ਪੰਜਾਬ ਸਰਕਾਰ ਵਲੋਂ ਅਣਅਧਿਕਾਰਿਤ ਫੋਨ ਟੈਪ ਕਰਨ ਦੇ ਦੋਸ਼ ਰੱਦ

re
By Admin

ਸ਼ਾਹਕੋਟ ਦੀਆਂ ਘਟਨਾਵਾਂ ਦੀ ਆਜ਼ਾਦਾਨਾ ਜਾਂਚ ਤੇ ਵਿਵਾਦਾ ਵਿਚ ਘਿਰੇ ਐਸ ਐਚ ਓ ਨੂੰ ਚੋਣ ਪ੍ਰਕਿਰਿਆ ਤੋਂ ਬਾਹਰ ਰੱਖਣ ਦੀ ਚੋਣ ਕਮਿਸ਼ਨ ਨੂੰ ਅਪੀਲ

ਚੰਡੀਗੜ੍ਹ, 8 ਮਈ

ਅਣਅਧਿਕਾਰਿਤ ਤਰੀਕੇ ਨਾਲ ਫੋਨ ਟੈਪ ਕਰਨ ਦੇ ਦੋਸ਼ਾਂ ਨੂੰ ਸਪੱਸ਼ਟ ਤੌਰ ‘ਤੇ ਰੱਦ ਕਰਦੇ ਹੋਏ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੋਸ਼ ਲਾਇਆ ਹੈ ਕਿ ਸ਼ਾਹਕੋਟ ਉਪ ਚੋਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿਰੁੱਧ ਵੱਡੀ ਸਿਆਸੀ ਸਾਜਿਸ਼ ਹੋਈ ਹੈ |

ਆਜ਼ਾਦ ਅਤੇ ਨਿਰਪੱਖ ਚੋਣਾਂ ਦੇ ਹਿੱਤ ਵਿਚ ਮਹਿਤਪੁਰ ਦੇ ਐਸ ਐਚ ਓ ਪਰਮਿੰਦਰ ਪਾਲ ਸਿੰਘ ਨੂੰ ਤੁਰੰਤ ਤਬਦੀਲ ਕਰਨ ਦੀ ਪੰਜਾਬ ਸਰਕਾਰ ਦੀ ਬੇਨਤੀ ‘ਤੇ ਚੋਣ ਕਮਿਸ਼ਨ ਨੂੰ ਕਦਮ ਚੁੱਕੇ ਜਾਣ ਦੀ ਅਪੀਲ ਕਰਦੇ ਹੋਏ ਬੁਲਾਰੇ ਨੇ ਕਿਹਾ ਕਿ ਹਲਕੇ ਵਿਚ ਹਾਲ ਹੀ ਦੀਆਂ ਘਟਨਾਵਾਂ ਨੇ ਐਸ ਐਚ ਓ ਅਤੇ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਨਾਲ ਸਬੰਧਤ ਸਿਆਸਤਦਾਨਾ ਵਿਚ ਗਠਜੋੜ ਨੂੰ ਨੰਗਾ ਕੀਤਾ ਹੈ |

ਬੁਲਾਰੇ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਦਲਜੀਤ ਸਿੰਘ ਚੀਮਾ ਦੇ ਨਾਲ ਆਪਣੀ ਗੱਲਬਾਤ ਬਾਰੇ ਐਸ ਐਚ ਓ ਨੂੰ ਸ਼ਾਹਕੋਟ ਥਾਣੇ ਵਿਚਲੇ ਆਪਣੇ ਸਾਥੀਆਂ ਅਤੇ ਦੋਸਤਾਂ ਨਾਲ ਖੁਦ ਫੜ੍ਹ ਮਾਰਦੇ ਹੋਏ ਸੁਣਿਆ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਫੋਨ ਟੈਪ ਕਰਨ ਦੇ ਸਾਰੇ ਦੋਸ਼ ਝੂੱਠੇ ਅਤੇ ਆਧਾਰਹੀਣ ਹਨ |

ਬੁਲਾਰੇ ਨੇ ਕਿਹਾ ਕਿ ਸਰਕਾਰ ਇਸ ਤਰ੍ਹਾਂ ਦੇ ਗੈਰ ਕਾਨੂੰਨੀ ਕਾਰਜਾਂ ਵਿਚ ਕਦੇ ਵੀ ਲਿਪਤ ਨਹੀ ਹੋਈ ਅਤੇ ਉਸਨੇ ਕਦੇ ਵੀ ਨਿੱਜਤਾ ਅਤੇ ਵਿਅਕਤੀਆਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀਂ ਕੀਤੀ ਅਤੇ ਨਾ ਹੀ ਉਹ ਕਿਸੇ ਵੀ ਹਾਲਤ ਵਿਚ ਅਜਿਹਾ ਕਰੇਗੀ | ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੇ ਮੁੱਖ ਮੰਤਰੀ ਦੇ ਬਿਆਨ ਦੇ ਅਹਿਮ ਹਿੱਸੇ ਤੋਂ ਲੋਕਾਂ ਦਾ ਧਿਆਨ ਲਾਂਬੇ ਕਰਨ ਲਈ ਉਸ ਬਿਆਨ ਦੇ ਕੁੱਝ ਹਿੱਸੇ ਨੂੰ ਉਠਾ ਲਿਆ ਹੈ | ਇਹ ਬਿਆਨ ਐਸ ਐਚ ਓ ਦੇ ਸੀਨੀਅਰ ਅਕਾਲੀ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਨਾਲ ਸਾਜਿਸ਼ੀ ਗਠਜੋੜ ਨੂੰ ਨੰਗਾ ਕਰਦਾ ਹੈ |

ਬੁਲਾਰੇ ਨੇ ਕਿਹਾ ਕਿ ਇਹ ਗੱਲ ਬਹੁਤ ਮਹੱਤਵਪੂਰਨ ਹੈ ਕਿ ਮੁੱਖ ਮੰਤਰੀ ਵਲੋਂ ਕਥਿਤ ਗੱਲਬਾਤ ਦੇ ਕੀਤੇ ਗਏ ਜ਼ਿਕਰ ਦਾ ਖਹਿਰਾ ਨੇੇ ਇਨਕਾਰ ਨਹੀ ਕੀਤਾ | ਉਨ੍ਹਾਂ ਕਿਹਾ ਕਿ ਖਹਿਰਾ ਦਾ ਹੁੰਗਾਰਾ ਇਸ ਗੱਲ ਦਾ ਸਬੂਤ ਹੈ ਕਿ ਜਿਸ ਗੱਲਬਾਤ ਦਾ ਕੈਪਟਨ ਅਮਰਿੰਦਰ ਸਿੰਘ ਨੇ ਜ਼ਿਕਰ ਕੀਤਾ ਸੀ ਉਹ ਬਿਲਕੁਲ ਹੋਈ ਹੈ ਅਤੇ ਐਸ ਐਚ ਓ ਖੁਦ ਵੱਖ-ਵੱਖ ਲੋਕਾਂ ਨਾਲ ਇਹ ਗੱਲਬਾਤ ਕਰਦਾ ਪਾਇਆ ਗਿਆ ਹੈ |

ਬੁਲਾਰੇ ਨੇ ਕਿਹਾ ਕਿ ਸਮੁੱਚੇ ਘਟਨਾਕ੍ਰਮ ਵਿਚ ਐਸ ਐਚ ਓ ਦੀ ਭੂਮਿਕਾ ਹਰ ਪੱਖ ਤੋਂ ਸਵਾਲਾਂ ਦੇ ਘੇਰੇ ਵਿਚ ਰਹੀ ਹੈ | ਉਸ ਨੇ ਸ਼ਾਹਕੋਟ ਤੋਂ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਵਿਰੁਧ ਐਫ ਆਈ ਆਰ ਦਰਜ ਕਰਨ ਵਿਚ ਗੈਰ ਜ਼ਰੂਰੀ ਕਾਹਲੀ ਵਰਤੀ ਹੈ | ਇਸ ਤੋਂ ਪਹਿਲਾਂ ਉਸ ਨੇ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਜਾਂਚ ਸ਼ੁਰੂ ਕਰਨ ਦੀ ਵੀ ਕੋਈ ਕੋਸ਼ਿਸ ਨਹੀਂ ਕੀਤੀ |

ਬੁਲਾਰੇ ਅਨੁਸਾਰ ਐਫ ਆਈ ਆਰ ਦਰਜ ਕੀਤੇ ਜਾਣ ਤੋਂ ਬਾਅਦ ਐਸ ਐਚ ਓ ਦਾ ਵਤੀਰਾ ਸਿਆਸੀ  ਪੱਖਪਾਤ ਵਾਲਾ ਲੱਗਾ ਜਿਸਨੇ ਉਪ ਚੋਣਾਂ ਦੇ ਆਜ਼ਾਦ ਤੇ ਨਿਰਪੱਖ ਹੋਣ ਦੀ ਸੰਭਾਵਨਾ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ | ਬੁਲਾਰੇ ਨੇ ਪਰਮਿੰਦਰ ਪਾਲ ਸਿੰਘ ਦੇ ਵਤੀਰੇ ਦੀ ਮੁਕੰਮਲ ਜਾਂਚ ਕਰਵਾਉਣ ਲਈ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਜਿਸ ਨੇ ਸੂਬਾ ਪੁਲਸ ਅਤੇ ਪ੍ਰਸ਼ਾਸਨ ਦਾ ਜਨਤਕ ਅਕਸ ਨੂੰ ਘਟਾਇਆ ਹੈ | ਬੁਲਾਰੇ ਨੇ ਪੱਤਰਕਾਰਾਂ ਨੂੰ ਐਸ ਐਚ ਓ ਵਲੋਂ ਜਾਰੀ ਕੀਤੀਆਂ ਧਮਕੀਆਂ ਸਬੰਧੀ ਰਿਪੋਰਟਾਂ ਦੀ ਜਾਂਚ ਕਰਨ ਲਈ ਵੀ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਜੋ ਕਿ ਉਸਨੇ ਪੱਤਰਕਾਰਾਂ ਨੂੰ ਆਪਣੀ ਆਜ਼ਾਦ ਅਤੇ ਨਿਰਪੱਖ ਤਰੀਕੇ ਨਾਲ ਜ਼ਿੰਮੇਵਾਰੀ ਨਿਭਾਉਣ ਤੋਂ ਰੋਕਣ ਲਈ ਦਿੱਤੀਆਂ ਹਨ |

ਬੁਲਾਰੇ ਨੇ ਚ ੋਣ ਜਾਬਤੇ ਦੀ ਅੱਗੇ ਹੋਰ ਉਲੰਘਣਾ ਹੋਣ ਤੋਂ ਰੋਕਣ ਲਈ ਚੋਣ ਕਮਿਸ਼ਨ ਨੂੰ ਸਾਰੇ ਜ਼ਰੂਰੀ ਕਦਮ ਚੁੱਕੇ ਜਾਣ ਦੀ ਬੇਨਤੀ ਕੀਤੀ ਹੈ ਤਾਂ ਜੋ ਸ਼ਾਹਕੋਟ ਉਪ ਚੋਣ ਆਜ਼ਾਦ ਤੇ ਨਿਰਪੱਖ ਹੋ ਸਕੇ | ਬੁਲਾਰੇ ਨੇ ਕਿਹਾ ਕਿ ਸਰਕਾਰ ਚੋਣ ਕਮਿਸ਼ਨ ਦੀ ਹਦਾਇਤਾਂ ਦੇ ਅਨੁਸਾਰ ਕਾਂਗਰਸ ਉਮੀਦਵਾਰ ਵਿਰੁੱਧ ਲੱਗੇ ਦੋਸ਼ਾਂ ਦੀ ਆਜ਼ਾਦ ਅਤੇ ਪਾਰਦਰਸ਼ੀ ਜਾਂਚ ਦੇ ਹੱਕ ਵਿਚ ਹੈ ਪਰ ਪਿਛਲੇ ਕੁੱਝ ਦਿਨਾਂ ਦੌਰਾਨ ਵਾਪਰੀਆਂ ਘਟਨਾਵਾਂ ਇਸ ਗੱਲ ਦਾ ਸਬੂਤ ਹਨ ਕਿ ਐਸ ਐਚ ਓ ਆਪਣੇ ਸੌੜੇ ਹਿੱਤਾਂ ਦੀ ਖਾਤਿਰ ਸਿਆਸੀ ਆਗੂਆਂ ਦੇ ਹੱਥਾਂ ਵਿਚ ਖੇਡ ਰਿਹਾ ਹੈ | ਬੁਲਾਰੇ ਨੇ ਕਿਹਾ ਕਿ ਇਨ੍ਹਾਂ ਗੱਲਾਂ ਤੋਂ ਲਗਦਾ ਹੈ ਕਿ ਐਸ ਐਚ ਓ ਨਿਰਪੱਖ ਜਾਂਚ ‘ਚ ਦਿਲਚਸਪੀ ਨਹੀਂ ਰੱਖਦਾ ਅਤੇ ਉਹ ਕਾਂਗਰਸੀ ਉਮੀਦਵਾਰ ਨੂੰ ਵਿੰਗੇ-ਟੇਡੇ ਢੰਗ ਨਾਲ ਚੋਣ ਦੌੜ ਚੋਂ ਬਾਹਰ ਕਰਨਾ ਚਾਹੁੰਦਾ ਹੈ |

ਬੁਲਾਰੇ ਅਨੁਸਾਰ ਐਸ ਐਚ ਓ ਦਾ ਵਤੀਰਾ ਸਪਸ਼ਟ ਤੌਰ ਤੇ ਇਹ ਦਿਖਾਉਂਦਾ ਹੈ ਕਿ ਉਹ ਵਿਰੋਧੀ ਧਿਰ ਦੀ ਜੁੰਡਲੀ ਵਿਚ ਕੰਮ ਕਰ ਰਿਹਾ ਹੈ | ਬੁਲਾਰੇ ਨੇ ਚੋਣ ਕਮਿਸ਼ਨ ਨੂੰ ਇਸ ਸਮੁੱਚੀ ਘਟਨਾ ਦੀ ਆਜ਼ਾਦਾਨਾ ਜਾਂਚ ਲਈ ਦਖਲ ਅਤੇ ਸ਼ਾਹਕੋਟ ਚੋਣ ਪ੍ਰਕਿਰਿਆ ਨੂੰ ਬਿਨਾ ਅੜਚਨ ਤੇ ਪਾਰਦਰਸ਼ੀ ਤਰੀਕੇ ਨਾਲ ਨੇਪਰੇ ਚਾੜਨ ਨੂੰ ਯਕੀਨੀ ਬਣਾਉਣ ਲਈ ਬੇਨਤੀ ਕੀਤੀ ਹੈ |