ਪਸ਼ੂਧਨ ਖੇਤਰ ਨੂੰ ਵੱਡੀ ਪੱਧਰ ’ਤੇ ਵਿਕਸਿਤ ਕੀਤਾ ਜਾਵੇਗਾ : ਕੈਪਟਨ ਅਮਰਿੰਦਰ ਸਿੰਘ

Punjab
By Admin

  • ਕਿਸਾਨਾਂ ਨੂੰ ਆਮਦਨ ਵਧਾਉਣ ਲਈ ਰਵਾਇਤੀ ਖੇਤੀ ਨਾਲੋਂ ਸਹਾਇਕ ਧੰਦੇ ਅਪਨਾਉਣ ਦਾ ਸੱਦਾ
  • ਇੰਗਲੈਂਡ, ਅਮਰੀਕਾ, ਬੁਲਗਾਰੀਆ ਅਤੇ ਪੋਲੈਂਡ ਦੇ ਮਾਹਰਾਂ ਨੇ ਪਸ਼ੂ ਪਾਲਕਾਂ ਨਾਲ ਤਜਰਬੇ ਸਾਂਝੇ ਕੀਤੇ
  • ਮੁੱਖ ਮੰਤਰੀ ਵਲੋਂ ਤਕਨੀਕੀ ਜਾਣਕਾਰੀਆਂ ਦੇ ਆਪਸੀ ਅਦਾਨ-ਪ੍ਰਦਾਨ ਲਈ ਵਿਦੇਸ਼ੀ ਵਫ਼ਦਾਂ ਨੂੰ ਪੂਰਨ ਸਹਿਯੋਗ ਦਾ ਭਰੋਸਾ
  • 10ਵੀਂ ਕੌਮੀ ਪਸ਼ੂਧਨ ਚੈਂਪੀਅਨਸ਼ਿਪ ਅਤੇ ਐਕਸਪੋ-2017 ਦਾ ਉਦਘਾਟਨ

ਜਾਹਲਾਂ (ਪਟਿਆਲਾ), 1 ਦਸੰਬਰ :

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਵਾਇਤੀ ਖੇਤੀ ਤੋਂ ਘੱਟ ਮੁਨਾਫ਼ਾ ਹੋਣ ਕਾਰਨ ਪਸ਼ੂਧਨ ਖੇਤਰ ਦਾ ਵੱਡੇ ਪੱਧਰ ’ਤੇ ਵਿਕਾਸ ਕਰਨ ਉਪਰ ਜੋਰ ਦਿਤਾ ਹੈ। ਮੁੱਖ ਮੰਤਰੀ ਅੱਜ ਇਥੇ ਪੰਜਾਬ ਸਰਕਾਰ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ਵੱਲੋਂ ਫੈਡਰੇਸ਼ਨ ਆਫ਼ ਇੰਡੀਅਨ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ (ਫਿੱਕੀ) ਦੇ ਸਹਿਯੋਗ ਨਾਲ ਕਰਵਾਈ ਗਈ 10ਵੀਂ ਕੌਮੀ ਪਸ਼ੂਧਨ ਚੈਂਪੀਅਨਸ਼ਿਪ ਅਤੇ ਐਕਸਪੋ-2017 ਦੇ ਉਦਘਾਟਨ ਮੌਕੇ ਇਕ ਵੱਡੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ।

        ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਵੇਲੇ ਸੂਬੇ ਵਿਚ ਖੇਤੀਬਾੜੀ ਦੀ ਵਿਕਾਸ ਦਰ ਪੂਰੀ ਚਰਮ ਸੀਮਾ ’ਤੇ ਪੁੱਜ ਗਈ ਹੈ, ਜਿਸ ਨੂੰ ਹੋਰ ਵਧਾਉਣ ਲਈ ਕਿਸਾਨਾਂ ਨੂੰ ਡੇਅਰੀ, ਸੂਰ, ਬੱਕਰੀ, ਮਧੂ ਮੱਖੀ, ਪੋਲਟਰੀ, ਮੱਛੀ ਪਾਲਣ ਆਦਿ ਸਹਾਇਕ ਧੰਦਿਆਂ ਪ੍ਰਤੀ ਉਤਸ਼ਾਹਤ ਕੀਤਾ ਜਾਣਾ ਬੇਹੱਦ ਜਰੂਰੀ ਹੈ। ਮੁੱਖ ਮੰਤਰੀ ਨੇ ਮਿਹਨਤੀ ਪੰਜਾਬੀ ਕਿਸਾਨਾਂ ਦੀ ਪ੍ਰਸੰਸ਼ਾ ਕਰਦਿਆਂ ਕਿਹਾ ਕਿ ਸੂਬੇ ਦੇ ਕਿਸਾਨਾਂ ਨੇ ਇਸ ਖਰੀਫ਼ ਸੀਜਨ ਦੌਰਾਨ ਝੋਨੇ ਦੀ 190 ਲੱਖ ਮੀਟਿਰਕ ਟਨ ਰੀਕਾਰਡ ਪੈਦਾਵਾਰ ਕੀਤੀ ਹੈ। ਇਸਦੇ ਨਾਲ ਹੀ ਉਨਾਂ ਨੇ ਪਸ਼ੂਪਾਲਕਾਂ ਵੱਲੋਂ 120 ਲੱਖ ਟਨ ਦੁੱਧ ਦੀ ਪੈਦਾਵਾਰ ਕਰਨ ਲਈ ਵੀ ਉਨਾਂ ਨੂੰ ਵਧਾਈ ਦਿੱਤੀ। ਉਨਾਂ ਕਿਹਾ ਕਿ ਉਨਾਂ ਦੀ ਸਰਕਾਰ ਵਲੋਂ ਕਿਸਾਨਾਂ ਨੂੰ ਰਵਾਇਤੀ ਕਣਕ ਅਤੇ ਝੋਨੇ ਦੇ ਚੱਕਰ ਵਿਚੋਂ ਕੱਢਣ ਅਤੇ ਇਨਾਂ ਦੀ ਆਮਦਨ ਵਧਾਉਣ ਲਈ ਸਹਾਇਕ ਧੰਦੇ ਅਪਣਾਉਣ ਲਈ ਕਈ ਤਰਾਂ ਦੇ ਨਵੇਂ ਢੰਗ ਤਰੀਕਿਆਂ ਨਾਲ ਉਤਸ਼ਾਹਤ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਸੇਮ ਮਾਰੇ ਖੇਤਰ ਮਾਲਵਾ ਦੇ 2500 ਏਕੜ ਰਕਬੇ ਵਿਚ ਝੀਂਗਾ ਮੱਛੀ ਪਾਲਣ ਦੇ ਧੰਦੇ ਨੂੰ ਉਤਸ਼ਾਹਤ ਕਰਨਾਂ ਵੀ ਇਸ ਦੀ ਇਕ ਮਿਸਾਲ ਹੈ।

        ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੇ ਆਪਣੇ ਪਿਛਲੇ ਕਾਰਜਕਾਲ ਦੌਰਾਨ 2006 ’ਚ ਪਸ਼ੂਧਨ ਖੇਤਰ ਨੂੰ ਹੁਲਾਰਾ ਦੇਣ ਲਈ ਇਤਿਹਾਸਕ ਕਸਬੇ ਸ੍ਰੀ ਚਮਕੌਰ ਸਾਹਿਬ ਤੋਂ ਪਸ਼ੂਧਨ ਮੇਲਿਆਂ ਦਾ ਆਗਾਜ਼ ਕੀਤਾ ਸੀ। ਉਨਾਂ ਇਹ ਵੀ ਕਿਹਾ ਕਿ ਸਾਲ 2006 ਵਿਚ ਹੀ ਵੈਟਰਨਰੀ ਸਾਇੰਸ ਅਤੇ ਡੇਅਰੀ ਵਿਕਾਸ ਦੇ ਖੇਤਰ ’ਚ ਖੋਜ ਨੂੰ ਹੁਲਾਰਾ ਦੇਣ ਲਈ ਲੁਧਿਆਣਾ ਵਿਖੇ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਦੀ ਸਥਾਪਨਾ ਵੀ ਉਨਾਂ ਨੇ ਹੀ ਕੀਤੀ ਸੀ। ਉਨਾਂ ਕਿਹਾ ਕਿ ਪੰਜਾਬ ਵਿਚ ਦੁੱਧ ਦੀ ਰੀਕਾਰਡ ਪੈਦਾਵਾਰ ਇਸੇ ਯੂਨੀਵਰਸਿਟੀ ਦੀ ਦੇਣ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਇਸ ਚੈਂਪੀਅਨਸ਼ਿਪ ਦਾ ਉਦਘਾਟਨ ਕਰਨ ਲਈ ਝੰਡਾ ਵੀ ਲਹਿਰਾਇਆ।

        ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੀ ਆਰਥਿਕ ਦਸ਼ਾ ਮਜ਼ਬੂਤ ਕਰਨ ਲਈ ਸੂਬੇ ਅੰਦਰ ਫ਼ਸਲੀ ਵਿਭਿੰਨਤਾ ਤਹਿਤ ਬਾਗਬਾਨੀ ਨੂੰ ਉਤਸ਼ਾਹਤ ਕਰਨ ’ਤੇ ਵੀ ਜੋਰ ਦਿਤਾ। ਕੈਪਟਨ ਨੇ ਉਮੀਦ ਪ੍ਰਗਟਾਈ ਕਿ ਪਸ਼ੂਪਾਲਣ ਵਿਭਾਗ ਵਲੋਂ ਕਰਵਾਈ ਜਾ ਰਹੀ ਇਹ ਚੈਂਪੀਅਨਸ਼ਿਪ ਸੂਬੇ ’ਚ ਡੇਅਰੀ ਫਾਰਮਿੰਗ ਨੂੰ ਹੁਲਾਰਾ ਕਰਨ ਲਈ ਇਕ ਵੱਖਰਾ ਮੰਚ ਪ੍ਰਦਾਨ ਕਰਨ ਲਈ ਵੱਡਾ ਯੋਗਦਾਨ ਪਾਵੇਗੀ।

ਇਸ ਉਪਰੰਤ ਤਕਨੀਕੀ ਸੈਸ਼ਨ ਵਿੱਚ ਇੰਗਲੈਂਡ, ਅਮਰੀਕਾ, ਪੋਲੈਂਡ ਅਤੇ ਬੁਲਗਾਰੀਆ ਤੋਂ ਆਏ ਵਿਦੇਸ਼ੀ ਨੁਮਾਇੰਦਿਆਂ ਨਾਲ ਵਿਚਾਰ ਵਟਾਂਦਰੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਉਨਾਂ ਨੂੰ ਤਕਨੀਕੀ ਸਹਾਇਤਾ, ਮੁਹਾਰਤ ਅਤੇ ਹੁਨਰ ਦੇ ਅਦਾਨ-ਪ੍ਰਦਾਨ ਤੋਂ ਇਲਾਵਾ ਵਿਦੇਸ਼ੀ ਵੀਰਜ ਅਤੇ ਉਚ ਗੁਣਵੱਤਾ ਦੇ ਜਰਮਪਲਾਜ਼ਮ ਦੀ ਦਰਾਮਦ ਦੀ ਸੁਵਿਧਾ ਪ੍ਰਦਾਨ ਕਰਨ ਲਈ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਉਨਾਂ ਕਿਹਾ ਕਿ ਪੰਜਾਬ ਵਿੱਚ ਦੇਸ਼ ਦੀ ਕੁਲ ਦੁਧਾਰੂ ਪਸ਼ੂ ਆਬਾਦੀ ਦਾ ਸਿਰਫ਼ 2 ਫ਼ੀਸਦੀ ਹਿੱਸਾ ਹੈ ਭਰ ਪੰਜਾਬ ਦੇਸ਼ ਦੇ ਕੌਮੀ ਦੁੱਧ ਪੂਲ ਵਿੱਚ 7 ਫ਼ੀਸਦੀ ਹਿੱਸਾ ਪਾ ਰਿਹਾ ਹੈ। ਉਨਾਂ ਕਿਹਾ ਕਿ 70 ਫ਼ੀਸਦੀ ਕਿਸਾਨਾਂ ਕੋਲ 5 ਏਕੜ ਤੋਂ ਘੱਟ ਜ਼ਮੀਨ ਹੈ ਅਤੇ ਅਜਿਹੀ ਸਥਿਤੀ ਵਿੱਚ ਸਹਾਇਕ ਧੰਦਿਆਂ ਦਾ ਵਿਕਾਸ ਹੀ ਕਿਸਾਨੀ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਨ ਅਤੇ ਖ਼ੁਸ਼ਹਾਲ ਬਣਾਉਣ ਲਈ ਇਕਮਾਤਰ ਜਵਾਬ ਹੈ।

ਅੱਜ ਦੇ ਵਿਚਾਰ ਵਟਾਂਦਰਾ ਸੈਸ਼ਨ ਵਿੱਚ ਹਿੱਸਾ ਲੈਣ ਵਾਲੇ ਵਿਦੇਸ਼ੀ ਨੁਮਾਇੰਦਿਆਂ ਵਿੱਚ ਗਾਏ ਕਿੱਡੀ, ਸਟੀਵ ਚੈਂਪਨ, ਕਿ੍ਰਸ ਜੈਕਸਨ, ਮੈਲਕਮ ਵੀ.ਐਲ. ਪੀਅਰਸ, ਜੀਨ ਪੀਅਰੇ ਗਾਰਨੀਅਰ, ਜੇਨ ਮੈਥਿਊਜ਼, ਜੌਨ ਐਲਗ਼ਜ਼ੈਂਡਰ, ਬ੍ਰਾਇਨ ਕੈਲੀ, ਸੁਦਰਸ਼ਨ ਗਿਰਦਰ, ਡਾ. ਸੇਂਥੀਲਾਰਸੁਰਾ ਸੁੰਦਰਮ, ਇਮੌਨ ਸਟਾਂਟਨ, ਅਰਵਿੰਦਰ ਗੌਤਮ ਅਤੇ ਦੀਪਾਂਕਰ ਚਕਰਬੌਰਤੀ ਸ਼ਾਮਲ ਹਨ।

ਇਸ ਤੋਂ ਪਹਿਲਾਂ ਇੰਗਲੈਂਡ ਦੇ ਡਿਪਟੀ ਹਾਈ ਕਮਿਸ਼ਨਰ ਸ੍ਰੀ ਐਂਡਰਿਊ ਆਇਰ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਇੰਗਲੈਂਡ ਅਤੇ ਪੰਜਾਬ ਸੂਬੇ ਵਿੱਚ ਵਿਸ਼ਵ ਪੱਧਰੀ ਸੂਰ ਪਾਲਣ ਖੇਤਰ ਵਿਕਸਿਤ ਕਰਨ ਲਈ ਇਕਜੁਟ ਹੋ ਕੇ ਕੰਮ ਕਰ ਸਕਦੇ ਹਨ। ਇਹ ਉਦਮ ਪੰਜਾਬ ਦੇ ਕਿਸਾਨਾਂ ਦੀ ਨਾ ਸਿਰਫ਼ ਵਧਦੀ ਘਰੇਲੂ ਮੰਗ ਨੂੰ ਪੂਰਾ ਕਰਨ ਵਿੱਚ ਮਦਦ ਕਰੇਗਾ, ਸਗੋਂ ਉਹ ਬਰਾਮਦ ਬਾਜ਼ਾਰ ਵਿੱਚ ਵੀ ਆਪਣਾ ਮਾਲ ਵੇਚ ਸਕਣਗੇ ਅਤੇ ਖ਼ਾਸਕਰ ਗੁਆਂਢੀ ਮੁਲਕ ਚੀਨ, ਜੋ ਸੂਰ ਦੇ ਮੀਟ ਦਾ ਵਿਸ਼ਵ ਦਾ ਸਭ ਤੋਂ ਵੱਡਾ ਖਪਤਕਾਰ ਹੈ, ਵਿੱਚ ਮਾਲ ਬਰਾਮਦ ਕਰ ਸਕਦੇ ਹਨ। ਉਨਾਂ ਕਿਹਾ ਕਿ ਇੰਗਲੈਂਡ ਦੁਨੀਆਂ ਵਿੱਚ ਨਾ ਸਿਰਫ਼ ਪਸ਼ੂ ਵਿਗਿਆਨ ਲਈ ਪ੍ਰਸਿੱਧ ਹੈ, ਸਗੋਂ ਪੇਸ਼ੇਵਾਰਾਨਾ ਭਾਈਵਾਲਾਂ ਨਾਲ ਨਵੇਂ ਉਤਪਾਦਾਂ ਲਿਆਉਣ ਅਤੇ ਬਾਜ਼ਾਰੀ ਹੱਲ ਦੇ ਵਿਕਾਸ ਵਿੱਚ ਆਪਣੀ ਯੋਗਤਾ ਸਿੱਧ ਕਰ ਚੁੱਕਾ ਹੈ।.

ਇਸ ਦੌਰਾਨ ਪਸ਼ੂ ਪਾਲਣ ਵਿਭਾਗ ਦੇ ਵਧੀਕ ਪ੍ਰਮੁੱਖ ਸਕੱਤਰ ਮਨਦੀਪ ਸਿੰਘ ਸੰਧੂ ਨੇ ਅਪਣੇ ਸਵਾਗਤੀ ਭਾਸ਼ਣ ’ਚ ਦਸਿਆ ਕਿ ਇਸ ਮੇਲੇ ’ਚ ਪੰਜਾਬ ਸਮੇਤ ਹਰਿਆਣਾ, ਹਿਮਾਚਲ , ਉਤਰਪ੍ਰਦੇਸ਼, ਜੰਮੂ ਕਸ਼ਮੀਰ, ਰਾਜਸਥਾਨ, ਦਿੱਲੀ, ਅਸਾਮ, ਮੱਧ ਪ੍ਰਦੇਸ਼ ਅਤੇ ਉਤਰ ਪ੍ਰਦੇਸ਼ ਦੇ ਪਸ਼ੂ ਪਾਲਕ ਹਿੱਸਾ ਲੈ ਰਹੇ ਹਨ। ਉਨਾਂ ਦਸਿਆ ਕਿ ਇਸ ਮੇਲੇ ਦੌਰਾਨ ਘੋੜਿਆਂ, ਮੱਝਾਂ, ਗਾਵਾਂ, ਭੇਡਾਂ, ਬੱਕਰੀਆਂ, ਸੂਰਾਂ, ਕੁੱਤਿਆਂ, ਮੁਰਗੀਆਂ ਆਦਿ ਦੇ 92 ਸ਼ੇ੍ਰਣੀਆਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ ਤੇ ਜੇਤੂ ਪਸ਼ੂ ਪਾਲਕਾਂ ਨੂੰ ਸਵਾ ਕਰੋੜ ਰੁਪਏ ਦੇ ਕਰੀਬ ਇਨਾਮੀ ਰਾਸ਼ੀ ਵੰਡੀ ਜਾਵੇਗੀ।

ਚੈਂਪੀਅਨਸ਼ਿਪ ਮੌਕੇ ਫਿੱਕੀ ਵਲੋਂ ਪਸ਼ੂਪਾਲਣ, ਡੇਅਰੀ ਵਿਕਾਸ, ਮੱਛੀ ਪਾਲਣ ਤੇ ਖੇਤੀਬਾੜੀ ਨਾਲ ਸਬੰਧਤ 200 ਤੋਂ ਵੱਧ ਕੰਪਨੀਆਂ ਵਲੋਂ ਲਗਾਈ ਗਈ ਪ੍ਰਦਰਸ਼ਨੀ ਪਸ਼ੂਪਾਲਕਾਂ ਦੇ ਖਿਚ ਦਾ ਕੇਂਦਰ ਰਹੀ। ਇਸ ਮੌਕੇ ਵੱਖ ਵੱਖ ਸੈਮੀਨਾਰਾਂ ਦੌਰਾਨ ਪਸ਼ੂਪਾਲਣ, ਡੇਅਰੀ ਫਾਰਮਿੰਗ, ਸੂਰ ਤੇ ਮੱਛੀ ਪਾਲਣ ਸਮੇਤ ਪਸ਼ੂਆਂ ਦੀਆਂ ਦੇਸੀ ਨਸਲਾਂ, ਦੁੱਧ ਅਤੇ ਮੀਟ ਤੋਂ ਬਨਣ ਵਾਲੇ ਖਾਦ ਪਦਾਰਥਾਂ ਦੀ ਪ੍ਰੋਸੈਸਿੰਗ ਬਾਰੇ ਵਿਸਥਾਰ ਵਿਚ ਵਿਚਾਰ ਚਰਚਾ ਕੀਤੀ ਗਈ।

ਇਸ ਮੌਕੇ ਪਸ਼ੂ ਪਾਲਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਮਨਦੀਪ ਸਿੰਘ ਸੰਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ। ਮੁੱਖ ਮੰਤਰੀ ਨੇ ਇੰਗਲੈਂਡ ਦੇ ਡਿਪਟੀ ਹਾਈ ਕਮਿਸ਼ਨਰ ਐਂਡਰੀਓ ਆਇਰੀ, ਕੈਬਨਿਟ ਮੰਤਰੀ ਸ. ਸਾਧੂ ਸਿੰਘ ਧਰਮਸੋਤ, ਵਿਧਾਇਕ ਸਮਾਣਾ ਸ. ਰਜਿੰਦਰ ਸਿੰਘ, ਵਿਧਾਇਕ ਸ਼ੁਤਰਾਣਾ ਸ. ਨਿਰਮਲ ਸਿੰਘ ਤੇ ਵਿਧਾਇਕ ਘਨੌਰ ਸ੍ਰੀ ਮਦਨ ਲਾਲ ਜਲਾਲਪੁਰ ਨੂੰ ਵੀ ਸਨਮਾਨਤ ਕੀਤਾ।

ਇਸ ਮੌਕੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਓ.ਐਸ.ਡੀ. ਅੰਮਿ੍ਰਤਪ੍ਰਤਾਪ ਸਿੰਘ ਹਨੀ ਸੇਂਖੋਂ, ਪਸ਼ੂ ਪਾਲਣ ਵਿਭਾਗ ਦੇ ਸਲਾਹਕਾਰ ਡਾ. ਪੀ. ਕੇ. ਉੱਪਲ, ਕਮਿਸ਼ਨਰ ਪਟਿਆਲਾ ਡਵੀਜਨ ਸ੍ਰੀ ਵੀ.ਕੇ. ਮੀਨਾ, ਆਈ.ਜੀ. ਪਟਿਆਲਾ ਜੋਨ ਸ. ਏ.ਐਸ. ਰਾਏ, ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਡੀ.ਆਈ.ਜੀ. ਪਟਿਆਲਾ ਰੇਂਜ ਡਾ. ਸੁਖਚੈਨ ਸਿੰਘ ਗਿੱਲ, ਐਸ.ਐਸ.ਪੀ. ਡਾ. ਐਸ. ਭੂਪਤੀ, ਜ਼ਿਲਾ ਪ੍ਰੀਸ਼ਦ ਦੀ ਸਾਬਕਾ ਚੇਅਰਪਰਸਨ ਗੁਰਸ਼ਰਨ ਕੌਰ ਰੰਧਾਵਾ, ਡਾਇਰੈਕਟਰ ਪਸ਼ੂ ਪਾਲਣ ਡਾ. ਅਮਰਜੀਤ ਸਿੰਘ, ਡਾਇਰੈਕਟਰ ਡੇਅਰੀ ਵਿਕਾਸ ਸ. ਇੰਦਰਜੀਤ ਸਿੰਘ, ਡਾਇਰੈਕਟਰ ਮੱਛੀ ਪਾਲਣ ਡਾ. ਮਦਨ ਮੋਹਨ, ਫਿੱਕੀ ਦੇ ਕੋਆਰਡੀਨੇਟਰ ਸ੍ਰੀ ਜੀ.ਬੀ. ਸਿੰਘ, ਸਹਾਇਕ ਡਾਇਰੈਕਟਰ ਪਸ਼ੂ ਪਾਲਣ ਗੁਰਿੰਦਰ ਸਿੰਘ ਵਾਲੀਆ, ਜੁਆਇੰਟ ਡਾਇਰੈਕਟਰ ਡਾ. ਅਮਰਜੀਤ ਸਿੰਘ ਮੁਲਤਾਨੀ, ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀਮਤੀ ਪੂਨਮਦੀਪ ਕੌਰ, ਐਸ.ਡੀ.ਐਮ. ਸ. ਅਨਮੋਲ ਸਿੰਘ ਧਾਲੀਵਾਲ, ਡਾ. ਐਚ.ਐਮ ਵਾਲੀਆ ਅਤੇ ਯੂ.ਕੇ., ਇੰਗਲੈਂਡ, ਅਮਰੀਕਾ, ਪੋਲੈਂਡ ਅਤੇ ਬੁਲਗਾਰੀਆ ਦੇ ਤਕਨੀਕੀ ਮਾਹਰ ਵੱਡੀ ਗਿਣਤੀ ਵਿਚ ਪੰਜਾਬ ਸਮੇਤ ਕਰੀਬ 12 ਸੂਬਿਆਂ ਤੋਂ ਪਸ਼ੂ ਪਾਲਕ, ਅਤੇ ਕਿਸਾਨ ਪੁੱਜੇ ਹੋਏ ਸਨ।

Leave a Reply