ਅਕਾਲੀ-ਭਜਪਾ ਵਫਦ ਨੇ ਰਾਜਪਾਲ ਨੂੰ ਕਿਹਾ ਕਿ ਉਹ ਕਾਂਗਰਸ ਸਰਕਾਰ ਨੂੰ ਸਾਰੇ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਦਲਿਤਾਂ ਵਾਸਤੇ ਮੁਕੰਮਲ ਕਰਜ਼ਾ ਮੁਆਫੀ ਨੂੰ ਲਾਗੂ ਕਰਨ ਦਾ ਨਿਰਦੇਸ਼ ਦੇਣ

Punjab
By Admin

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਵਿਜੈ ਸਾਂਪਲਾ ਨੇ ਰਾਜਪਾਲ ਨੂੰ ਕਿਹਾ ਕਿ ਉਹ ਕਾਂਗਰਸ ਸਰਕਾਰ ਨੂੰ ਕਹਿਣ ਕਿ ਅਕਾਲੀ-ਭਾਜਪਾ ਕਾਰਜਕਾਲ ਅਤੇ ਕਾਂਗਰਸ ਦੇ ਮੌਜੂਦਾ ਕਾਰਜਕਾਲ ਦੌਰਾਨ ਹੋਈਆਂ ਬੇਅਦਬੀ ਦੀਆਂ ਸਾਰੀਆਂ ਘਟਨਾਵਾਂ  ਦੀ ਜਾਂਚ ਸੁਪਰੀਮ ਕੋਰਟ ਦੇ ਕਿਸੇ ਮੌਜੂਦਾ ਜੱਜ ਤੋਂ ਕਰਵਾਉਣ
ਵਫਦ ਨੇ ਰਾਜਪਾਲ ਨੂੰ ਬੇਨਤੀ ਕੀਤੀ ਕਿ ਉਹ ਕਾਂਗਰਸ ਸਰਕਾਰ ਨੂੰ ਹਰਿੰਦਰਪਾਲ ਮਾਨ ਖ਼ਿਲਾਫ ਅਕਾਲੀ ਵਰਕਰਾਂ ਦੇ ਕਤਲ ਲਈ ਉਕਸਾਉਣ ਵਾਸਤੇ ਅਪਰਾਧਿਕ ਮਾਮਲਾ ਦਰਜ ਕਰਨ ਲਈ ਕਹਿਣ ਅਤੇ ਉਸ ਨੂੰ ਪੰਜਾਬੀ ਯੂਨੀਵਰਸਿਟੀ ਦੀ ਸਿੰਡੀਕੇਟ ਤੋਂ ਹਟਾਉਣ

ਚੰਡੀਗੜ•/12 ਜਨਵਰੀ: ਅਕਾਲੀ-ਭਾਜਪਾ ਦੇ ਇੱਕ ਸਾਂਝੇ ਵਫਦ ਨੇ ਅੱਜ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਕਾਂਗਰਸ ਸਰਕਾਰ ਨੂੰ 90 ਹਜ਼ਾਰ ਕਰੋੜ ਰੁਪਏ ਦੀ ਵਿਆਪਕ ਕਰਜ਼ਾ ਮੁਆਫੀ ਸਕੀਮ ਸਾਰੇ ਕਿਸਾਨਾਂ ਉੱਤੇ ਲਾਗੂ ਕਰਨ ਅਤੇ ਖੇਤ ਮਜ਼ਦੂਰਾਂ ਅਤੇ ਦਲਿਤ ਭਾਈਚਾਰੇ ਦੇ ਵੀ ਕਰਜ਼ੇ ਮੁਆਫ ਵਾਸਤੇ ਨਿਰਦੇਸ਼ ਦੇਣ। ਵਫਦ ਨੇ ਰਾਜਪਾਲ ਨੂੰ ਇਹ ਵੀ ਬੇਨਤੀ ਕੀਤੀ ਕਿ ਉਹ ਸੂਬਾ ਸਰਕਾਰ ਨੂੰ ਅਕਾਲੀ-ਭਾਜਪਾ ਕਾਰਜਕਾਲ ਅਤੇ ਕਾਂਗਰਸ ਸਰਕਾਰ ਦੇ ਮੌਜੂਦਾ ਕਾਰਜਕਾਲ ਦੌਰਾਨ ਹੋਏ ਸਾਰੇ ਬੇਅਦਬੀ ਕੇਸਾਂ ਦੀ ਜਾਂਚ ਸੁਪਰੀਮ ਕੋਰਟ ਦੇ ਕਿਸੇ ਮੌਜੂਦਾ ਜੱਜ ਤੋਂ ਕਰਵਾਉਣ ਲਈ ਕਹਿਣ। ਵਫਦ ਨੇ ਰਾਜਪਾਲ ਨੂੰ ਇਹ ਵੀ ਕਿਹਾ ਕਿ ਉਹ ਸਰਕਾਰ ਨੂੰ ਸਨੌਰ ਦੇ ਆਗੂ ਹਰਿੰਦਰਪਾਲ ਮਾਨ ਖਿਲਾਫ ਕਾਂਗਰਸੀ ਵਰਕਰਾਂ ਨੂੰ ਅਕਾਲੀ ਵਰਕਰਾਂ ਦੇ ਕਤਲ ਲਈ ਉਕਸਾਉਣ ਵਾਸਤੇ ਅਪਰਾਧਿਕ ਮਾਮਲਾ ਦਰਜ ਕਰਨ ਲਈ ਕਹਿਣ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਵਿਜੈ ਸਾਂਪਲਾ ਦੀ ਅਗਵਾਈ ਵਿਚ ਗਏ ਵਫ਼ਦ ਨੇ ਰਾਜਪਾਲ ਨੂੰ ਜਾਣੂ ਕਰਵਾਇਆ ਕਿ ਕਿਸ ਤਰੀਕੇ ਨਾਲ ਕਾਂਗਰਸ ਸਰਕਾਰ ਨੇ ਆਪਣਾ ਮੁਕੰਮਲ ਕਰਜ਼ਾ ਮੁਆਫੀ ਦਾ ਵਾਅਦਾ ਪੂਰਾ ਕਰਨ ਤੋਂ ਜੁਆਬ ਦੇ ਕੇ ਕਿਸਾਨਾਂ ਕੋਲ ਝੂਠ ਬੋਲਿਆ, ਉਹਨਾਂ ਨੂੰ ਧੋਖਾ ਦਿੱਤਾ ਅਤੇ ਉਹਨਾਂ ਨਾਲ ਵਿਸ਼ਵਾਸ਼ਘਾਤ ਕੀਤਾ। ਵਫਦ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵਾਅਦਾ ਸ੍ਰੀ ਬਦਨੌਰ ਦੇ ਧਿਆਨ ਵਿਚ ਲਿਆਂਦਾ ਕਿ ਬੈਂਕਾਂ ਅਤੇ ਆੜ•ਤੀਆਂ ਕੋਲੋਂ ਲਏ ਸਾਰੇ ਕਰਜ਼ੇ ਮੁਆਫ ਕਰ ਦਿੱਤੇ ਜਾਣਗੇ। ਵਫਦ ਨੇ ਇਸ ਦੀ ਵੀਡਿਓ ਰਿਕਾਰਡਿੰਗ ਵੀ ਰਾਜਪਾਲ ਨੂੰ ਸੌਂਪੀ। ਵਫਦ ਨੇ ਕਿਹਾ ਕਿ ਮੁਕੰਮਲ ਕਰਜ਼ਾ ਮੁਆਫੀ ਤੋਂ ਇਲਾਵਾ ਰਾਜਪਾਲ ਵੱਲੋਂ ਕਾਂਗਰਸ ਸਰਕਾਰ ਨੂੰ ਖੇਤ ਮਜ਼ਦੂਰਾਂ ਅਤੇ ਦਲਿਤਾਂ ਦੇ ਸਾਰੇ ਕਰਜ਼ੇ ਮੁਆਫ ਕਰਨ ਦਾ ਵੀ ਹੁਕਮ ਦਿੱਤਾ ਜਾਣਾ ਚਾਹੀਦਾ ਹੈ।

ਕਾਂਗਰਸ ਵੱਲੋਂ ਸ਼ੁਰੂ ਕੀਤੀ ਫਸਲਾ ਕਰਜ਼ਾ ਸਕੀਮ ਦਾ ਪਰਦਾਫਾਸ਼ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਵਿਧਾਨ ਸਭਾ ਵਿਚ ਕੈਬਨਿਟ ਵੱਲੋਂ ਇਹ ਫੈਸਲਾ ਲਏ ਜਾਣ ਅਤੇ ਮੁੱਖ ਮੰਤਰੀ ਵੱਲੋਂ ਭਰੋਸਾ ਦਿੱਤੇ ਜਾਣ ਕਿ ਸਾਰੇ ਕਰਜ਼ੇ ਮੁਆਫ ਕੀਤੇ ਜਾਣਗੇ, ਦੇ ਬਾਵਜੂਦ ਕਰਜ਼ਦਾਰ ਕਿਸਾਨਾਂ ਦੇ ਕੁੱਝ ਫੀਸਦ ਹਿੱਸੇ ਦਾ ਕਰਜ਼ਾ ਮੁਆਫ ਕਰਨ ਬਾਰੇ ਹੀ ਸੋਚਿਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਜਿਹਨਾਂ ਛੋਟੇ ਕਿਸਾਨਾਂ ਦੀ ਕਰਜ਼ੇ ਦੀ ਰਾਸ਼ੀ 2 ਲੱਖ ਰੁਪਏ ਤੋਂ ਵੱਧ ਹੈ, ਉਹਨਾਂ ਨੂੰ ਇਸ ਸਕੀਮ ਦੇ ਘੇਰੇ ਵਿਚੋਂ ਬਾਹਰ ਕੱਢ ਦਿੱਤਾ ਹੈ। ਇੱਥੋਂ ਤਕ ਕਿ ਢਾਈ ਏਕੜ ਜ਼ਮੀਨ ਵਾਲੇ ਸੀਮਾਂਤ ਕਿਸਾਨਾਂ ਨੂੰ ਵੀ ਸਕੀਮ ਤੋਂ ਬਾਹਰ ਰੱਖਿਆ ਗਿਆ ਹੈ।

ਅਕਾਲੀ ਦਲ ਦੇ ਸਾਂਸਦਾਂ ਸੁਖਦੇਵ ਸਿੰਘ ਢੀਂਡਸਾ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਸਮੇਤ ਵਫਦ ਦੇ ਮੈਂਬਰਾਂ ਨੇ ਕਿਹਾ ਕਿ ਮੋਜੂਦਾ ਕਰਜ਼ਾ ਮੁਆਫੀ ਸਕੀਮ ਨੁਕਸਦਾਰ ਹੋਣ ਕਰਕੇ ਕਿਸਾਨ ਖੁਦਕੁਸ਼ੀਆਂ, ਜਿਹੜੀਆਂ ਕਿ 350 ਦਾ ਅੰਕੜਾ ਛੂਹ ਚੁੱਕੀਆਂ ਹਨ, ਹਰ ਰੋਜ਼ ਵਧ ਰਹੀਆਂ ਹਨ।

ਇਸੇ ਦੌਰਾਨ ਇੱਕ ਵੱਖਰੇ ਮੈਮੋਰੰਡਮ ਰਾਂਹੀ ਅਕਾਲੀ-ਭਾਜਪਾ ਵਫਦ ਨੇ ਰਾਜਪਾਲ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਕਾਂਗਰਸ ਸਰਕਾਰ ਨੂੰ ਕਹਿਣ ਕਿ ਉਹ ਸੁਪਰੀਮ ਕੋਰਟ ਦੇ ਕਿਸੇ ਮੌਜੂਦਾ ਜੱਜ ਦੀ ਅਗਵਾਈ ਵਿਚ ਇੱਕ ਜਾਂਚ ਕਮਿਸ਼ਨ ਬਣਾਵੇ, ਜਿਹੜਾ ਕਿ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਮੌਜੂਦਾ ਸਰਕਾਰ ਦੌਰਾਨ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਸਾਰੀਆਂ ਘਟਨਾਵਾਂ ਦੀ ਜਾਂਚ ਕਰੇ। ਮੈਮੋਰੰਡਮ ਵਿਚ ਕਿਹਾ ਗਿਆ ਕਿ ਮੌਜੂਦਾ ਸਮੇਂ ਇਹ ਜਾਂਚ ਖਾਸ ਤੌਰ ਤੇ ਚੁਣੇ ਗਏ ਇੱਕ ਸਾਬਕਾ ਜੱਜ ਜਸਟਿਸ (ਸੇਵਾਮੁਕਤ)ਰਣਜੀਤ ਸਿੰਘ ਦੁਆਰਾ ਕੀਤੀ ਜਾ ਰਹੀ ਹੈ, ਜਿਹਨਾਂ ਨੇ ਹਮੇਸ਼ਾਂ ਹੀ ਕਾਂਗਰਸ ਪਾਰਟੀ ਦੇ ਹਿੱਤਾਂ ਲਈ ਕੰਮ ਕੀਤਾ ਹੈ ਅਤੇ ਅਕਾਲੀ ਦਲ ਨਾਲ ਹਮੇਸ਼ਾ ਵਿਤਕਰਾ ਕੀਤਾ ਹੈ। ਮੈਮੋਰੰਡਮ ਵਿਚ ਕਿਹਾ ਗਿਆ ਕਿ ਕਮਿਸ਼ਨ ਅਤੇ ਸਰਕਾਰ ਵਿਚਕਾਰ ਅਜਿਹੀ ਮਿਲੀਭੁਗਤ ਹੈ ਕਿ ਕਮਿਸ਼ਨ ਵੱਲੋਂ ਆਪਣੀ ਰਿਪੋਰਟ ਸੌਂਪੇ ਜਾਣ ਤੋਂ ਪਹਿਲਾਂ ਹੀ ਮੁੱਖ ਮੰਤਰੀ ਅਤੇ ਪੀਸੀਸੀ ਮੁਖੀ ਸੁਨੀਲ ਜਾਖੜ ਨੇ ਇਸ ਰਿਪੋਰਟ ਵਿਚਲੀਆਂ ਗੱਲਾਂ ਨੂੰ ਬੁੱਝ ਲਿਆ ਹੈ। ਇਸ ਤੋਂ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਨੂੰ ਕਾਂਗਰਸ ਸਰਕਾਰ ਨੇ ਅਧਿਕਾਰ ਦੇ ਰੱਖਿਆ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਅਤੇ ਇਸ ਨੂੰ ਬੇਅਦਬੀ ਦੇ ਕੇਸਾਂ ਵਿਚ ਝੂਠਾ ਫਸਾਉਣ।

ਵਫਦ ਨੇ ਕਿਹਾ ਕਿ ਅਕਾਲੀ-ਭਾਜਪਾ ਕਾਰਜਕਾਲ ਦੌਰਾਨ ਦਰਜ ਕੀਤੇ ਕਥਿਤ ਝੂਠੇ ਕੇਸਾਂ ਦੀਆਂ ਘਟਨਾਵਾਂ ਦੀ ਜਾਂਚ ਇੱਕ ਮੰਨੇ-ਪ੍ਰਮੰਨੇ ਕਾਂਗਰਸੀ ਜੱਜ ਜਸਟਿਸ (ਸੇਵਾਮੁਕਤ) ਮਹਿਤਾਬ ਸਿੰਘ ਗਿੱਲ ਵੱਲੋਂ ਕੀਤੀ ਜਾ ਰਹੀ ਹੈ, ਜਿਹਨਾਂ ਨੇ ਫਰਵਰੀ 2013 ਦੀ ਜ਼ਿਮਨੀ ਚੋਣ ਦੌਰਾਨ ਕਾਂਗਰਸ ਪਾਰਟੀ ਨੂੰ ਆਪਣਾ ਘਰ ਵੀ ਕਿਰਾਏ ਉੱਤੇ ਦਿੱਤਾ ਸੀ। ਇਹ ਜਾਂਚ ਵੀ ਸੁਪਰੀਮ ਕੋਰਟ ਦੇ ਕਿਸੇ ਮੌਜੂਦਾ ਜੱਜ ਨੂੰ ਸੌਂਪੀ ਜਾਣੀ ਚਾਹੀਦੀ ਹੈ।

ਵਫਦ ਦੇ ਮੈਂਬਰਾਂ ਨੇ ਰਾਜਪਾਲ ਨੂੰ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਉਹ ਪੰਜਾਬ ਸਰਕਾਰ ਨੂੰ ਸਨੌਰ ਦੇ ਕਾਂਗਰਸੀ ਆਗੂ ਹਰਿੰਦਰਪਾਲ ਸਿੰਘ ਮਾਨ ਖਿਲਾਫ ਇੱਕ ਅਪਰਾਧਿਕ ਮਾਮਲਾ ਦਰਜ ਕਰਨ ਲਈ ਕਹਿਣ ਅਤੇ ਉਸ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਿੰਡੀਕੇਟ ਵਿੱਚੋਂ ਬਤੌਰ ਮੈਂਬਰ ਵਾਪਸ ਬੁਲਾਉਣ। ਵਫਦ ਨੇ ਕਿਹਾ ਕਿ ਮਾਨ ਨੇ ਕਾਂਗਰਸੀ ਵਰਕਰਾਂ ਨੂੰ ਇੱਕ ਜਨਤਕ ਰੈਲੀ ਦੌਰਾਨ ਇਹ ਕਹਿੰਦਿਆਂ ਅਕਾਲੀ ਵਰਕਰਾਂ ਦਾ ਕਤਲ ਕਰਨ ਲਈ ਉਕਸਾਇਆ ਸੀ ਕਿ ਉਹ ਇਸ ਕੰਮ ਵਾਸਤੇ ਕਿਰਪਾਨਾਂ ਦੇਵੇਗਾ। ਵਫਦ ਨੇ ਕਿਹਾ ਕਿ ਅਜਿਹੇ ਵਿਅਕਤੀ ਨੂੰ ਪੰਜਾਬੀ ਯੂਨੀਵਰਸਿਟੀ ਵਿਚ ਇੱਕ ਜ਼ਿੰਮੇਵਾਰ ਅਹੁਦਾ ਨਹੀਂ ਦਿੱਤਾ ਜਾ ਸਕਦਾ ਅਤੇ ਉਸ ਨੂੰ ਤੁਰੰਤ ਇਸ ਅਹੁਦੇ ਤੋਂ ਹਟਾਇਆ ਜਾਵੇ।
ਵਫਦ ਦੇ ਮੈਂਬਰਾਂ ਵਿਚ ਚਰਨਜੀਤ ਸਿੰਘ ਅਟਵਾਲ, ਤੋਤਾ ਸਿੰਘ, ਅਜੀਤ ਸਿੰਘ ਕੋਹਾੜ, ਸੇਵਾ ਸਿੰਘ ਸੇਖਵਾਂ, ਡਾਕਟਰ ਉਪਿੰਦਰਜੀਤ ਕੌਰ, ਗੁਲਜ਼ਾਰ ਸਿੰਘ ਰਣੀਕੇ, ਜਨਮੇਜਾ ਸਿੰਘ ਸੇਂਖੋ, ਬਿਕਰਮ ਸਿੰਘ ਮਜੀਠੀਆ, ਡਾਕਟਰ ਦਲਜੀਤ ਸਿੰਘ ਚੀਮਾ, ਹਰੀ ਸਿੰਘ ਜ਼ੀਰਾ, ਸ਼ਰਨਜੀਤ ਸਿੰਘ ਢਿੱਲੋਂ, ਸੁਰਜੀਤ ਸਿੰਘ ਰੱਖੜਾ,ਅਵਿਨਾਸ਼ ਖੰਨਾ, ਮਦਨ ਮੋਹਨ ਮਿੱਤਲ, ਮਨੋਰੰਜਨ ਕਾਲੀਆ, ਅਸ਼ਵਨੀ ਸ਼ਰਮਾ, ਕਮਲ ਸ਼ਰਮਾ, ਹਰਜੀਤ ਸਿੰਘ ਗਰੇਵਾਲ, ਦਿਨੇਸ਼ ਸ਼ਰਮਾ, ਕੇਵਲ ਕੁਮਾਰ, ਜੀਵਨ ਗੁਪਤਾ ਵਿਨੀਤ ਜੋਸ਼ੀ ਅਤੇ ਚਰਨਜੀਤ ਸਿੰਘ ਬਰਾੜ ਸ਼ਾਮਿਲ ਸਨ।

Leave a Reply