# ਨਵਜੋਤ ਸਿੱਧੂ ਵੀ ਕਾਂਗਰਸ ਦੇ ਡੁਬਦੇ ਬੇੜੇ ਨੂੰ ਨਹੀਂ ਬਚਾ ਸਕਦਾ : ਅਕਾਲੀ ਦਲ

Punjab
By Admin

ਚੰਡੀਗੜ•, 5 ਜਨਵਰੀ :

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੇ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਕਾਂਗਰਸੀ ਉਮੀਦਵਾਰ ਵਜੋਂ ਚੋਣ ਲੜਨ ਦੇ ਕੀਤੇ ਦਾਅਵੇ ਦੀ ਖਿੱਲੀ ਉਡਾਉਂਦਿਆਂ ਕਿਹਾ ਕਿ ਸਾਬਕਾ ਕ੍ਰਿਕਟਰ ਵੀ ਹੁਣ ਮੌਜੂਦਾ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਡੁਬਦੇ ਬੇੜੇ ਨੂੰ ਨਹੀਂ ਬਚਾ ਸਕਦੇ।
ਇਥੇ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਬੁਲਾਰੇ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ  ਦੇ ਸਲਾਹਕਾਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਲੋਕ ਕਾਂਗਰਸ ਦੀ ਰੋਜ਼ਾਨਾ ਆਧਾਰ ‘ਤੇ ਹੋ ਰਹੀ ਸਰਕਸ ਵੇਖ ਕੇ ਹੈਰਾਨ ਹਨ ਕਿਉਂਕਿ ਹੁਣ ਕਾਂਗਰਸ ਪਾਰਟੀ ਨੇ ਸੂਬੇ ਵਿਚ ਆਪਣੀ ਕਾਰਗੁਜ਼ਾਰੀ   ‘ਚ ਸੁਧਾਰ ਲਈ ਸਾਬਕਾ ਕ੍ਰਿਕਟਰ ਦੇ ਹਾੜੇ ਕੱਢਣੇ ਸ਼ੁਰੂ ਕਰ ਦਿੱਤੇ ਹਨ । ਉਹਨਾਂ ਕਿਹਾ ਕਿ ਲੰਬਾ ਸਮਾਂ ਬੀਤਣ ‘ਤੇ ਵੀ ਸਿੱਧੂ ਜੋੜਾ ਰਾਜਸੀ ਪਿੜ ਲਈ ਆਪਣੀ ਭਵਿੱਖੀ ਯੋਜਨਾ ਦਾ ਫੈਸਲਾ ਨਹੀਂ ਕਰ ਸਕਿਆ। ਉਹਨਾਂ ਕਿਹਾ ਕਿ ਹੁਣ ਖਤਮ ਹੋ ਚੁੱਕੀ ਆਵਾਜ਼ ਏ ਪੰਜਾਬ  ਦੇ ਬਾਕੀ ਸਾਥੀ ਜਦੋਂ ਇਹਨਾਂ ਨੂੰ ਛੱਡ ਕੇ ਭੱਜ ਗਏ ਤਾਂ ਇਹਨਾਂ ਕੋਲ ਕਾਂਗਰਸ ਵਿਚ ਸ਼ਾਮਲ ਹੋਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ  ਰਹਿ ਗਿਆ। ਉਹਨਾਂ ਕਿਹਾ ਕਿ ਇਕ ਹਾਸੇ ਮਜ਼ਾਕ ਦੇ ਸ਼ੌਅ ਦੀ ਮੇਜ਼ਬਾਨੀ ਕਰਨਾ ਵੱਖਰੀ ਗੱਲ ਹੈ ਪਰ ਰਾਜਸੀ ਤੌਰ ‘ਤੇ ਕੰਮ ਕਰਨਾ ਜੀਵਨ ਦਾ ਇਕ ਵੱਖਰਾ ਪਹਿਲੂ ਹੈ। ਉਹਨਾਂ ਕਿਹਾ ਕਿ ਸਿੱਧੂ ਸ਼ਾਇਦ ਇਹ ਗੱਲ ਭੁੱਲ ਗਏ ਹਨ ਕਿ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਸੰਸਦੀ ਚੋਣਾਂ ਦੌਰਾਨ ਉਹਨਾਂ ਦੀ ਜਿੱਤ ਸਿਰਫ ਸ਼੍ਰੋਮਣੀ ਅਕਾਲੀ ਦਲ ਦੀ ਬਦੌਲਤ ਹੁੰਦੀ ਰਹੀ ਹੈ ਤੇ ਉਹਨਾਂ ਦੀ ਆਪਣੀ ਕੋਈ ਕ੍ਰਿਸਮਈ ਸ਼ਖਸੀਅਤ ਨਹੀਂ ਹੈ ਜਿਸਦੀ ਬਦੌਲਤ ਵੋਟਾਂ ਪੈਂਦੀਆਂ ਰਹੀਆਂ।
ਅਕਾਲੀ  ਆਗੂ ਨੇ ਕਿਹਾ ਕਿ ਜੋ ਵਿਅਕਤੀ ਆਪਣੇ ਭਵਿੱਖ ਦਾ ਫੈਸਲਾ ਨਹੀਂ ਕਰ ਸਕਦਾ ਉੁਹ ਕਿਸੇ ਵੀ ਪਾਰਟੀ ਨੂੰ ਬਚਾਉਣ ਲਈ ਯੋਗਦਾਨ ਕਿਵੇਂ ਪਾ ਸਕਦਾ ਹੈ। ਉਹਨਾ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਉਹਨਾਂ ਨੂੰ ਉਮੀਦਵਾਰ ਬਣਾਉਂਦੀ ਹੈ ਤਾਂ ਫਿਰ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੇ ਉਮੀਦਵਾਰ ਹੱਥੋਂ ਨਮੋਸ਼ੀ ਭਰੀ ਹਾਰ ਮਿਲਣੀ ਲਾਜ਼ਮੀ ਹੈ।
ਪ੍ਰਦੇਸ਼ ਕਾਂਗਰਸ ਮੁਖੀ ‘ਤੇ ਵਰ•ਦਿਆਂ ਸ੍ਰੀ ਸਿਰਸਾ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਸਾਬਕਾ ਮੁੱਖ ਮੰਤਰੀ ਸਿਆਸੀ ਤੌਰ ‘ਤੇ ਖੜ•ੇ ਹੋਣ ਵਾਸਤੇ ਫੌੜੀਆਂ ਦੀ ਤਲਾਸ਼ ਵਿਚ ਹਨ ਕਿਉਂਕਿ ਕਾਂਗਰਸ ਦੀ ਪ੍ਰਦੇਸ਼ ਇਕਾਈ ਦਾ ਪ੍ਰਧਾਨ ਬਣਨ ਤੋਂ ਲੈ ਕੇ ਅੱਜ ਤੱਕ ਉਹ ਅਕਾਲੀ ਦਲ ਤੇ ਭਾਜਪਾ ਗਠਜੋੜ ਨੂੰ ਮਾਤ ਪਾਉਣ ਲਈ ਵੱਖ ਵੱਖ ਪਾਰਟੀਆਂ ਤੇ ਆਗੂਆਂ ਨੂੰ ਉਹਨਾਂ ਨਾਲ ਆ ਰਲਣ ਦਾ ਸੱਦਾ ਦਿੰਦੇ ਆ ਰਹੇ ਹਨ। ਉਹਨਾ ਕਿਹਾ ਕਿ ਜਦੋਂ ਕਮਿਊਨਿਸਟ ਪਾਰਟੀਆਂ ਸਮੇਤ ਸਾਰੀਆਂ ਪਾਰਟੀਆਂ ਨੇ ਉਹਨਾਂ ਦੀ ਪੇਸ਼ਕਸ਼ ਠੁਕਰਾ ਦਿੱਤੀ ਤਾਂ ਉਹਨਾਂ ਨੇ ਹੁਣ ਰਾਜਸੀ ਆਗੂਆਂ ਨੂੰ ਵਿਅਕਤੀਗਤ ਤੌਰ ‘ਤੇ ਅਪੀਲ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਉਹ ਆ ਕੇ ਉਹਨਾਂ ਦਾ ਬਚਾਅ ਕਰਨ।
ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਮਨੋਬਲ ਬਹੁਤ ਡਿੱਗ ਚੁੱਕਾ ਹੈ ਜੋ ਵਾਰ ਵਾਰ ਉਹਨਾਂ ਦੀਆਂ ਅਪੀਲਾਂ ਤੇ ਕਾਰਵਾਈ ਤੋਂ ਝਲਕਦਾ ਹੈ।  ਸਾਬਕਾ ਮੁੱਖ ਮੰਤਰੀ ਨੂੰ ਚੋਣ ਪ੍ਰਚਾਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਹਾਰ ਕਬੂਲਣ ਦਾ ਸੱਦਾ ਦਿੰਦਿਆਂ ਸ੍ਰੀ ਸਿਰਸਾ ਨੇ ਕਿਹਾ ਕਿ ਅਕਾਲੀ ਦਲ ਤੇ ਭਾਜਪਾ ਗਠਜੋੜ ਲਗਾਤਾਰ ਤੀਜੀ ਵਾਰ ਜਿੱਤ ਦਰਜ ਕਰੇਗਾ ਕਿਉਂਕਿ ਲੋਕ ਅਣਕਿਆਸੀਆਂ ਵਿਕਾਸ ਗਤੀਵਿਧੀਆਂ ਜਾਰੀ ਰੱਖਣ ਵਾਸਤੇ ਗਠਜੋੜ ਦੇ ਹੱਕ ਵਿਚ ਫਤਵਾ ਦੇਣ ਲਈ ਉਤਾਵਲੇ ਹਨ।

Leave a Reply