# ਗੈਰ ਜ਼ਰੂਰੀ ਖਰਚਾ ਨਹੀਂ ਕੀਤਾ ਜਾਣਾ ਚਾਹੀਦੈ: ਕੈਪਟਨ ਅਮਰਿੰਦਰ

Punjab
By Admin

ਸਧਾਰਨ ਸਹੁੰ ਚੁੱਕ ਸਮਾਰੋਹ ਦੇ ਅਯੋਜਨ ਦਾ ਲਿਆ ਫੈਸਲਾ
ਚੰਡੀਗੜ੍ਹ, 14 ਮਾਰਚ: ਪੰਜਾਬ ਦੇ ਅਗਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਨੂੰ ਪੇਸ਼ ਆ ਰਹੀਆਂ ਵਿੱਤੀ ਪ੍ਰੇਸ਼ਾਨੀਆਂ ਦੇ ਮੱਦੇਨਜ਼ਰ ਸਖ਼ਤ ਕਦਮ ਚੁੱਕਦਿਆਂ, ਇਕ ਸਧਾਰਨ ਸਹੁੰ ਚੁੱਕ ਸਮਾਰੋਹ ਦੇ ਅਯੋਜਨ ਦਾ ਫੈਸਲਾ ਲਿਆ ਹੈ।
ਇਸ ਲੜੀ ਹੇਠ, ਵੀਰਵਾਰ ਸਵੇਰੇ ਰਾਜ ਭਵਨ ‘ਚ ਸਹੁੰ ਚੁੱਕ ਸਮਾਰੋਹ ਦੌਰਾਨ ਕੁਝ ਵੀ ਵਿਖਾਵਾ ਨਹੀਂ ਕੀਤਾ ਜਾਵੇਗਾ, ਜਦੋਂ ਪੰਜਾਬ ਦੇ ਰਾਜਪਾਲ ਵੀ.ਪੀ ਸਿੰਘ ਬਦਨੌਰ, ਕੈਪਟਨ ਅਮਰਿੰਦਰ ਸਿੰਘ ਨੂੰ ਸੂਬੇ ਦੇ ਨਵੇਂ ਮੁੱਖ ਮੰਤਰੀ ਵਜੋਂ ਅਹੁਦੇ ਦੀ ਸਹੁੰ ਚੁੱਕਵਾਉਣਗੇ। ਕਾਂਗਰਸ ਵਿਧਾਇਕ ਦਲ ਦੇ ਲੀਡਰ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਆਪਣੀ ਕੈਬਿਨੇਟ ਦੇ ਕੁਝ ਮੈਂਬਰਾਂ ਸਮੇਤ ਸਹੁੰ ਚੁੱਕ ਕੇ ਨਵੀਂ ਸਰਕਾਰ ਦਾ ਗਠਨ ਕਰਨਗੇ।
ਕੈਪਟਨ ਅਮਰਿੰਦਰ ਨੇ ਸਪੱਸ਼ਟ ਕੀਤਾ ਹੈ ਕਿ ਸੂਬੇ ਦੇ ਵਿੱਤੀ ਹਾਲਾਤਾਂ ਦੇ ਮੱਦੇਨਜ਼ਰ, ਉਹ ਸਹੁੰ ਚੁੱਕ ਸਮਾਰੋਹ ‘ਚ ਗੈਰ ਲੋੜੀਂਦੇ ਪੈਸੇ ਖਰਚ ਨਹੀਂ ਕਰਨਾ ਚਾਹੁੰਦੇ। ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪਿਛਲੇ ਸ਼ਾਸਨ ਵੱਲੋਂ ਪੈਦਾ ਕੀਤੀ ਗਈ ਵਿੱਤੀ ਬਦਹਾਲੀ ਤੋਂ ਸੂਬੇ ਨੂੰ ਬਾਹਰ ਕੱਢਣ ਵਾਸਤੇ ਵਚਨਬੱਧ ਹੈ। ਇਸ ਦਿਸ਼ਾ ‘ਚ, ਹਰੇਕ ਛੋਟਾ ਜਿਹਾ ਕਦਮ ਕਾਫੀ ਅਹਮਿਅਤ ਰੱਖਦਾ ਹੈ, ਤਾਂ ਜੋ ਇਨ੍ਹਾਂ ਹਾਲਾਤਾਂ ‘ਚ ਹਰ ਮੁਮਕਿਨ ਰੁਪਏ ਦੀ ਬਚੱਤ ਸੁਨਿਸ਼ਚਿਤ ਕੀਤੀ ਜਾ ਸਕੇ।
ਸੂਬਾ ਕਾਂਗਰਸ ਪ੍ਰਧਾਨ ਨੇ ਸਾਰੇ ਨਵੇਂ ਚੁਣੇ ਗਏ ਵਿਧਾਇਕਾਂ ਨੂੰ ਵੀ ਪ੍ਰੋਗਰਾਮ ਨੂੰ ਸਧਾਰਨ ਰੱਖਣ ਵਾਸਤੇ, ਆਪਣੇ ਵਿਅਕਤੀਗਤ ਸੱਦਿਆਂ ਨੂੰ ਘੱਟੋਂ ਘੱਟ ਰੱਖਣ ਲਈ ਕਿਹਾ ਹੈ। ਉਨ੍ਹਾਂ ਨੇ ਵਿਧਾਇਕਾਂ ਨੂੰ ਉਨ੍ਹਾਂ ਦੇ ਸਮਰਥਕਾਂ ਵੱਲੋਂ ਵੀ ਇਸੇ ਤਰ੍ਹਾਂ ਦਾ ਸੰਯਮ ਵਰਤੇ ਜਾਣ ਲਈ ਕਿਹਾ ਹੈ, ਜਿਨ੍ਹਾਂ ਨੂੰ ਚੰਡੀਗੜ੍ਹ ਦੀਆਂ ਸੜਕਾਂ ‘ਤੇ ਜਾਮ੍ਹ ਲਗਾਉਂਦਿਆਂ ਸ਼ਹਿਰ ਦੇ ਲੋਕਾਂ ਵਾਸਤੇ ਸਮੱਸਿਆ ਨਹੀਂ ਪੈਦਾ ਕਰਨੀ ਚਾਹੀਦੀ ਹੈ। ਜਦਕਿ ਪਾਰਟੀ ਵਰਕਰਾਂ ਤੇ ਪੰਜਾਬ ਦੇ ਲੋਕਾਂ ਦਾ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਨੂੰ ਇਕ ਸਪੱਸ਼ਟ ਤੇ ਵੱਡੇ ਬਹੁਮਤ ਦਿਲਾਉਣ ਲਈ ਧੰਨਵਾਦ ਪ੍ਰਗਟਾਉਂਦਿਆਂ, ਸੂਬੇ ਦੇ ਅਗਲੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਸਰਕਾਰ ਗਠਨ ਵਾਸਤੇ ਸੰਵਿਧਾਨਿਕ ਲੋੜਾਂ ਨੂੰ ਪੂਰਾ ਕਰਨ ਤੋਂ ਤੁਰੰਤ ਬਾਅਦ ਉਨ੍ਹਾਂ ਦਾ ਧੰਨਵਾਦ ਪ੍ਰਗਟਾਉਣ ਵਾਸਤੇ ਵਿਅਕਤੀਗਤ ਤੌਰ ‘ਤੇ ਸਾਰਿਆਂ ਜ਼ਿਲ੍ਹਿਆਂ ਦਾ ਦੌਰਾ ਕਰਨਗੇ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਪੰਜਾਬ ਦੇ ਵਿਕਾਸ ਤੇ ਤਰੱਕੀ ਨੂੰ ਮੁੜ ਪੱਟੜੀ ‘ਤੇ ਲਿਆਉਣ ਲਈ ਲੋਕਾਂ ਨੂੰ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਵਰਤਮਾਨ ‘ਚ ਸੂਬਾ ਹਜ਼ਾਰਾਂ ਕਰੋੜਾਂ ਰੁਪਇਆਂ ਦੇ ਕਰਜੇ ਹੇਠ ਦੱਬਿਆ ਹੋਇਆ ਹੈ ਤੇ ਅਜਿਹੇ ‘ਚ ਸੰਕਟ ਦਾ ਹੱਲ ਕੱਢਣ ਵਾਸਤੇ ਸਾਰੇ ਸਰਕਾਰੀ ਵਿਭਾਗਾਂ ਵੱਲੋਂ ਇਕਜੁੱਟ ਹੋ ਕੇ ਵੱਖ ਤੋਂ ਕਦਮ ਚੁੱਕੇ ਜਾਣ ਦੀ ਲੋੜ ਹੈ, ਜਿਨ੍ਹਾਂ ਦਾ ਲੋਕਾਂ ਨੂੰ ਸਮਰਥਨ ਕਰਨਾ ਪਵੇਗਾ।
ਕੈਪਟਨ ਅਮਰਿੰਦਰ ਨੇ ਭਰੋਸਾ ਪ੍ਰਗਟਾਇਆ ਕਿ ਉਨ੍ਹਾਂ ਦੀ ਸਰਕਾਰ ਮੌਜ਼ੂਦਾ ਹਾਲਾਤਾਂ ਤੋਂ ਸਫਲਤਾਪੂਰਵਕ ਉਭਰਦਿਆਂ, ਸੂਬੇ ਦੇ ਆਰਥਿਕ ਵਿਕਾਸ ਨੂੰ ਮੁੜ ਤੋਂ ਖੜ੍ਹਾ ਕਰੇਗੀ ਤੇ ਉਸਨੂੰ ਉਸਦੀ ਅਸਲੀ ਹਾਲਤ ‘ਚ ਪਹੁੰਚਾਏਗੀ।

Leave a Reply