ਅਕਤੂਬਰ ‘ਚ ਝੋਨੇ ਦੀ ਖਰੀਦ ਵਾਸਤੇ ਪੰਜਾਬ  ਲਈ ਕੇਂਦਰ ਵੱਲੋਂ 29695.40 ਕਰੋੜ ਰੁਪਏ ਦੇ ਨਗਦ ਹੱਦ ਕਰਜ਼ੇ ਦੀ ਪ੍ਰਵਾਨਗੀ

Punjab
By Admin

ਬਕਾਇਆ 10604.60 ਕਰੋੜ ਰੁਪਏ ਅਗਲੇ ਮਹੀਨੇ ਜਾਰੀ ਕੀਤੇ ਜਾਣਗੇ
ਮੁੱਖ ਮੰਤਰੀ ਵੱਲੋਂ ਝੋਨੇ ਦੀ ਸਮੇਂ ਸਿਰ ਖਰੀਦ ਅਤੇ ਭੁਗਤਾਨ ਦੇ ਨਿਰਦੇਸ਼
ਚੰਡੀਗੜ•, 9 ਅਕਤੂਬਰ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿੱਜੀ ਦਖਲ ਤੋਂ ਬਾਅਦ ਕੇਂਦਰ ਨੇ 2018-19 ਦੇ ਮੰਡੀ ਸੀਜ਼ਨ ਵਾਸਤੇ ਸੂਬੇ ਨੂੰ ਝੋਨੇ ਦੀ ਖਰੀਦ ਲਈ ਲੋੜੀਂਦੇ 40300 ਕਰੋੜ ਰੁਪਏ ਵਿੱਚੋਂ 29695.40 ਕਰੋੜ ਰੁਪਏ ਦੇ ਨਗਦ ਹੱਦ ਕਰਜ਼ੇ (ਸੀ.ਸੀ.ਐਲ) ਦੀ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇੱਥੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਅਕਤੂਬਰ ਤੱਕ ਝੋਨੇ ਦੀ ਖਰੀਦ ਵਾਸਤੇ ਆਰ.ਬੀ.ਆਈ ਵੱਲੋਂ ਇਹ ਰਾਸ਼ੀ ਜਾਰੀ ਕੀਤੀ ਗਈ ਹੈ। 10604.60 ਕਰੋੜ ਰੁਪਏ ਦੀ ਬਕਾਇਆ ਕਿਸ਼ਤ ਬਾਅਦ ਵਿੱਚ ਜਾਰੀ ਕੀਤੀ ਜਾਵੇਗੀ।

ਗੌਰਤਲਬ ਹੈ ਕਿ ਮੁੱਖ ਮੰਤਰੀ ਨੇ ਸੀ.ਸੀ.ਐਲ ਜਲਦੀ ਤੋਂ ਜਲਦੀ ਜਾਰੀ ਕਰਨ ਵਾਸਤੇ ਲਗਾਤਾਰ ਇਸ ਮੁੱਦੇ ਨੂੰ ਉਠਾਇਆ ਹੈ ਤਾਂ ਜੋ ਝੋਨੇ ਦੀ ਖਰੀਦ ਵਾਸਤੇ ਕਿਸਾਨਾਂ ਨੂੰ ਸਮੇਂ ਸਿਰ ਭੁਗਤਾਨ ਨੂੰ ਯਕੀਨੀ ਬਣਾਇਆ ਜਾ ਸਕੇ।
ਇਸੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੀਆਂ ਸਾਰੀਆਂ ਖਰੀਦ ਏਜੰਸੀਆਂ ਨੂੰ ਝੋਨੇ ਦੀ ਚੁਕਾਈ ਨੂੰ ਯਕੀਨੀ ਬਣਾਉਣ ਅਤੇ ਕਿਸਾਨਾਂ ਨੂੰ ਸਮੇਂ ਸਿਰ ਭੁਗਤਾਨ ਕਰਨ ਵਾਸਤੇ ਤੁਰੰਤ ਕਦਮ ਚੁਕਣ ਦੇ ਨਿਰਦੇਸ਼ ਦਿੱਤੇ ਹਨ। ਉਨ•ਾਂ ਨੇ ਦੁਹਰਾਇਆ ਕਿ ਉਨ•ਾਂ ਦੀ ਸਰਕਾਰ ਸੂਬੇ ਭਰ ਦੀਆਂ ਮੰਡੀਆਂ ਵਿਚੋਂ ਬਿਨਾ ਅੜਚਨ ਖਰੀਦ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।
ਸੂਬਾ ਸਰਕਾਰ ਨੇ ਇਸ ਸਾਲ ਮੰਡੀਆਂ ਵਿੱਚ ਆਉਣ ਵਾਲੇ ਅੰਦਾਜਨ 200 ਲੱਖ ਮੀਟਰਕ ਟਨ ਝੋਨੇ ਦੀ ਖਰੀਦ ਵਾਸਤੇ ਪਹਿਲਾਂ ਹੀ ਵਿਸ਼ਾਲ ਪ੍ਰਬੰਧ ਕੀਤੇ ਹੋਏ ਹਨ। ਮੁੱਖ ਮੰਤਰੀ ਨੇ ਕਿਸਾਨਾਂ ਦਾ ਇੱਕ-ਇੱਕ ਦਾਣਾ ਚੁੱਕਣ ਵਾਸਤੇ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ। ਉਨ•ਾਂ ਨੇ ਨਿਰਧਾਰਿਤ ਨਿਯਮਾਂ ਦੇ ਅਨੁਸਾਰ ਸਮੇਂ ਸਿਰ ਭੁਗਤਾਨ ਲਈ ਵੀ ਨਿਰਦੇਸ਼ ਜਾਰੀ ਕੀਤੇ ਹਨ।
ਸਾਉਣੀ 2017-18 ਦੌਰਾਨ ਕੁੱਲ 179.34 ਲੱਖ ਮੀਟਰਕ ਟਨ ਝੋਨਾ ਖਰੀਦਿਆ ਗਿਆ ਸੀ। ਇਸ ਵਿਚੋਂ ਸਰਕਾਰੀ ਏਜੰਸੀਆਂ ਵੱਲੋਂ 176.61 ਲੱਖ ਮੀਟਰਕ ਟਨ ਜਦਕਿ ਵਪਾਰੀਆਂ/ਮਿਲਰਾਂ ਵੱਲੋਂ 2.73 ਲੱਖ ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਗਈ ਸੀ। ਮੌਜੂਦਾ ਸਾਉਣੀ 2018-19 ਦੌਰਾਨ ਸੂਬਾ ਏਜੰਸੀਆਂ ਵੱਲੋਂ 190 ਲੱਖ ਮੀਟਰ ਟਨ ਅਤੇ ਐਫ.ਸੀ.ਆਈ ਵੱਲੋਂ 10 ਲੱਖ ਮੀਟਰਕ ਟਨ ਝੋਨਾ ਖਰੀਦਿਆ ਜਾਵੇਗਾ।

Leave a Reply