# ਨੀਲੇ ਕਾਰਡਾਂ ਉਤੇ ਅਕਾਲੀ ਆਗੂ ਵੱਲੋਂ ਆਪਣੀ ਮੋਹਰ ਅਤੇ ਹਸਤਾਖਰ ਕਰਕੇ ਲੋਕਾਂ ਵਿੱਚ ਵੰਡਣ ਦਾ ਆਮ ਆਦਮੀ ਪਾਰਟੀ ਨੇ ਲਿਆ ਸਖਤ ਨੋਟਿਸ

Punjab
By Admin

ਨਿਯਮਾਂ-ਕਾਨੂੰਨਾਂ ਨੂੰ ਛਿੱਕੇ ਟੰਗ ਕੇ ਅਕਾਲੀਆਂ ਵੱਲੋਂ ਅਸਲ ਲੋੜਵੰਦਾਂ ਨੂੰ ਰੱਖਿਆ ਜਾ ਰਿਹਾ ਹੈ ਹੱਕ ਤੋਂ ਵਾਂਝਾ – ਵੜੈਚ

ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਤੇ ਆਟਾ-ਦਾਲ ਸਕੀਮ ਨੂੰ ਹੋਰ ਕਾਰਗਰ ਬਣਾਇਆ ਜਾਵੇਗਾ

ਚੰਡੀਗੜ੍ਹ, 5 ਨਵੰਬਰ, 2017

ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਹੈ ਕਿ ਅਗਾਮੀ ਵਿਧਾਨ ਸਭਾ ਚੋਣਾਂ ਆਪਣੀ ਹਾਰ ਨੂੰ ਵੇਖ ਕੇ ਅਕਾਲੀਆਂ ਵੱਲੋਂ ਹਰ ਹੀਲਾ-ਵਸੀਲਾ ਵਰਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੀਡੀਆ ਦੀਆਂ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਉਨਾਂ ਕਿਹਾ ਕਿ ਬਟਾਲਾ ਵਿਖੇ ਇੱਕ ਅਕਾਲੀ ਆਗੂ ਨੇ ਨੀਲੇ ਕਾਰਡਾਂ ਉਤੇ ਆਪਣੀ ਮੋਹਰ ਅਤੇ ਹਸਤਾਖਰ ਕਰਕੇ ਜਨਤਾ ਵਿੱਚ ਵੰਡੇ ਹਨ, ਜੋ ਕਿ ਨਿਯਮਾਂ ਦੇ ਬਿਲਕੁਲ ਖਿਲਾਫ ਹੈ। ਉਨਾਂ ਕਿਹਾ ਕਿ ਅਕਾਲੀ ਆਗੂਆਂ ਵੱਲੋਂ ਅਜਿਹਾ ਸਿਰਫ ਲੋਕਾਂ ਨੂੰ ਭਰਮਾਉਣ ਲਈ ਕੀਤਾ ਜਾ ਰਿਹਾ ਹੈ, ਜਦਕਿ ਲੋਕ ਅਕਾਲੀਆਂ ਦੇ ਇਨਾਂ ਪੈਂਤੜਿਆਂ ਨੂੰ ਚੰਗੀ ਤਰਾਂ ਜਾਣ ਗਏ ਹਨ।

ਪੰਜਾਬ ਕਨਵੀਨਰ ਨੇ ਕਿਹਾ ਕਿ ਸੱਤਾ ਨੂੰ ਹੱਥ ਵਿੱਚੋਂ ਜਾਂਦਾ ਵੇਖ ਕੇ ਅਕਾਲੀਆਂ ਨੇ ਨਿਯਮਾਂ-ਕਾਨੂੰਨਾਂ ਨੂੰ ਛਿੱਕੇ ਟੰਗ ਕੇ ਹਰ ਕਿਸੇ ਦੇ ਨੀਲੇ ਕਾਰਡ ਬਣਾਉਣੇ ਸ਼ੁਰੂ ਕਰ ਦਿੱਤੇ ਹਨ, ਜਦਕਿ ਅਸਲ ਲੋੜਵੰਦਾਂ ਨੂੰ ਉਨਾਂ ਦਾ ਹੱਕ ਨਹੀਂ ਮਿਲ ਰਿਹਾ। ਵੜੈਚ ਨੇ ਕਿਹਾ ਕਿ ਲੋੜਵੰਦ ਲੋਕਾਂ ਨੂੰ ਇਹ ਕਾਰਡ ਬਣਵਾਉਣ ਲਈ ਧੱਕੇ ਖਾਣੇ ਪੈ ਰਹੇ ਹਨ, ਪਰ ਫਿਰ ਵੀ ਉਨਾਂ ਦੇ ਕਾਰਡ ਨਹੀਂ ਬਣ ਰਹੇ, ਜਿਸ ਕਾਰਨ ਲੋਕਾਂ ਦਾ ਇਸ ਅਕਾਲੀ-ਭਾਜਪਾ ਸਰਕਾਰ ਤੋਂ ਮੋਹ ਭੰਗ ਹੋ ਚੁੱਕਿਆ ਹੈ।

ਵੜੈਚ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਤੇ ਆਟਾ ਦਾਲ ਸਕੀਮ ਨੂੰ ਹੋਰ ਕਾਰਗਰ ਬਣਾਉਂਦਿਆਂ ਪੰਜ ਲੱਖ ਯੋਗ ਵਿਅਕਤੀਆਂ ਦੇ ਕਾਰਡ ਬਣਾ ਕੇ ਉਨਾਂ ਨੂੰ ਆਟਾ-ਦਾਲ ਸਕੀਮ ਅਧੀਨ ਲਿਆਂਦਾ ਜਾਵੇਗਾ।  ਉਨਾਂ ਕਿਹਾ ਕਿ ਲੋੜਵੰਦਾਂ ਲਈ ਅਜਿਹੇ ਕਾਰਡ ਬਣਾਉਣ ਦੀ ਪ੍ਰਕਿਰਿਆ ਨੂੰ ਪੂਰੀ ਤਰਾਂ ਪਾਰਦਰਸ਼ੀ ਰੱਖਿਆ ਜਾਵੇਗਾ ਅਤੇ ਕਿਸੇ ਕਿਸਮ ਦੀ ਧਾਂਦਲੀ ਨਹੀਂ ਹੋਣ ਦਿੱਤੀ ਜਾਵੇਗੀ।  ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਤੇ ਧਾਂਦਲੀਆਂ ਦੀ ਜਾਂਚ ਕੀਤੀ ਜਾਵੇਗੀ ਅਤੇ ਲੋੜਵੰਦਾਂ ਦੇ ਕਾਰਡ ਨਾ ਬਣਨ ਲਈ ਜਿਹੜੇ ਵੀ ਅਧਿਕਾਰੀ ਦੋਸ਼ੀ ਪਾਏ ਗਏ, ਉਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਵੜੈਚ ਨੇ ਕਿਹਾ ਕਿ ਅਜਿਹੇ ਮਾਮਲਿਆਂ ਨੂੰ ਪਾਰਟੀ ਵੱਲੋਂ ਚੋਣ ਕਮਿਸ਼ਨ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ, ਤਾਂ ਜੋ ਅਕਾਲੀਆਂ ਦੀਆਂ ਮਨਮਾਨੀਆਂ ਅਤੇ ਧੱਕੇਸ਼ਾਹੀਆਂ ਨੂੰ ਰੋਕਿਆ ਜਾ ਸਕੇ।

Leave a Reply