ਪੰਜਾਬੀ ਭਾਸ਼ਾ ਤਾਲਮੇਲ ਕਮੇਟੀ ਵਲੋਂ ਜਲੰਧਰ ‘ਚ ਭਾਸ਼ਾ ਕਨਵੈਨਸ਼ਨ ਕਰਵਾਉਣ ਦਾ ਐਲਾਨ

Punjab
By Admin

ਚੰਡੀਗੜ੍ਹ : ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਰ ਨੂੰ ਸਮਰਪਤ 9 ਸੰਸਥਾਵਾਂ ਵਲੋਂ 10 ਫ਼ਰਵਰੀ 2018 ਨੂੰ ਦੇਸ਼ਭਗਤ ਯਾਦਗਾਰ ਹਾਲ ਜਲੰਧਰ ਵਿਖੇ ਇਕ ਵਿਸ਼ਾਲ ਕਨਵੈਨਸ਼ਨ ਆਯੋਜਿਤ ਕੀਤੀ ਜਾ ਰਹੀ ਹੈ। ਇਸ ਕਨਵੈਨਸ਼ਨ ‘ਚ ”ਸਿੱਖਿਆ ਤੇ ਪ੍ਰਸ਼ਾਸਨ ‘ਚ ਪੰਜਾਬੀ ਭਾਸ਼ਾ : ਕੀ ਕਰਨਾ ਲੋੜੀਏ?” ਵਿਸ਼ੇ ਉੱਪਰ ਗੰਭੀਰ ਵਿਚਾਰ-ਚਰਚਾ ਕੀਤੀ ਜਾਵੇਗੀ ਅਤੇ ਪੰਜਾਬੀ ਭਾਸ਼ਾ ਨੂੰ ਹਕੀਕੀ ਅਰਥਾਂ ‘ਚ ਰਾਜ ਭਾਸ਼ਾ ਦਾ ਦਰਜਾ ਦਿਵਾਉਣ ਲਈ ਜਥੇਬੰਦਕ ਯਤਨਾਂ ਦੀ ਰੂਪਰੇਖਾ ਉਲੀਕੀ ਜਾਵੇਗੀ। ਇਹ ਐਲਾਨ ਸਤਨਾਮ ਮਾਣਕ, ਸੁਸ਼ੀਲ ਦੁਸਾਂਝ, ਡਾ. ਜੋਗਿੰਦਰ ਸਿੰਘ ਪੁਆਰ, ਡਾ. ਅਨੂਪ ਸਿੰਘ, ਡਾ. ਕਰਮਜੀਤ ਸਿੰਘ, ਪਵਨ ਹਰਚੰਦਪੁਰੀ, ਦਰਸ਼ਨ ਬੁੱਟਰ, ਰਮੇਸ਼ ਯਾਦਵ, ਸ੍ਰੀਰਾਮ ਅਰਸ਼ ਤੇ ਪ੍ਰੋ. ਸੁਰਜੀਤ ਜੱਜ ਨੇ ਕੀਤਾ। ਇਸ ਕਨਵੈਨਸ਼ਨ ‘ਚ ਪੰਜਾਬੀ ਸਾਹਿਤ ਅਕਾਦਮੀ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.), ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ), ਪੰਜਾਬ ਜਾਗ੍ਰਤੀ ਮੰਚ, ਭਾਸ਼ਾ ਅਕਾਦਮੀ, ਰਿਸਚਰ ਅਕਾਦਮੀ, ਪੰਜਾਬੀ ਮੰਚ ਚੰਡੀਗੜ੍ਹ, ਕੌਮਾਂਤਰੀ ਪੰਜਾਬੀ ਇਲਮ ਅਤੇ ਪ੍ਰਗਤੀਸ਼ੀਲ ਲੇਖਕ ਮੰਚ ਪੰਜਾਬ ਨਾਲ ਸਬੰਧਤ ਆਗੂ ਤੇ ਮੈਂਬਰ ਸ਼ਾਮਲ ਹੋਣਗੇ। ਕਨਵੈਨਸ਼ਨ ਨੂੰ ਇਨ੍ਹਾਂ ਸੰਸਥਾਵਾਂ ਦੇ ਆਗੂਆਂ ਤੋਂ ਇਲਾਵਾ ਸੁਰਜੀਤ ਪਾਤਰ, ਡਾ. ਵਰਿਆਮ ਸੰਧੂ, ਡਾ. ਐਮ.ਪੀ. ਸਿੰਘ ਅਤੇ ਜਤਿੰਦਰ ਪੰਨੂੰ ਆਦਿ ਸੰਬੋਧਨ ਕਰਨਗੇ। ਇਨ੍ਹਾਂ 9 ਸੰਸਥਾਵਾਂ ਨਾਲ ਸਬੰਧਤ ਆਗੂਆਂ ਨੇ ਸਮੂਹ ਪੰਜਾਬੀ ਪਿਆਰਿਆਂ ਨੂੰ ਇਸ ਕਨਵੈਨਸ਼ਨ ‘ਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਨੂੰ ਸਮਰਪਿਤ ਇਨ੍ਹਾਂ ਸੰਸਥਾਵਾਂ ਦੇ ਆਗੂਆਂ ਨੇ ਆਪਣੇ ਵਿਚਾਰ-ਵਟਾਂਦਰੇ ਤੋਂ ਬਾਅਦ ਪੰਜਾਬੀ ਭਾਸ਼ਾ ਤਾਲਮੇਲ ਕਮੇਟੀ ਦਾ ਗਠਨ ਕੀਤਾ ਅਤੇ ਡਾ. ਅਨੂਪ ਸਿੰਘ ਨੂੰ ਕਨਵੀਨਰ ਵਜੋਂ ਕੰਮ ਕਰਨ ਦਾ ਆਦੇਸ਼ ਦਿੱਤਾ। ਉਕਤ 9 ਸੰਸਥਾਵਾਂ ਨਾਲ ਸਬੰਧਤ ਆਗੂਆਂ ਨੇ ਪੰਜਾਬੀ ਭਾਸ਼ਾ ਦੀ ਪੰਜਾਬ ‘ਚ ਹੀ ਬਣੀ ਤਰਸਯੋਗ ਹਾਲਤ ਤੇ ਮਾਂ-ਬੋਲੀ ਪੰਜਾਬੀ ਨੂੰ ਹੋਰ ਨੁਕਸਾਨ ਪਹੁੰਚਾਉਣ ਲਈ ਕੀਤੇ ਜਾ ਰਹੇ ਹਮਲਿਆਂ ਦਾ ਗੰਭੀਰ ਨੋਟਿਸ ਲਿਆ। ਸੈਂਕੜੇ ਸਰਕਾਰੀ ਸਕੂਲਾਂ’ਚ ਮਾਧਿਅਮ ਵਜੋਂ ਅੰਗਰੇਜ਼ੀ ਨੂੰ ਵਰਤਣ ਦੀ ਖੁੱਲ੍ਹ, ਪਹਿਲੀ ਤੋਂ ਗਣਿਤ ਤੇ ਵਿਗਿਆਨ ਦਾ ਮਾਧਿਅਮ ਅੰਗਰੇਜ਼ੀ ਬਣਾਉਣ, ਮਿਡਲ ਸਕੂਲਾਂ ‘ਚ ਪੰਜਾਬੀ ਤੇ ਹਿੰਦੀ ਅਧਿਆਪਕਾਂ ‘ਚੋਂ ਇਕ ਰੱਖਣ ਅਤੇ ਅੰਗਰੇਜ਼ੀ ਮਾਧਿਅਮ ਸਕੂਲਾਂ ‘ਚ ਪੰਜਾਬੀ ਬੋਲਣ ‘ਤੇ ਲਗਾਈ ਪਾਬੰਦੀ ਆਦਿ ਕਦਮਾਂ ਨੂੰ ਮਾਂ-ਬੋਲੀ ਪੰਜਾਬੀ ਦਾ ਘੋਰ ਨਿਰਾਦਰ ਤੇ ਜਮਹੂਰੀ ਹੱਕਾਂ ਦਾ ਘਾਣ ਦਸਿਆ ਗਿਆ। ਪੰਜਾਬ ਸਰਕਾਰ ਦੇ ਦਫ਼ਤਰਾਂ, ਸਰਕਾਰੀ,ਅਰਧ-ਸਰਕਾਰੀ ਤੇ ਪ੍ਰਾਈਵੇਟ ਅਦਾਰਿਆਂ ਅਤੇ ਪ੍ਰਾਈਵੇਟ ਕੰਪਨੀਆਂ ਦੇ ਦਫ਼ਤਰਾਂ ਆਦਿ ‘ਚ ਪੰਜਾਬੀ ਭਾਸ਼ਾ ਦੀ ਵਰਤੋਂ ਨਾ ਕਰਨੀ ਜਾਂ ਬੇਹੱਦ ਮਾਮੂਲੀ ਕਰਨੀ ਬੇਹੱਦ ਚਿੰਤਾ ਦਾ ਵਿਸ਼ਾ ਹੈ। ਰਾਜ ਭਾਸ਼ਾ ਪੰਜਾਬੀ ਸਬੰਧੀ ਬਣੇ ਕਾਨੂੰਨਾਂ ਦਾ ਘੋਰ ਉਲੰਘਣ ਜਾਰੀ ਹੈ। ਪੰਜਾਬੀ ਭਾਸ਼ਾ ਦੀ ਵਰਤੋਂ ਨਾ ਕਰਨ ਵਾਲੇ ਅਧਿਕਾਰੀਆਂ ਤੇ ਮੁਲਾਜ਼ਮਾਂ ਵਿਰੁਧ ਅਮਲ ‘ਚ ਕੋਈ ਵਿਵਸਥਾ ਹੀ ਨਹੀਂ ਹੈ ਅਤੇ ਭਾਸ਼ਾ ਵਿਭਾਗ ‘ਚ 60% ਤੋਂ ਵੱਧ ਅਸਾਮੀਆਂ ਵਰਿ੍ਹਆਂ ਤੋਂ ਖਾਲੀ ਪਈਆਂ ਹਨ। ਭਾਸ਼ਾ ਵਿਭਾਗ ਪੰਜਾਬ ਲਗਾਤਾਰ ਵਿੱਤੀ ਸੰਕਟ ਕਾਰਨ ਖਤਮ ਹੋਣ ਕਿਨਾਰੇ ਹੈ। ਇਸ ਚਿੰਤਾਜਨਕ ਹਾਲਤ ‘ਚ ਸਤਨਾਮ ਮਾਣਕ, ਡਾ. ਜੋਗਿੰਦਰ ਪੁਆਰ, ਡਾ. ਸਰਬਜੀਤ ਸਿੰਘ, ਡਾ. ਤੇਜਵੰਤ ਸਿੰਘ ਮਾਨ, ਡਾ. ਸੁਖਦੇਵ ਸਿੰਘ ਸਿਰਸਾ, ਰਮੇਸ਼ ਯਾਦਵ, ਸ੍ਰੀਰਾਮ ਅਰਸ਼, ਡਾ. ਤੇਜਵੰਤ ਸਿੰਘ ਗਿੱਲ, ਡਾ. ਸੁਰਜੀਤ ਸਿੰਘ, ਦਰਸ਼ਨ ਬੁੱਟਰ, ਡਾ. ਅਨੂਪ ਸਿੰਘ, ਡਾ. ਕਰਮਜੀਤ ਸਿੰਘ, ਡਾ. ਸੁਖਵਿੰਦਰ ਸਿੰਘ ਸੰਘਾ, ਦੀਪਕ ਬਾਲੀ, ਸੁਸ਼ੀਲ ਦੁਸਾਂਝ, ਪਵਨ ਹਰਚੰਦਪੁਰੀ ਤੇ ਸੁਖਰਾਜ ਸਰਕਾਰੀਆ ਨੇ 10 ਫ਼ਰਵਰੀ 2018 ਦੀ ਕਨਵੈਨਸ਼ਨ ਨੂੰ ਸਫਲ ਕਰਨ ਦਾ ਸੱਦਾ ਦਿੱਤਾ।

Leave a Reply