਟਿੰਗ ਦੌਰਾਨ ਦਿੱਤੇ।

ਮੁੱਖ ਮੰਤਰੀ ਨੂੰ ਦੱਸਿਆ ਗਿਆ ਕਿ ਇਸ ਮੈਡੀਕਲ ਕਾਲਜ ਲਈ ਮੁਹਾਲੀ ਦੀ ਚੋਣ ਸਾਲ 2012 ਵਿੱਚ ਆਈ ਯੋਜਨਾ ਤਹਿਤ ਕੀਤੀ ਗਈ ਸੀ, ਜਿਸ ਵਾਸਤੇ ਅਗਾੳੂਂ-ਸ਼ਰਤ ਸੀ ਕਿ ਇਸ ਸ਼ਹਿਰ ਵਿੱਚ 200 ਬੈੱਡਾਂ ਦਾ ਹਸਪਤਾਲ ਹੋਣਾ ਚਾਹੀਦਾ ਸੀ ਜਿਸ ਨੂੰ ਅਪਗ੍ਰੇਡ ਕਰਨ ਵਿੱਚ ਕੇਂਦਰ ਮਦਦ ਕਰ ਸਕਦੀ ਹੋਵੇ। ਉਸ ਸਮੇਂ ਮੁਹਾਲੀ ਵਿੱਚ 200 ਬੈੱਡਾਂ ਦਾ ਇਕ ਸਿਵਲ ਹਸਪਤਾਲ ਸੀ ਅਤੇ ਕੋਈ ਪ੍ਰਾਈਵੇਟ ਹਸਪਤਾਲ ਜਾਂ ਮੈਡੀਕਲ ਕਾਲਜ ਨਹੀਂ ਸੀ। ਇਸ ਯੋਜਨਾ ਦੀਆਂ ਸ਼ਰਤਾਂ ਤੇ ਨਿਯਮ ਇਹ ਹਸਪਤਾਲ ਪੂਰੇ ਕਰਦਾ ਸੀ। ਹਾਲਾਂਕਿ ਇਸ ਬਾਅਦ ਕਈ ਹੋਰ ਇਲਾਕੇ ਸਾਹਮਣੇ ਆਏ ਹਨ, ਜੋ ਇਹ ਸ਼ਰਤਾਂ ਤੇ ਨਿਯਮ ਪੂਰੇ ਕਰਦੇ ਹਨ, ਜਿਨਾਂ ਦੀ ਚੋਣ ਕੀਤੀ ਜਾ ਸਕਦੀ ਹੈ।

ਮੀਟਿੰਗ ਦੌਰਾਨ ਚਰਚਾ ਹੋਈ ਕਿ ਮੁਹਾਲੀ ਵਿੱਚ ਸਾਰੀਆਂ ਸਹੂਲਤਾਂ ’ਤੇ ਧਿਆਨ ਕੇਂਦਰਿਤ ਕਰਨ ਨਾਲ ਵਿਕਾਸ ਦੀ ਇਕਸਾਰਤਾ ਨਹੀਂ ਰਹੇਗੀ ਕਿਉਂਕਿ ਗੁਆਂਢ ਵਿੱਚ ਚੰਡੀਗੜ ’ਚ ਪਹਿਲਾਂ ਹੀ ਮੈਡੀਕਲ ਕਾਲਜ ਹੈ। ਮੁੱਖ ਮੰਤਰੀ ਨੇ ਸੁਝਾਅ ਦਿੱਤਾ ਕਿ ਇਸ ਮੈਡੀਕਲ ਕਾਲਜ ਨੂੰ ਘੱਟ-ਵਿਕਸਤ ਸਰਹੱਦੀ ਇਲਾਕੇ ਵਿੱਚ ਤਬਦੀਲ ਕੀਤਾ ਜਾਵੇ। ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਹਾਮੀ ਭਰਦਿਆਂ ਕਿਹਾ ਕਿ ਇਸ ਪ੍ਰਸਤਾਵਿਤ ਕਾਲਜ ਲਈ ਸੰਗਰੂਰ ਢੁਕਵੀਂ ਜਗਾ ਹੋਵੇਗੀ।

ਮੁੱਖ ਮੰਤਰੀ ਨੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੂੰ ਇਹ ਮਾਮਲਾ ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਢਾ ਕੋਲ ਉਠਾਉਣ ਅਤੇ ਇਹ ਦੇਖਣ ਲਈ ਕਿਹਾ ਕਿ ਕੀ ਇਸ ਮੈਡੀਕਲ ਕਾਲਜ ਵਾਸਤੇ ਸੰਗਰੂਰ ਦੀ ਚੋਣ ਕੀਤੀ ਜਾ ਸਕਦੀ ਹੈ। ਉਨਾਂ ਨੇ ਭਾਰਤ ਸਰਕਾਰ ਦੇ ਫ਼ੈਸਲੇ ਦੇ ਆਧਾਰ ’ਤੇ ਅੱਗੇ ਵਧਣ ਲਈ ਕਿਹਾ।

ਬਠਿੰਡਾ ਵਿਖੇ ਸਥਾਪਤ ਕੀਤੇ ਜਾਣ ਵਾਲੇ ਏਮਜ਼ ਦੇ ਮੁੱਦੇ ’ਤੇ ਮੁੱਖ ਮੰਤਰੀ ਨੂੰ ਦੱਸਿਆ ਗਿਆ ਕਿ ਸੂਬਾਈ ਸਰਕਾਰ ਨੇ ਜ਼ਮੀਨ ਦੇ ਤਬਾਦਲੇ ਸਮੇਤ ਪਹਿਲਾਂ ਹੀ ਸਾਰੇ ਬਕਾਇਆ ਮੁੱਦੇ ਸੁਲਝਾ ਲਏ ਹਨ। ਇਸ ਮੈਡੀਕਲ ਕਾਲਜ-ਕਮ-ਹਸਪਤਾਲ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਨੇ 2016 ਵਿੱਚ ਰੱਖਿਆ ਸੀ। ਪੰਜਾਬ ਨੇ ਜ਼ਮੀਨ ਮੁਹੱਈਆ ਕਰਾ ਦਿੱਤੀ ਸੀ ਅਤੇ ਲੋੜੀਂਦਾ ਸੜਕ ਢਾਂਚਾ ਮੁਹੱਈਆ ਕਰਾਉਣਾ ਸੀ ਜਦੋਂਕਿ ਬਾਕੀ ਸਾਰਾ ਕੁੱਝ ਕੇਂਦਰ ਸਰਕਾਰ ਨੇ ਸੰਭਾਲਣਾ ਸੀ।

ਮੀਟਿੰਗ ਦੌਰਾਨ ਮੁੱਖ ਮੰਤਰੀ ਨੂੰ ਦੱਸਿਆ ਗਿਆ ਕਿ ਗੇਂਦ ਹੁਣ ਭਾਰਤ ਸਰਕਾਰ ਦੇ ਪਾਲੇ ਵਿਚ ਹੈ ਜਿਸ ਵੱਲੋਂ ਚਾਰ ਦੀਵਾਰੀ ਦੀ ਉਸਾਰੀ ਸ਼ੁਰੂ ਕੀਤੀ ਜਾ ਚੁੱਕੀ ਹੈ ਅਤੇ ਆਰਕੀਟੈਕਟ ਲਈ ਆਲਮੀ ਪੱਧਰ ’ਤੇ ਟੈਂਡਰ ਕੱਢੇ ਗਏ ਹਨ ਜਿਸ ਨੂੰ ਛੇਤੀ ਹੀ ਅੰਤਿਮ ਰੂਪ ਦਿੱਤੇ ਜਾਣ ਦੀ ਆਸ ਹੈ।

ਮੁੱਖ ਮੰਤਰੀ ਨੇ ਦੱਸਿਆ ਕਿ ਇਸ ਪ੍ਰਾਜੈਕਟ ਦੇ ਕੰਮ ਵਿਚ ਤੇਜ਼ੀ ਲਿਆਉਣ ਲਈ ਕੇਂਦਰੀ ਸਿਹਤ ਮੰਤਰਾਲੇ ਨੂੰ ਹਦਾਇਤ ਦੇਣ ਲਈ ਉਹ ਪ੍ਰਧਾਨ ਮੰਤਰੀ ਨੂੰ ਅਪੀਲ ਕਰਕੇ ਉਨਾਂ ਦੇ ਦਖਲ ਦੀ ਮੰਗ ਕਰਨਗੇ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਛੇਤੀ ਤੋਂ ਛੇਤੀ ਇਸ ਦਾ ਲਾਭ ਮਿਲ ਸਕੇ।

ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਫਿਰੋਜ਼ਪੁਰ ਅਤੇ ਸੰਗਰੂਰ ਵਿਖੇ ਪੀ.ਜੀ.ਆਈ ਸੈਟੇਲਾਈਟ ਸੈਂਟਰਾਂ ਦੇ 100 ਫੀਸਦੀ ਕੇਂਦਰੀ ਸਹਾਇਤਾ ਪ੍ਰਾਜੈਕਟਾਂ ਦੀ ਸਥਾਪਨਾ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਇਆ ਜਾਵੇ। ਉਨਾਂ ਨੂੰ ਦੱਸਿਆ ਗਿਆ ਕਿ ਕੇਂਦਰ ਸਰਕਾਰ ਇਸ ਪ੍ਰਾਜੈਕਟ ਲਈ ਅੱਗੇ ਵਧਣ ਦੀ ਇੱਛੁਕ ਹੈ ਪਰ ਪੀ.ਜੀ.ਆਈ ਦੇ ਕੁਝ ਤੌਖਲੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਵਿਭਾਗ ਨੂੰ ਪੀ.ਜੀ.ਆਈ ਨਾਲ ਇਨਾਂ ਮਸਲਿਆਂ ਦਾ ਹੱਲ ਛੇਤੀ ਤੋਂ ਛੇਤੀ ਕਰਨ ਲਈ ਆਖਿਆ।

ਮੀਟਿੰਗ ਵਿਚ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਵਧੀਕ ਮੁੱਖ ਸਕੱਤਰ ਉਚੇਰੀ ਸਿੱਖਿਆ ਐਸ.ਕੇ. ਸੰਧੂ, ਵਧੀਕ ਮੁੱਖ ਸਕੱਤਰ ਮਕਾਨ ਤੇ ਸ਼ਹਿਰੀ ਵਿਕਾਸ ਵਿਨੀ ਮਹਾਜਨ, ਪ੍ਰਮੁੱਖ ਸਕੱਤਰ ਵਿੱਤ ਅਨਿਰੁਧ ਤਿਵਾੜੀ, ਪ੍ਰਮੁੱਖ ਸਕੱਤਰ ਮੈਡੀਕਲ ਸਿੱਖਿਆ ਤੇ ਖੋਜ ਸੰਜੇ ਕੁਮਾਰ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਦਿਪਰਵਾ ਲਾਕਰਾ ਸ਼ਾਮਲ ਸਨ।

Leave a Reply